2ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਮਲ ਨਾਥ ਨੂੰ ਜਨਰਲ ਸਕੱਤਰ ਇੰਚਾਰਜ਼ ਪੰਜਾਬ ਲਗਾਏ ਜਾਣ ਸਬੰਧੀ ਪਾਰਟੀ ਦੇ ਫੈਸਲੇ ਦੀ ਆਲੋਚਨਾ ਕਰਨ ਵਾਲੇ ਸਾਬਕਾ ਕੇਂਦਰੀ ਮੰਤਰੀ ਤੇ ਦੋ ਵਾਰ ਐਮ.ਪੀ ਰਾਜ ਸਭਾ ਮਨੋਹਰ ਸਿੰਘ ਗਿੱਲ ਦੀ ਨਿੰਦਾ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਿਰਫ ਉਸ ਵਿਅਕਤੀ ਦੀ ਅਹਿਸਾਨ ਫਰਾਮੋਸ਼ੀ ਤੇ ਨਿਰਾਸ਼ਾ ਦਾ ਪਤਾ ਚੱਲਦਾ ਹੈ, ਜਿਸਨੂੰ ਪਾਰਟੀ ਵੱਲੋਂ ਕਾਂਗਰਸ ਪ੍ਰਤੀ ਕੋਈ ਯੋਗਦਾਨ ਨਾ ਹੋਣ ਦੇ ਬਾਵਜੂਦ ਦੋ ਵਾਰ ਐਮ.ਪੀ ਤੇ ਕੇਂਦਰ ‘ਚ ਕੈਬਿਨੇਟ ਮੰਤਰੀ ਬਣਾਉਣ ਤੋਂ ਬਾਅਦ ਹੁਣ ਤੀਜ਼ੀ ਵਾਰ ਰਾਜ ਸਭਾ ਲਈ ਨਾਮਾਂਕਣ ਨਹੀਂ ਕੀਤਾ ਗਿਆ ਹੈ। ਇਸ ਲੜੀ ਹੇਠ ਉਨ੍ਹਾਂ ਨੇ ਗਿੱਲ ਨੂੰ ਸਵਾਲ ਕੀਤਾ ਹੈ ਕਿ ਜੇ ਤੁਹਾਨੂੰ ਸਚਮੁੱਚ ਲੱਗਦਾ ਹੈ ਕਿ ਕਮਲ ਨਾਥ 1984 ਦੇ ਦੰਗਿਆਂ ਦੇ ਦੋਸ਼ੀ ਹਨ, ਤਾਂ ਫਿਰ ਤੁਸੀਂ ਇਨ੍ਹਾਂ ਸਾਲਾਂ ਦੌਰਾਨ ਚੁੱਪ ਕਿਉਂ ਰਹੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਗਿੱਲ 12 ਸਾਲਾਂ ਤੱਕ ਰਾਜ ਸਭਾ ਮੈਂਬਰ ਰਹੇ ਅਤੇ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੌਰਾਨ ਇਕ ਮੰਤਰੀ ਵੀ ਰਹੇ। ਇਸ ਦੌਰਾਨ ਕਮਲ ਨਾਥ ਕੈਬਿਨੇਟ ‘ਚ ਇਨ੍ਹਾਂ ਦੇ ਸਾਥੀ ਸਨ, ਲੇਕਿਨ ਉਦੋਂ ਕਦੇ ਵੀ ਇਨ੍ਹਾਂ ਨੂੰ ਨਾਥ ਨੂੰ ਲੈ ਕੇ ਪ੍ਰੇਸ਼ਾਨੀ ਨਹੀਂ ਹੋਈ।
ਉਨ੍ਹਾਂ ਨੇ ਗਿੱਲ ‘ਤੇ ਵਰ੍ਹਦਿਆਂ ਕਿਹਾ ਕਿ ਹੁਣ ਇਨ੍ਹਾਂ ਨੂੰ ਆਪਣੇ ਕੈਬਿਨੇਟ ‘ਚ ਪੁਰਾਣੇ ਸਾਥੀ ਦੀ 32 ਸਾਲ ਪਹਿਲਾਂ ਹੋਏ ਦੰਗਿਆਂ ‘ਚ ਸ਼ਮੂਲਿਅਤ ਬਾਰੇ ਯਾਦ ਆ ਗਿਆ ਹੈ, ਜਾਂ ਫਿਰ ਇਨ੍ਹਾਂ ਸਾਲਾਂ ਦੌਰਾਨ ਉਹ ਬਤੌਰ ਮੈਂਬਰ ਰਾਜ ਸਭਾ ਤੇ ਮੰਤਰੀ ਆਪਣਾ ਅਹੁਦਾ ਨਹੀਂ ਖੋਹੁਣਾ ਚਾਹੁੰਦੇ ਸਨ ਤੇ ਉਹ ਚੁੱਪ ਰਹੇ।
ਉਨ੍ਹਾਂ ਨੇ ਗਿੱਲ ਨੂੰ ਸਵਾਲ ਕੀਤਾ ਹੈ ਕਿ ਕੀ ਇਸਦਾ ਮਤਲਬ ਇਹ ਸਮਝਿਆ ਜਾਵੇ, ਕਿ ਜੇ ਪਾਰਟੀ ਤੁਹਾਨੂੰ ਤੀਜ਼ੀ ਵਾਰ ਰਾਜ ਸਭਾ ਲਈ ਨਾਮਾਂਕਣ ਕਰ ਦਿੰਦੀ, ਤਾਂ ਕਮਲ ਨਾਥ ਹਾਲੇ ਵੀ ਤੁਹਾਡੀਆਂ ਨਜ਼ਰਾਂ ‘ਚ ਬੇਕਸੂਰ ਰਹਿਣੇ ਸੀ ਤੇ ਤੁਸੀਂ ਅਕਾਲੀਆਂ ਤੇ ਆਮ ਆਦਮੀ ਪਾਰਟੀ ਖਿਲਾਫ ਜਾ ਕੇ ਉਨ੍ਹਾਂ ਦਾ ਬਚਾਅ ਕਰਨਾ ਸੀ?
ਕੈਪਟਨ ਅਮਰਿੰਦਰ ਨੇ ਕਿਹਾ ਕਿ 1984 ‘ਚ ਗਿੱਲ ਪੰਜਾਬ ‘ਚ ਤੈਨਾਤ ਸਨ। ਪੰਜਾਬ ‘ਚ ਬੈਠਿਆਂ ਉਨ੍ਹਾਂ ਨੂੰ ਉਥੋਂ ਦੇ ਹਾਲਾਤਾਂ ਬਾਰੇ ਕਿਵੇਂ ਪਤਾ ਚੱਲ ਸਕਦਾ ਹੈ? ਜਦਕਿ ਉਹ 1 ਤੋਂ 4 ਨਵਬੰਰ ਦੌਰਾਨ ਉਥੇ ਹੀ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਹਰ ਥਾਂ ਪੀੜਤਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ‘ਚੋਂ ਕਿਸੇ ਨੇ ਵੀ ਕਮਲ ਨਾਥ ਖਿਲਾਫ ਕੋਈ ਦੋਸ਼ ਨਹੀਂ ਲਗਾਇਆ ਸੀ।

LEAVE A REPLY