3ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਅੰਮ੍ਰਿਤਸਰ ‘ਚ ਹੋਈ ਹਾਰ ਦਾ ਜ਼ਖਮ ਹਾਲੇ ਤੱਕ ਪਾਲੇ ਬੈਠੇ ਹਨ ਤੇ ਇਸੇ ਕਾਰਨ ਉਹ ਇਨਕਮ ਟੈਕਸ ਵਿਭਾਗ ਤੇ ਇਨਫੋਰਸਮੇਂਟ ਡਾਇਰੈਕਟੋਰੇਟ ਵਰਗੇ ਵਿਭਾਗਾਂ ਦਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੰਮਨ ਜ਼ਾਰੀ ਕਰਨ ਲਈ ਇਸਤੇਮਾਲ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਵਿੱਤ ਮੰਤਰੀ ਨੂੰ ਕਿਹਾ ਕਿ ਸਿਆਸੀ ਲੜਾਈ ਨੂੰ ਸਿਆਸੀ ਲੜਾਈ ਦੇ ਮੈਦਾਨ ਤੱਕ ਰੱਖਿਆ ਜਾਣਾ ਚਾਹੀਦਾ ਹੈ, ਨਾ ਕਿ ਸਿਆਸੀ ਹਾਰ ਦਾ ਬਦਲਾ ਲੈਣ ਲਈ ਚਲਾਕੀਆਂ ਦਾ ਸਹਾਰਾ ਲੈਣਾ ਚਾਹੀਦਾ ਹੈ। ਕਿਉਂ ਤੁਸੀਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੇ ਹੋ? ਕੈਪਟਨ ਅਮਰਿੰਦਰ ਵੱਲੋਂ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਈ.ਡੀ. ਵੱਲੋਂ ਸੰਮਨ ਭੇਜਣ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਹਰ ਵਾਰ ਇਹ ਆਪਣੀ ਹਾਰ ਨੂੰ ਯਾਦ ਕਰਦੇ ਹਨ ਤੇ ਇਨਕਮ ਟੈਕਸ ਵਿਭਾਗ ਜਾਂ ਈ.ਡੀ ਵਰਗੀਆਂ ਏਜੰਸੀਆਂ ਨੂੰ ਉਨ੍ਹਾਂ ਦੇ ਕਿਸੇ ਨਾ ਕਿਸੇ ਪਰਿਵਾਰਕ ਮੈਂਬਰ ਨੂੰ ਸੰਮਨ ਜ਼ਾਰੀ ਕਰਨ ਲਈ ਇਸਤੇਮਾਲ ਕਰਦੇ ਹਨ।
ਕੈਪਟਨ ਅਮਰਿੰਦਰ ਨੇ ਜੇਤਲੀ ਵੱਲੋਂ ਸੰਮਨ ਭੇਜਣ ‘ਤੇ ਕਿਹਾ ਕਿ ਸਾਨੂੰ ਇਸਦੀ ਪ੍ਰਵਾਹ ਨਹੀਂ ਹੈ, ਕਿਉਂਕਿ ਇਹ ਜਿਸ ਹੱਦ ਤੱਕ ਵੀ ਚਲੇ ਜਾਣ ਅਸੀ ਸਾਫ ਪਾਕਿ ਬਾਹਰ ਨਿਕਲ ਆਵਾਂਗੇ, ਲੇਕਿਨ ਅਸਲਿਅਤ ‘ਚ ਇਹ ਇਕ ਛੋਟੇ ਆਦਮੀ ਦੀ ਛੋਟੀ ਸੋਚ ਨੂੰ ਦਰਸਾਉਂਦਾ ਹੈ, ਜਿਹੜਾ ਛੋਟੀਆਂ ਚੀਜ਼ਾਂ ਵਾਸਤੇ ਇੰਨਾ ਨੀਚੇ ਡਿੱਗ ਸਕਦਾ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਲੁਧਿਆਣਾ ਦੀ ਇਕ ਅਦਾਲਤ ‘ਚ ਉਨ੍ਹਾਂ ਦੇ ਬੇਟੇ ਖਿਲਾਫ ਸ਼ਿਕਾਇਤ ਦਿੱਤੀ। ਇਹ ਚੋਣਾਂ ਤੋਂ ਪਹਿਲਾਂ ਸਮੇਂ ਸਮੇਂ ਸਿਰ ਜਾਣਬੁਝ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੇਕਿਨ ਨਾ ਸਿਰਫ ਕਾਨੂੰਨ ਦੀ ਅਦਾਲਤ ‘ਚ ਇਹ ਸ਼ਿਕਾਇਤਾਂ ਮੂੰਹ ਦੇ ਭਾਰ ਡਿੱਗ ਪੈਣਗੀਆਂ, ਬਲਕਿ ਪੰਜਾਬੀਆਂ ਵੱਲੋਂ ਵਿਧਾਨ ਸਭਾ ਚੋਣਾਂ ‘ਚ ਵੀ ਇਨ੍ਹਾਂ ਨੂੰ ਨਕਾਰ ਦਿੱਤਾ ਜਾਵੇਗਾ, ਜਿਵੇਂ ਉਨ੍ਹਾਂ ਨੇ ਅੰਮ੍ਰਿਤਸਰ ‘ਚ ਨਕਾਰਿਆ ਸੀ, ਜਦੋਂ ਨਰਿੰਦਰ ਮੋਦੀ ਤੇ ਸੁਭਰਾਮਨਿਅਮ ਸੁਆਮੀ ਵਰਗੇ ਲੋਕਾਂ ਨੇ ਅਜਿਹੇ ਦੋਸ਼ ਲਗਾਏ ਸਨ।

LEAVE A REPLY