6ਨਵੀਂ ਦਿੱਲੀ :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 41 ਸਾਲਾਂ ਬਾਅਦ ਇਕ ਵਾਰ ਫਿਰ ਤੋਂ ਖਾਲਸਾਈ ਖੇਡਾਂ ਦਾ ਆਯੋਜਨ ਕੀਤਾ ਗਿਆ। ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਵਲੋਂ ਗਣਤੰਤਰਤਾ ਦਿਹਾੜੇ ਦੀ ਪਰੇਡ ਦੇ ਰੂਟ ਤੇ 1975 ‘ਚ ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਟਕਰਾਅ ਮੋਲ ਲੈਂਦਿਆਂ ਖਾਲਸਾਈ ਖੇਡਾਂ ਦਾ ਪਹਿਲੀ ਵਾਰ ਦਿੱਲੀ ‘ਚ ਆਯੌਜਨ ਕੀਤਾ ਗਿਆ ਸੀ, ਜਿਸ ਨੂੰ ਮੁੜ ਤੋਂ ਆਯੋਜਿਤ ਕਰਨ ਦਾ ਸਿਹਰਾ ਉਨ੍ਹਾਂ ਦੇ ਪੁੱਤਰ ਤੇ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਟੀਮ ਦੇ ਸਿਰ ‘ਤੇ ਸਜਿਆ। ਜਦੋਂ ਪੰਜਾਬੀ ਬਾਗ ਦੇ ‘ਲਾਲਾ ਲਾਜਪਤ ਰਾਏ ਕ੍ਰੀੜਾ ਸਥਲ’ ਪਾਰਕ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਹੋਏ ਘੁੜਸਵਾਰੀ, ਨੇਜੇਬਾਜ਼ੀ ਤੇ ਗੱਤਕਾ ਮੁਕਾਬਲਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪੰਜਾਬੀ ਗਾਇਕਾ ਸਤਵਿੰਦਰ ਕੌਰ ਬਿੱਟੀ ਨੇ ਆਪਣੀ ਮਸ਼ਹੂਰ ਧਾਰਮਿਕ ਗੀਤਾਂ ਦੀ ਐਲਬਮ ‘ਧੰਨ ਤੇਰੀ ਸਿੱਖੀ’ ਦੇ ਧਾਰਮਿਕ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਖਾਲਸਾਈ ਖੇਡਾਂ ਦੇ ਪੁਰਾਣੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਨਿਹੰਗ ਜਥੇਬੰਦੀਆਂ ਵਲੋਂ ਕੌਮ ਦੀ ਇਸ ਅਨਮੋਲ ਵਿਰਾਸਤ ਨੂੰ ਸੰਭਾਲਣ ਲਈ ਨਿਹੰਗਾਂ ਦਾ ਧੰਨਵਾਦ ਵੀ ਕੀਤਾ। ਜੀ. ਕੇ. ਨੇ ਕਿਹਾ ਕਿ ਜਿਵੇਂ ਦਿੱਲੀ ਕਮੇਟੀ ਵਲੋਂ ਲਾਲ ਕਿਲੇ ‘ਤੇ ਫ਼ਤਿਹ ਦਿਵਸ ਮਨਾਉਣ ਤੋਂ ਬਾਅਦ ਬੱਚੇ-ਬੱਚੇ ਨੂੰ ਦਿੱਲੀ ਫ਼ਤਿਹ ਦਾ ਅੱਜ ਇਤਿਹਾਸ ਪਤਾ ਹੈ, ਉਸੇ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਕੀਤੇ ਜਾ ਰਹੇ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਬੱਚਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਤੇ ਜੁਝਾਰੂ ਯੋਧੇ ਦੀ ਪਛਾਣ ਨੂੰ ਸਦੀਵੀਂ ਕਾਲ ਲਈ ਯਾਦ ਰੱਖਣ ‘ਚ ਹੁਣ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।
ਜੀ. ਕੇ. ਨੇ 12 ਜੂਨ 1960 ਨੂੰ ਪੰਜਾਬੀ ਸੂਬੇ ਦੇ ਮੋਰਚੇ ਦੇ ਸਮਰਥਨ ‘ਚ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸੰਸਦ ਭਵਨ ਤਕ ਮੋਰਚੇ ਦੇ ਉਸ ਵੇਲੇ ਦੇ ਮੁਖੀ ਜਥੇਦਾਰ ਰਛਪਾਲ ਸਿੰਘ ਵਲੋਂ ਹਜ਼ਾਰਾਂ ਸੰਗਤਾਂ ਦੇ ਨਾਲ ਕੱਢੇ ਗਏ ਰੋਸ ਮਾਰਚ ਦੀ ਅੱਜ ਬਰਸੀ ਹੋਣ ਦਾ ਵੀ ਹਵਾਲਾ ਦਿੱਤਾ। ਇਸ ਰੋਸ ਮਾਰਚ ‘ਚ ਪੁਲਸ ਵਲੋਂ ਕੀਤੀ ਗਈ ਤਸ਼ੱਦਦ ਕਾਰਨ ਸਿੱਖਾਂ ਦੀ ਹੋਈ ਸ਼ਹੀਦੀ ਦੀ ਜਾਣਕਾਰੀ ਦਿੰਦੇ ਹੋਏ ਜੀ. ਕੇ. ਨੇ ਅੱਜ ਕਮੇਟੀ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ਹੀਦਾਂ ਦੇ ਨਮਿਤ ਅਰਦਾਸ ਸਮਾਗਮ ਆਯੋਜਿਤ ਹੋਣ ਦੀ ਵੀ ਗੱਲ ਆਖੀ। ਜੀ. ਕੇ. ਨੇ ਕਿਹਾ ਕਿ ਦਿੱਲੀ ‘ਚ ਸਿੱਖਾਂ ਦੇ ਲੁਕੇ ਇਤਿਹਾਸ ਨੂੰ ਸੰਗਤਾਂ ਤਕ ਪਹੁੰਚਾਉਣ ਲਈ ਕਮੇਟੀ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ‘ਚ ਕਮੇਟੀ ਵਲੋਂ ਬਾਰਾਪੁਲਾ ਫਲਾਈਓਵਰ ਦੇ ਹੇਠਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਸਕਾਰ ਦਾ ਇਤਿਹਾਸ ਦਿੱਲੀ ਸਰਕਾਰ ਨੂੰ ਦੱਸਣ ਤੋਂ ਬਾਅਦ ਸਰਕਾਰ ਵਲੋਂ ਬਾਬਾ ਜੀ ਦੇ ਨਾਂ ‘ਤੇ ਫਲਾਈਓਵਰ ਦਾ ਨਾਂ ਰੱਖਣ ਦਾ ਜੀ. ਕੇ. ਨੇ ਸੁਆਗਤ ਕੀਤਾ।

LEAVE A REPLY