3ਚੰਡੀਗੜ੍ਹ  : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ‘ਉੜਤਾ ਪੰਜਾਬ’ ਫਿਲਮ ਦੇ ਨਿਰਮਾਣ ਅਤੇ ਪੰਜਾਬ ਖਿਲਾਫ ਡੂੰਘੀ ਸਾਜ਼ਿਸ਼ ਰਚਣ ਵਿਚ ਆਪਣੀ ਭੂਮਿਕਾ ਨੂੰ ਸਵੀਕਾਰ ਕਰ ਲੈਣ ਕਿਉਂਕਿ ਫਿਲਮ ਦੇ ਨਿਰਮਾਤਾ ਸਮੀਰ ਨਾਇਰ ਦੇ ਪਾਰਟੀ ਵਿਚ ਸ਼ਾਮਲ ਹੋਣ ਦਾ ਟਵੀਟਰ ‘ਤੇ ਕੀਤੇ ਸਵਾਗਤ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਨਿਰਮਾਤਾ ‘ਆਪ’ ਦਾ ਸਰਗਰਮ ਆਗੂ ਹੈ। ਪਾਰਟੀ ਨੇ ਇਸ ਮਾਮਲੇ ‘ਤੇ ਚਲ ਰਹੇ ਵਿਵਾਦ ‘ਤੇ ਫਿਲਮ ਦੇ ਨਿਰਮਾਣ ਨੂੰ ਰਾਜ ਅਤੇ ਪੰਜਾਬੀਆਂ ਖਿਲਾਫ ਇਕ ਡੂੰਘੀ ਸਾਜਿਸ਼ ਵੀ ਕਰਾਰ ਦਿੱਤਾ ਹੈ।
ਇਥੇ ਪਾਰਟੀ ਦੇ ਮੁੱਖ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਜੇਕਰ ਫਿਲਮ ਰਿਲੀਜ਼ ਕਰਨ ਦੇ ਹੁਕਮ ਹੁੰਦੇ ਹਨ ਤਾਂ ਪੰਜਾਬ ਸਰਕਾਰ ਇਸ ਉਤੇ ਕੋਈ ਪਾਬੰਦੀ ਨਹੀਂ ਲਾਏਗੀ। ਇਹ ਪੰਜਾਬ ਦੇ ਲੋਕ ਫੈਸਲਾ ਕਰਨਗੇ ਕਿ ਫਿਲਮ ਪੰਜਾਬ ਦੇ ਹੱਕ ਵਿਚ ਹੈ ਕਿ ਨਹੀਂ।
ਡਾ. ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਜੋ ਹੁਣ ਤੱਕ ਉੜਤਾ ਪੰਜਾਬ ਫਿਲਮ ਦੇ ਨਿਰਮਾਤਵਾਂ ਨਾਲ ਆਪਣਾ ਕੋਈ ਵੀ ਸਬੰਧ ਨਾ ਹੋਣ ਦੀ ਦੁਹਾਈ ਪਾਉਂਦੀ ਆ ਰਹੀ ਸੀ, ਦਾ ਹੁਣ ਇਸ ਗੱਲ ਨਾਲ ਪਰਦਾਫਾਸ਼ ਹੋ ਗਿਆ ਹੈ ਕਿ ਬਾਲਾਜੀ ਫਿਲਮ ਦਾ ਸੀ.ਈ.ਓ. ਆਪ ਦੇ ਸੰਚਾਰ ਵਿੰਗ ਦਾ ਸੀਨੀਅਰ ਮੈਂਬਰ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਬਾਲਾਜੀ ਟੈਲੀਫਿਲਮ ਦੇ ਸੀ.ਈ.ਓ. ਸਮੀਰ ਨਾਇਰ ਆਪ ਦੇ ਸੰਚਾਰ ਵਿੰਗ ਦੇ ਸੀਨੀਅਰ ਮੈਂਬਰ ਹਨ ਅਤੇ ਇਸ ਖੁਲਾਸੇ ਨਾਲ ਆਪ ਦਾ ਫਿਲਮ ਨਾਲ ਸਬੰਧ ਜੱਗ ਜ਼ਾਹਰ ਹੋ ਗਿਆ ਜਦੋਂ ਕਿ ਆਪ ਹੁਣ ਤੱਕ ਇਨ੍ਹਾਂ ਸਬੰਧਾਂ ਤੋਂ ਇਨਕਾਰੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਇਹ ਸਪੱਸ਼ਟ ਸਬੂਤ ਮਿਲ ਗਿਆ ਹੈ ਕਿ ਆਪ ਦੇ ਸੀਨੀਅਰ ਮੈਂਬਰ ਦਾ ਉੜਤਾ ਪੰਜਾਬ ਫਿਲਮ ਦੇ ਨਿਰਮਾਣ ਵਿੱਚ ਅਹਿਮ ਰੋਲ ਹੈ।
ਡਾ. ਚੀਮਾ ਨੇ ‘ਆਪ’ ਨੂੰ ਇਸ ਗੱਲ ਲਈ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਇਸ ਮਾਮਲੇ ‘ਤੇ ਆਪਣਾ ਪੱਖ ਸਪੱਸ਼ਟ ਕਰੇ। ਉਨ੍ਹਾਂ ਕਿਹਾ, ”ਤੁਸੀਂ (ਆਪ) ਬੀਤੇ ਦਿਨੀਂ ਪ੍ਰੈਸ ਕਾਨਫਰੰਸ ਕਰ ਕੇ ਫਿਲਮ ਦੇ ਨਿਰਮਾਤਾਵਾਂ ਦੇ ਬੋਲਣ ਦੀ ਆਜ਼ਾਦੀ ਦੇ ਹੱਕਾਂ ਦੀ ਰਾਖੀ ਦੀ ਗੱਲ ਕੀਤੀ ਸੀ ਅਤੇ ਹੁਣ ਅਸੀਂ ਪੁੱਛਦੇ ਹਾਂ ਕਿ ਤੁਸੀਂ ਕਿਸ ਦੇ ਹੱਕਾਂ ਦੀ ਰਾਖੀ ਲਈ ਗੱਲ ਕਰ ਰਹੇ ਹੋ।” ਉਨ੍ਹਾਂ ਕਿਹਾ ਕਿ ਆਪ ਪਾਰਟੀ ਨੇ ਫਿਲਮ ਦੇ ਨਿਰਮਾਤਾ ਜਿਸ ਨਾਲ ਉਨ੍ਹਾਂ ਦਾ ਸੀ.ਈ.ਓ. ਰਾਹੀਂ ਸਿੱਧਾ ਸਬੰਧ ਹੈ, ਦਾ ਪੱਖ ਪੂਰ ਕੇ ਨੈਤਿਕ ਕਦਰ ਕੀਮਤਾਂ ਦਾ ਘਾਣ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਆਗੂ ਨੇ ਕਿਹਾ ਕਿ ਸਮੀਰ ਨਾਇਰ ਨੂੰ ਵੀ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਨੇ ਬਾਲਾਜੀ ਫਿਲਮ ਕੋਲ ਇਹ ਖੁਲਾਸਾ ਕੀਤਾ ਸੀ ਕਿ ਉਹ ਆਪ ਦਾ ਮੈਂਬਰ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਜ਼ਰੂਰੀ ਬਣਦਾ ਸੀ ਕਿ ਜੇਕਰ ਸ੍ਰੀ ਨਾਇਰ ਨੇ ਬਾਲਾਜੀ ਫਿਲਮ ਕੋਲ ਇਹ ਖੁਲਾਸਾ ਕੀਤਾ ਸੀ ਤਾਂ ਉਹ ਸਮੀਰ ਨਾਇਰ ਨੂੰ ਨਿਰਮਾਣ ਟੀਮ ਵਿੱਚੋਂ ਬਾਹਰ ਕਰ ਦਿੰਦੇ। ਡਾ.ਚੀਮਾ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਵਾਪਰਿਆ ਅਤੇ ਹੁਣ ਸ੍ਰੀ ਨਾਇਰ ਜੋ ਆਪ ਦੇ ਸੀਨੀਅਰ ਮੈਂਬਰ ਵੀ ਹਨ, ਇਹ ਵੀ ਸਪੱਸ਼ਟ ਕਰਨ ਕਿ ਉਹ ਉੜਤਾ ਪੰਜਾਬ ਦੀ ਨਿਰਮਾਣ ਟੀਮ ਦੇ ਮੈਂਬਰ ਵੀ ਬਣੇ ਰਹੇ ਅਤੇ ਇਸ ਟੀਮ ਵਿੱਚ ਸਭ ਤੋਂ ਮਹੱਤਵਪੂਰਰਨ ਪੁਜੀਸ਼ਨ ਹਾਸਲ ਕੀਤੀ।
ਆਪ ਦੇ ਆਗੂਆਂ ਨੂੰ ਪੰਜਾਬੀਆਂ ਦੀ ਬਦਨਾਮੀ ਕਰਨੀ ਬੰਦ ਕਰਨ ਲਈ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਆਪ ਦੀ ਲੀਡਰਸ਼ਿਪ ਪੰਜਾਬ ਨੂੰ ਨਸ਼ਿਆਂ ਦਾ ਘਰ ਸਾਬਤ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪ ਦਾ ਇਕ ਨੁਕਾਤੀ ਏਜੰਡਾ  ਹਰ ਪੰਜਾਬੀ ਨਸ਼ੇੜੀ ਸਾਬਤ ਕਰਨਾ ਅਤੇ ਰਾਜ ਵਿਚ ਸੱਤਾ ਹਾਸਲ ਕਰਨਾ ਹੈ।  ਉਹਨਾਂ ਕਿਹਾ ਕਿ ਰਾਜਨੀਤੀ ਦਾ ਇਹ ਤਰੀਕਾ ਬੇਹੱਦ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਫਿਲਮ  ਨੂੰ ਆਪਣਾ ਪ੍ਰਾਜੈਕਟ ਦੱਸਦਿਆਂ ਇਸ ਵਿਚ ਆਪਣੇ ਲੋਗੋ ਦੀ ਵਰਤੋਂ ਕਰੇ ਅਤੇ ਪਾਰਟੀ ਦੇ ਆਗੂਆਂ ਅਰਵਿੰਦ ਕੇਜਰੀਵਾਲ ਤੇ ਸਮੀਰ ਨਾਇਰ ਨੂੰ ਇਸਦਾ ਨਿਰਮਾਤਾ ਦਰਸਾਉਂਦੇ ਨਾਮ ਵੀ ਉਜਾਗਰ ਕਰੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਭਾਰਤੀ ਚੋਣ ਕਮਿਸ਼ਨ ਨੂੰ ਇਸ ਮਾਮਲੇ ‘ਤੇ ਸਰਬ ਪਾਰਟੀ ਮੀਟਿੰਗ ਸੱਦਣ ਦੀ ਅਪੀਲ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਭਾਵੇਂ ਚੋਣ ਜ਼ਾਬਤਾ ਲੱਗਣ ਮਗਰੋਂ ਹਰ ਤਰ੍ਹਾਂ ਦੀ ਚੋਣ ਪ੍ਰਚਾਰ ਸਮੱਗਰੀ ਦੀ ਪ੍ਰਵਾਨਗੀ ਲੈਣ ਦੀ ਯੰਤਰ ਵਿਧੀ ਪਹਿਲਾਂ ਹੀ ਮੌਜੂਦ ਹੈ ਪਰ ਇਹ ਪਹਿਲੀ ਵਾਰ ਹੈ ਕਿ  ਰਾਜ ਅਤੇ ਇਸਦੇ ਲੋਕਾਂ ਦੀ ਬਦਨਾਮੀ ਕਰਨ ਲਈ ਤਿੰਨ ਘੰਟੇ ਦੀ ਫਿਲਮ ਬਣਾਉਣ ਵਾਸਤੇ ਪ੍ਰਾਜੈਕਟ ਲਈ ਪੈਸੇ ਦਿੱਤੇ ਗਏ ਹੋਣ। ਉੋਹਨਾਂ ਕਿਹਾ ਕਿ  ਚੋਣਾਂ ਤੋਂ ਇਕ ਵਰ੍ਹੇ ਪਹਿਲਾਂ ਇਸ ਤਰੀਕੇ ਦੀ ਵਰਤੋਂ ਪਹਿਲੀ ਵਾਰ ਹੋਈ ਹੈ ਤੇ ਇਸ ਵਿਧੀ ਨੂੰ ਵੀ ਨਿਯਮਿਤ ਕਰਨ ਦੀ ਜ਼ਰੂਰਤ ਹੈ ਅਤੇ ਇਸ ਮਾਮਲੇ ‘ਤੇ ਸਰਬ ਪਾਰਟੀ ਮੀਟਿੰਗ ਸੱਦ ਕੇ  ਸਰਬਸੰਮਤੀ ਬਣਾਉਣੀ ਚਾਹੀਦੀ ਹੈ।
ਉਹਨਾਂ ਮੁੜ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ  ਦਾ ਹਮੇਸ਼ਾ ਮੁਦੱਈ ਰਿਹਾ ਹੈ ਅਤੇ ਇਸੇ ਨੇ 1975 ਵਿਚ ਐਮਰਜੰਸੀ ਦੌਰਾਨ ਇਸ ਆਜ਼ਾਦੀ ਤੇ ਮੀਡੀਆ ਦੀ ਆਜ਼ਾਦੀ ਦੇ  ਮਾਮਲੇ ‘ਤੇ ਸਭ ਤੋਂ ਪਹਿਲਾਂ ਮੋਰਚਾ ਆਰੰਭ ਕੀਤਾ ਸੀ।
ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ  ਅਮਰਿੰਦਰ ਸਿੰਘ ਵੱਲੋਂ ਫਿਲਮ ਦੀਆਂ ਸੈਂਸਰ  ਕਟੌਤੀਆਂ ਤੋਂ ਪਹਿਲਾਂ ਦੀ ਸੀ ਡੀ ਲਾਂਚ ਕਰਨ ਦੇ ਐਲਾਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਉਹਨਾਂ ਵਰਗੇ ਸੀਨੀਅਰ ਆਗੂ ਅਜਿਹੀ ਫਿਲਮ ਨੂੰ ਉਤਸ਼ਾਹਿਤ ਕਰ ਰਹੇ ਹਨ ਜਿਸ ਵਿਚ ਬਹੁਤ ਹੀ ਅਸ਼ਲੀਲ, ਸ਼ਰਮਨਾਕ ਤੇ ਗੰਦੀਆਂ ਗਾਲ੍ਹਾਂ ਵਾਲੀ ਭਾਸ਼ਾ ਵਰਤੀ ਗਈ ਹੈ। ਉਹਨਾਂ ਕਿਹਾ ਕਿ ਇਸ ਐਲਾਨ ਤੋਂ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਫਿਲਮ ਪਹਿਲਾਂ ਹੀ ਦੇਖ ਚੁੱਕੇ ਹਨ ਅਤੇ ਪੰਜਾਬੀਆਂ ਦੀ ਬਦਨਾਮੀ ਕਰਨ ਲਈ ਇਸਦੀ ਹਮਾਇਤ ਕਰ  ਰਹੇ ਹਨ।
ਡਾ.ਚੀਮਾ ਨੇ ਕਿਹਾ ਕਿ ਹਾਲ ਦੀਆਂ ਘਟਨਾਵਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਸ਼ਿਆਂ ਦੇ ਮਾਮਲੇ ‘ਤੇ ਰਾਜਨੀਤੀ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਅਤੇ ਕਾਂਗਰਸ ਵੱਲੋਂ ਪੰਜਾਬ ਦੀ 70 ਤੋਂ 78 ਫੀਸਦੀ ਤੱਕ ਵਸੋਂ ਨੂੰ ਨਸ਼ਿਆਂ ਦੀ ਆਦੀ ਕਹਿਣਾ ਸਿਰਫ ਨਿਰਾ ਝੂਠ ਹੈ ਜੋ ਸਿਰਫ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੂੰ ਬਦਨਾਮ ਕਰ ਕੇ ਸੂਬੇ ਵਿੱਚ ਸੱਤਾ ਹਾਸਲ ਕਰਨ ਲਈ ਚੱਲੀ ਜਾ ਰਹੀ ਚਾਲ ਹੈ। ਹੁਣ ਇਨ੍ਹਾਂ ਪਾਰਟੀਆਂ ਨੂੰ ਪੰਜਾਬੀਆਂ ਅੱਗੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਇਹ ਝੂਠ ਕਿਉਂ ਬੋਲ ਰਹੀਆਂ ਹਨ। ਇਕ ਸੱਚੇ ਪੰਜਾਬੀ ਹੋਣ ਦੇ ਨਾਤੇ ਮੈਂ ਇਹ ਆਸ ਕਰਦਾ ਹਾਂ ਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਇਸ ਕਾਰੇ ਲਈ ਮੁਆਫੀ ਮੰਗਣੀ ਚਾਹੀਦੀ ਹੈ ਪਰ ਇਨ੍ਹਾਂ ਪਾਰਟੀਆਂ ਤੋਂ ਇੰਨੀ ਆਸ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਦਾ ਯਕੀਨ ਸਿਰਫ ਝੂਠਾ ਤੇ ਗਲਤ ਪ੍ਰਚਾਰ ਕਰਨ ਵਿੱਚ ਹੈ। ਉਨ੍ਹਾਂ ਕਿਹਾ ਕਿ ਕੂੜ ਪ੍ਰਚਾਰ ਕਰਨ ਵਾਲੀਆਂ ਇਨ੍ਹਾਂ ਪਾਰਟੀਆਂ ਦੀਆਂ ਚਾਲਾਂ ਨੂੰ ਮਾਣਮੱਤੇ ਪੰਜਾਬੀ ਚੰਗੀ ਤਰ੍ਹਾਂ ਸਮਝ ਗਏ ਹਨ ਅਤੇ ਆਉਂਦੇ ਸਮੇਂ ਵਿੱਚ ਉਹ ਇਨ੍ਹਾਂ ਪਾਰਟੀਆਂ ਨੂੰ ਚੰਗਾ ਸਬਕ ਸਿਖਾਉਣਗੇ।
ਪ੍ਰੈਸ ਕਾਨਫਰੰਸ ਮੌਕੇ ਡਾ.ਚੀਮਾ ਦੇ ਨਾਲ ਮੁੱਖ ਮੰਤਰੀ ਦੇ ਕੌਮੀ ਤੇ ਮੀਡੀਆ ਮਾਮਲੇ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਤੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਾਕਾਰ ਸ੍ਰੀ ਜੰਗਵੀਰ ਸਿੰਘ ਵੀ ਹਾਜ਼ਰ ਸਨ।

LEAVE A REPLY