9ਪੰਜਾਬ ‘ਚ ਸ਼ਰਾਬਬੰਦੀ ਦੀ ਮੁਹਿੰਮ ਵੀ ਚਲਾਉਣਗੇ
ਚੰਡੀਗੜ੍ਹ : ਕਾਂਗਰਸ ਵਿੱਚੋਂ ਬਰਖਾਸਤ ਜਗਮੀਤ ਸਿੰਘ ਬਰਾੜ ਦਾ ਆਮ ਆਦਮੀ ਪਾਰਟੀ ਪ੍ਰਤੀ ਮੋਹ ਅਜੇ ਘਟਿਆ ਨਹੀਂ ਹੈ। ਉਨ੍ਹਾਂ ਨੇ ਆਪਣੇ ਪੱਧਰ ‘ਤੇ ਸਿਆਸੀ ਸਰਗਰਮੀਆਂ ਵਿੱਢੀਆਂ ਹੋਈਆਂ ਹਨ ਪਰ ਅਜੇ ਵੀ ਉਨ੍ਹਾਂ ਦੀ ਰੀਝ ‘ਆਪ’ ਨੂੰ ਹੀ ਪੰਜਾਬ ਦੀ ਸੱਤਾ ‘ਤੇ ਵੇਖਣ ਦੀ ਹੈ। ਇਸ ਗੱਲ ਦੇ ਸੰਕੇਤ ਉਨ੍ਹਾਂ ਨੇ ਸਪਸ਼ਟ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਕਾਲੀ ਦਲ ਤੇ ਕਾਂਗਰਸ ਨੂੰ ਹਰਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ, ਜਿਸ ਨਾਲ ਤੀਸਰੀ ਧਿਰ ਦੀਆਂ ਵੋਟਾਂ ਵੰਡੇ ਜਾਣ ਕਾਰਨ ਦੋਵੇਂ ਰਵਾਇਤੀ ਪਾਰਟੀਆਂ ਨੂੰ ਕੋਈ ਸਿਆਸੀ ਲਾਭ ਮਿਲੇ। ਭਾਵ ਉਹ ‘ਆਪ’ ਨੂੰ ਕਮਜ਼ੋਰ ਹੁੰਦਾ ਨਹੀਂ ਵੇਖ ਸਕਦੇ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਅਕਾਲੀ ਦਲ ਤੇ ਕਾਂਗਰਸ ਤੋਂ ਪੰਜਾਬ ਨੂੰ ਬਚਾਉਣ ਦਾ ਹੋਕਾ ਦੇਣਗੇ। ਉਨ੍ਹਾਂ ਕਿਹਾ ਕਿ ਭਾਵੇਂ ‘ਆਪ’ ਲੀਡਰਸ਼ਿਪ ਨਾਲ ਉਨ੍ਹਾਂ ਦੀ ਸਿਆਸੀ ਸਾਂਝ ਸਬੰਧੀ ਕਦੇ ਕੋਈ ਗੱਲਬਾਤ ਨਹੀਂ ਹੋਈ, ਪਰ ਇਸ ਪਾਰਟੀ ਦੇ ਵਾਲੰਟੀਅਰ ਫੀਲਡ ਵਿੱਚ ਉਨ੍ਹਾਂ ਨੂੰ ਬਹੁਤ ਸਤਿਕਾਰ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ 1 ਜੁਲਾਈ ਨੂੰ ਉਹ ਮਾਲਵਾ ਖੇਤਰ ਦੀ ਕਨਵੈਨਸ਼ਨ ਬਠਿੰਡਾ ਵਿਚ ਕਰਨਗੇ, ਜਿਸ ਵਿੱਚ ਪੰਜਾਬ ‘ਚ ਸ਼ਰਾਬਬੰਦੀ ਕਰਨ ਦੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਜਾਵੇਗਾ।

LEAVE A REPLY