3ਚੰਡੀਗੜ੍ਹ  : ਕੌਮਾਂਤਰੀ ਯੋਗ ਦਿਵਸ ਮੌਕੇ 21 ਜੂਨ ਨੂੰ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਵਿੱਚ ਪੰਜਾਬ ਦੇ 10 ਹਜ਼ਾਰ ਵਾਲੰਟੀਅਰਾਂ ਦੀ ਸ਼ਮੂਲੀਅਤ ਲਈ ਸੂਬਾ ਸਰਕਾਰ ਨੇ ਲਗਪਗ ਸਮੁੱਚੀ ਯੋਜਨਾ ਤੇ ਤਿਆਰੀਆਂ ਨੂੰ ਅੰਤਮ ਰੂਪ ਦੇ ਦਿੱਤਾ ਹੈ। ਇਸ ਮੁੱਖ ਸਮਾਗਮ ਦੇ ਮੁੱਖ ਮਹਿਮਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਹੋਣਗੇ ਜਿੱਥੇ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ, ਐਨ.ਸੀ.ਸੀ. ਕੈਡਿਟ, ਨੌਜਵਾਨ, ਮਹਿਲਾਵਾਂ, ਸੀਨੀਅਰ ਨਾਗਰਿਕ ਤੇ ਹੋਰ ਵਾਲੰਟੀਅਰ ਆਪਣੀ ਹਾਜ਼ਰੀ ਭਰਨਗੇ।
ਇਸ ਬਾਰੇ ਬੀਤੀ ਸ਼ਾਮ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਅਕਾਲੀ-ਭਾਜਪਾ ਲੀਡਰਸ਼ਿਪ, ਉਚ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਕੈਪਟੀਲ ਕੰਪਲੈਕਸ ਵਿੱਚ ਹੋ ਰਹੇ ਮੁੱਖ ਸਮਾਗਮ ਵਿੱਚ ਪੰਜਾਬ ਤੋਂ ਯੋਗ ਦੀ ਸਿਖਲਾਈ ਹਾਸਲ ਕਰਨ ਵਾਲੇ ਵਾਲੰਟੀਅਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਸੂਬਾ ਆਪਣੀ ਨੁਮਾਇੰਦਗੀ ਨੂੰ ਵਿਲੱਖਣਤਾ ਨਾਲ ਪੇਸ਼ ਕਰ ਸਕੇ। ਉਨ੍ਹਾਂ ਨੇ ਮੁੱਖ ਸਕੱਤਰ ਨੂੰ ਆਖਿਆ ਕਿ ਇਸ ਮੁੱਖ ਸਮਾਗਮ ਵਿੱਚ ਪਹੁੰਚਣ ਵਾਲੇ ਕਿਸੇ ਵੀ ਵਾਲੰਟੀਅਰ ਨੂੰ ਆਵਾਜਾਈ ਦਾ ਸਾਧਨ, ਰਹਿਣ-ਸਹਿਣ ਅਤੇ ਖਾਣ-ਪੀਣ ਦੀ ਸਹੂਲਤ ਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਪ੍ਰਸ਼ਾਸਨ ਸਮਾਗਮਾਂ ਵਾਲੀ ਥਾਂ ‘ਤੇ ਮੈਡੀਕਲ ਟੀਮਾਂ ਵੀ ਤਾਇਨਾਤ ਕਰੇ ਤਾਂ ਕਿਸੇ ਵੀ ਵਾਲੰਟੀਅਰ ਨੂੰ ਲੋੜ ਪੈਣ ਦੀ ਸੂਰਤ ਵਿੱਚ ਫੌਰਨ ਸਹਾਇਤਾ ਦਿੱਤੀ ਜਾ ਸਕੇ।
ਸੂਬਾ ਸਰਕਾਰ ਵੱਲੋਂ ਕੀਤੀ ਤਿਆਰੀ ਬਾਰੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਦੱਸਿਆ ਕਿ ਕੌਮਾਂਤਰੀ ਯੋਗ ਦਿਵਸ ਮੌਕੇ ਹੋ ਰਹੇ ਮੁੱਖ ਸਮਾਗਮ ਲਈ ਸਰਕਾਰੀ ਵੈਬਸਾਈਟ ਰਾਹੀਂ ਪੰਜਾਬ ਭਰ ਤੋਂ 23146 ਵਾਲੰਟੀਅਰ ਆਪਣੀ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ ਜਿਨ੍ਹਾਂ ਵਿੱਚੋਂ 10,000 ਵਾਲੰਟੀਅਰ ਮੁੱਖ ਸਮਾਗਮ ਵਿਚ ਸ਼ਾਮਲ ਹੋਣਗੇ ਜਦਕਿ ਬਾਕੀ ਵਾਲੰਟੀਅਰ ਜ਼ਿਲ੍ਹਾ ਤੇ ਬਲਾਕ ਪੱਧਰ ‘ਤੇ ਹੋ ਰਹੇ ਸਮਾਗਮਾਂ ਵਿੱਚ ਪਹੁੰਚਣਗੇ। ਉਨ੍ਹਾਂ ਕਿਹਾ ਕਿ ਮੁੱਖ ਸਮਾਗਮ ਲਈ ਵਧੇਰੇ ਹਾਜ਼ਰੀ ਨੇੜਲੇ ਪੰਜ ਜ਼ਿਲ੍ਹਿਆਂ ਮੁਹਾਲੀ, ਫਤਹਿਗੜ੍ਹ ਸਾਹਿਬ, ਪਟਿਆਲਾ, ਨਵਾਂਸ਼ਹਿਰ ਅਤੇ ਰੂਪਨਗਰ ਤੋਂ ਹੋਵੇਗੀ ਅਤੇ ਦੂਰ ਦੇ ਜ਼ਿਲ੍ਹਿਆਂ ਦੇ ਆਉਣ ਵਾਲੇ ਵਾਲੰਟੀਅਰਾਂ ਲਈ ਰਹਿਣ ਦਾ ਬੰਦੋਬਸਤ ਮੁਹਾਲੀ ਵਿਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਸਮਗਾਮ ਵਿੱਚ ਸ਼ਾਮਲ ਹੋ ਰਹੇ 10,000 ਵਾਲੰਟੀਅਰਾਂ ਨੂੰ ਗਰੁੱਪਾਂ ਵਿੱਚ ਵੰਡ ਦਿੱਤਾ ਗਿਆ ਹੈ ਅਤੇ ਹਰੇਕ ਗਰੁੱਪ ਵਿੱਚ 50 ਵਾਲੰਟੀਅਰ ਹੋਣਗੇ ਜਿਨ੍ਹਾਂ ਦਾ ਇਕ ਗਰੁੱਪ ਲੀਡਰ ਹੋਵੇਗਾ। ਇਸ ਨਾਲ 200 ਗਰੁੱਪ ਲੀਡਰ ਚੁਣੇ ਗਏ ਹਨ ਜਿਨ੍ਹਾਂ ਨੂੰ 13 ਜੂਨ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ ਜਿੱਥੇ ਉਨ੍ਹਾਂ ਨੂੰ ਸਮਾਗਮ ਦੇ ਵੇਰਵੇ ਵਿਸਾਥਰ ਵਿੱਚ ਦੱਸੇ ਜਾਣਗੇ। ਇਸ ਉਪਰੰਤ 19 ਜੂਨ ਨੂੰ 10,000 ਵਾਲੰਟੀਅਰਾਂ ਦੀ ਫੁੱਲ ਡਰੈਸ ਰਿਹਰਸਲ ਚੰਡੀਗੜ੍ਹ ਵਿਖੇ ਹੋਵੇਗੀ। ਹਰੇਕ ਵਾਲੰਟੀਅਰ ਨੂੰ ਬਕਾਇਦਾ ਸ਼ਨਾਖਤੀ ਕਾਰਡ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਉਸ ਦੀ ਸ਼ਨਾਖਤ ਦੇ ਨਾਲ-ਨਾਲ ਯੋਗ ਕੈਂਪ ਵਿੱਚ ਜਗ੍ਹਾ ਦਾ ਵੇਰਵਾ ਵੀ ਦਰਜ ਹੋਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ 21 ਜੂਨ ਨੂੰ ਜ਼ਿਲ੍ਹਾ ਤੇ ਬਲਾਕ ਪੱਧਰ ‘ਤੇ ਕੀਤੇ ਜਾ ਰਹੇ ਸਮਾਗਮਾਂ ਬਾਰੇ ਵੀ ਜਾਣੂੰ ਕਰਵਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਪਤੰਲਜਲੀ ਤੇ ਆਯੂਸ਼ ਵਿਭਾਗ ਦੇ ਯੋਗ ਮਾਹਿਰ ਸੂਬਾ ਭਰ ਵਿੱਚ ਸਿਖਲਾਈ ਮੁਹੱਈਆ ਕਰਵਾ ਰਹੇ ਹਨ ਅਤੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਯੋਗ ਆਸਣਾਂ ਬਾਰੇ ਸੀਡੀਜ਼ ਤੇ ਹੋਰ ਸਮੱਗਰੀ ਵੀ ਵੰਡੀ ਜਾ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।
ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਭਰ ਵਿੱਚੋਂ ਮੰਗਲਵਾਰ ਸ਼ਾਮ ਤੱਕ 23146 ਵਾਲੰਟੀਅਰ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਨੇੜਲੇ ਜ਼ਿਲ੍ਹਿਆਂ ਪਟਿਆਲਾ ਤੋਂ 3274, ਰੋਪੜ ਤੋਂ 2150, ਮੁਹਾਲੀ ਤੋਂ 1912, ਫਤਹਿਗੜ੍ਹ ਸਾਹਿਬ ਤੋਂ 1686 ਅਤੇ ਨਵਾਂਸ਼ਹਿਰ ਤੋਂ 1024 ਵਾਲੰਟੀਅਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸੇ ਤਰ੍ਹਾਂ ਵੱਖ-ਵੱਖ ਸਕੂਲਾਂ ਦੇ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ 3521 ਵਿਦਿਆਰਥੀ ਅਤੇ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਲਗਪਗ 1700 ਵਿਦਿਆਰਥੀ ਵੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਮੁੱਖ ਮੰਤਰੀ ਨੇ ਹੁਣ ਤੱਕ ਕੀਤੇ ਪ੍ਰਬੰਧਾਂ ‘ਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਸਕੱਤਰ ਨੂੰ ਆਖਿਆ ਕਿ ਮੁਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਲੜਕੇ ਤੇ ਲੜਕੀਆਂ ਦੇ ਵਿਸ਼ੇਸ਼ ਗਰੁੱਪਾਂ ਦੀ ਮੁੱਖ ਸਮਾਗਮ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ।
ਹੁਣ ਤੱਕ ਪੰਜਾਬ ਤੋਂ 23146 ਵਲੰਟੀਅਰ ਰਜਿਸਟਰ ਹੋ ਚੁੱਕੇ ਹਨ। ਜਿਹਨਾਂ ਵਿਚ 44 ਫੀਸਦੀ ਬੱਚੇ, 28 ਫੀਸਦੀ ਨੌਜਵਾਨ, 26 ਫੀਸਦੀ ਬਾਲਗ ਅਤੇ 2 ਫੀਸਦੀ ਸੀਨੀਅਰ ਨਾਗਰਿਕ ਸ਼ਾਮਿਲ ਹਨ।
ਇਸ ਮੌਕੇ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸ. ਸੁਰਜੀਤ ਸਿੰਘ ਰੱਖੜਾ, ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ. ਸ਼ਰਮਾ ਤੇ ਚੌਧਰੀ ਨੰਦ ਲਾਲ, ਵਿਧਾਇਕ ਜਸਟਿਸ (ਸੇਵਾ-ਮੁਕਤ) ਨਿਰਮਲ ਸਿੰਘ, ਸ੍ਰੀਮਤੀ ਹਰਪ੍ਰੀਤ ਕੌਰ ਮੁਖਮੈਲਪੁਰ ਤੇ ਸ੍ਰੀਮਤੀ ਵਰਿੰਦਰ ਕੌਰ ਲੂੰਬਾ, ਮਾਰਕਫੈਡ ਦੇ ਚੇਅਰਮੈਨ ਸ. ਜਰਨੈਲ ਸਿੰਘ ਵਾਹਦ, ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਵਡਾਲੀ, ਸ੍ਰੀਮਤੀ ਸਤਵੰਤ ਕੌਰ ਸੰਧੂ, ਰਾਜ ਕੁਮਾਰ ਖੁਰਾਣਾ ਤੋਂ ਇਲਾਵਾ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਸ੍ਰੀ ਜੀ. ਵਜਰਾਲਿੰਗਮ, ਸਿਹਤ ਸਕੱਤਰ ਸ੍ਰੀ ਹੁਸਨ ਲਾਲ ਤੇ ਵਿਸ਼ੇਸ਼ ਸਕੱਤਰ ਸਿਹਤ ਸ੍ਰੀ ਵਿਕਾਸ ਗਰਗ, ਡੀ.ਜੀ.ਐਸ.ਈ. ਸ੍ਰੀ ਬੀ.ਐਸ. ਢੋਲ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਸੇਨੂੰ ਦੁੱਗਲ ਸਮੇਤ ਮੁਹਾਲੀ, ਫਤਹਿਗੜ੍ਹ ਸਾਹਿਬ, ਪਟਿਆਲਾ, ਰੋਪੜ ਅਤੇ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲੀਸ ਮੁਖੀ ਹਾਜ਼ਰ ਸਨ।

LEAVE A REPLY