sports-news-300x150ਨਵੀਂ ਦਿੱਲੀ: ਓਲੰਪਿਕ ‘ਚ ਲਗਾਤਾਰ ਦੋ ਵਾਰ ਤਮਗਾ ਜਿੱਤਣ ਵਾਲੇ ਇੱਕਲੌਤੇ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਦੀ ਓਲੰਪਿਕ ਕੋਟਾ ਹਾਸਿਲ ਕਰ ਚੁੱਕੇ ਪਹਿਲਵਾਨ ਨਰਸਿੰਘ ਯਾਦਵ ਨਾਲ ਟ੍ਰਾਇਲ ਕਰਵਾਉਣ ਦੀ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਸੁਸ਼ੀਲ ਦਾ ਰੀਓ ਓਲੰਪਿਕ ‘ਚ ਖੇਡਣ ਦਾ ਸੁਪਨਾ ਟੁੱਟ ਗਿਆ ਹੈ।
ਦਿੱਲੀ ਹਾਈ ਕੋਰਟ ‘ਚ ਇਸ ਮਾਮਲੇ ਦੀ ਪੰਜ ਵਾਰ ਸੁਣਵਾਈ ਹੋਣ ਦੇ ਬਾਅਦ ਜੱਜ ਮਨਮੋਹਨ ਨੇ ਅੱਜ ਆਪਣਾ ਫ਼ੈਸਲਾ ਸੁਣਾਇਆ ਅਤੇ ਸੁਸ਼ੀਲ ਦੀ ਟ੍ਰਾਇਲ ਕਰਵਾਉਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਸੁਸ਼ੀਲ ਦੀ ਪਟੀਸ਼ਨ ਰੱਦ ਹੋਣ ਦੇ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਨਰਸਿੰਘ ਰੀਓ ਓਲੰਪਿਕ ‘ਚ 74 ਕਿ. ਗ੍ਰਾ. ਫ਼ਰੀ ਸਟਾਇਲ ਵਰਗ ‘ਚ ਦੇਸ਼ ਦੀ ਅਗਵਾਈ ਕਰਨਗੇ। ਹਾਈ ਕੋਰਟ ਨੇ ਆਪਣਾ ਫ਼ੈਸਲਾ ਸੁਣਾਉਦੇ ਹੋਏ ਕਿਹਾ ਕਿ ਭਾਰਤੀ ਕੁਸ਼ਤੀ ਮਹਾਸੰਘ ਨੇ ਚੋਣ ‘ਚ ਸਹੀਂ ਪ੍ਰਕਿਰਿਆ ਦਾ ਪਾਲਣ ਕੀਤਾ ਹੈ।ਅਦਾਲਤ ਨੇ ਸੁਸ਼ੀਲ ਦੀ ਪਟੀਸ਼ਨ ਰੱਦ ਕਰਦੇ ਹੋਏ ਕਿਹਾ ਕਿ ਹੁਣ ਓਲੰਪਿਕ ‘ਚ ਸਮਾਂ ਬਹੁਤ ਘੱਟ ਰਹਿ ਗਿਆ ਹੈ ਅਤੇ ਟ੍ਰਾਇਲ ਆਯੋਜਿਤ ਕਰਨ ਨਾਲ ਓਲੰਪਿਕ ਤਮਗੇ ਦੀਆਂ ਉਮੀਦਾਂ ਨੂੰ ਝਟਕਾ ਲੱਗੇਗਾ। ਇਸ ਦੇ ਇਲਾਵਾ ਟ੍ਰਾਇਲ ਦੌਰਾਨ ਪਹਿਲਵਾਨਾਂ ਨੂੰ ਸੱਟਾਂ ਲੱਗਣ ਦੀਆਂ ਸੰਭਾਵਨਾ ਵੀ ਹੈ। ਨਰਸਿੰਘ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ‘ਚ 74 ਕਿ. ਗ੍ਰਾ. ਵਰਗ ‘ਚ ਕਾਂਸੀ ਤਮਗਾ ਜਿੱਤ ਕੇ ਓਲੰਪਿਕ ਕੋਟਾ ਹਾਸਿਲ ਕੀਤਾ ਸੀ।

LEAVE A REPLY