csx (2)ਜਲੰਧਰ  : ਬੀਤੇ ਦਿਨੀਂ ਕਾਂਗਰਸ ਹਾਈਕਮਾਨ ਵੱਲੋਂ ਸ਼ਕੀਲ ਅਹਿਮਦ ਦੀ ਜਗ੍ਹਾ ਕਮਲਨਾਥ ਨੂੰ ਪੰਜਾਬ ਕਾਂਗਰਸ ਦਾ ਪ੍ਰਭਾਰੀ ਬਣਾਉਣਾ ਸਿੱਖਾ ਨਾਲ ਧੋਖਾ ਕਰਨ ਦੇ ਬਰਾਬਰ ਹੈ। ਕਾਂਗਰਸ 1984 ਦੇ ਦੰਗਿਆਂ ਵਿੱਚ ਕਮਲਨਾਥ ਦਾ ਵੀ ਨਾਮ ਆਇਆ ਹੈ। ਭਾਵੇਂ ਕਮਲਨਾਥ ਨੇ ਬੁੱਧਵਾਰ ਨੂੰ ਹੀ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਕਾਂਗਰਸ ਵੱਲੋਂ ਉਸ ਨੂੰ ਕਾਂਗਰਸ ਪ੍ਰਭਾਰੀ ਲਗਾਉਣਾ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਨੂੰ ਕਲੀਨ ਚਿੱਟ ਦੇਣ ਨਾਲ ਕਾਂਗਰਸ ਨੇ ਸਿੱਖਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ। ਕਾਂਗਰਸ ਕਦੇ ਵੀ ਸਿੱਖਾਂ ਨੂੰ ਇਨਸਾਫ ਨਹੀਂ ਦੁਆ ਸਕਦੀ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ। ਅੱਜ ਇਥੇ ਪੱਤਰਕਾਰ ਸੰਮੇਲਨ ਵਿੱਚ ਗੱਲਬਾਤ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਕਮਲਨਾਥ ਵੱਲੋਂ ਅਸਤੀਫਾ ਦੇਣ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਉਹ ਦੰਗਿਆਂ ਵਿੱਚ ਦੋਸ਼ੀ ਹੈ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਪ੍ਰਧਾਨ ਮਹਿਲਾ ਵਿੰਗ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਵਿੱਚ ਫੈਲੇ ਨਸ਼ੇ ਦੇ ਕਾਰੋਬਾਰ ਬਾਰੇ ਤੇ ਆਪਣੀ ਅਸਲ ਜਿੰਦਗੀ ਬਾਰੇ ਦੱਸਿਆ ਤੇ ਕਿਹਾ ਕਿ ਕਿਵੇਂ ਉਨ੍ਹਾਂ ਦੀ ਖੇਤੀ ਯੋਗ ਜਮੀਨ ਤੇ ਪਤੀ ਨਸ਼ੇ ਦੀ ਭੇਂਟ ਚੜ ਗਏ। ਪੰਜਾਬ ਸਰਕਾਰ ਨੇ ਗਲੀ-ਗਲੀ ਵਿੱਚ ਨਸ਼ਾ ਵੇਚਣ ਲਾ ਦਿੱਤਾ। ਪੰਜਾਬ ਦੀ ਜਵਾਨੀ ਚਿੱਟੇ ਦੀ ਭੇਂਟ ਚੜ ਰਹੀ ਹੈ।
ਇਸ ਮੌਕੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ 2017 ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇਣ ਤੇ ਇਕ ਨਵੇਂ ਤੇ ਸੁਨਹਿਰੀ ਪੰਜਾਬ ਕੀ ਨਵੀਂ ਸਿਰਜਨਾ ਕਰ ਸਕੀਏ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹੋਰ ਮੈਂਬਰਾਂ ਵਿੱਚ ਸ. ਮੇਜਰ ਸਿੰਘ, ਸੀਡੀ ਕੰਬੋਜ ਤੇ ਹੋਰ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ।
ਉਲੰਪਿਅਨ ਸੁਰਿੰਦਰ ਸੋਡੀ ਤੇ ਵੀ ਲੱਗੇ ਇਲਜਾਮ
ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਵੱਲੋਂ ਪਿਛਲੇ ਦਿਨੀਂ ਆਪ ਵੱਲੋਂ ਆਈਜੀ ਤੇ ਉਲੰਪਿਅਨ ਹਾਕੀ ਖਿਡਾਰੀ ਸੁਰਿੰਦਰ ਸਿੰਘ ਸੋਡੀ ਦੇ ਪਾਰਟੀ ਨਾਲ ਜੁੜਨ ਤੇ ਵੀ ਸਵਾਲ ਚੁੱਕੇ ਗਏ ਕਿਉਂਕਿ ਐਸਐਸਪੀ ਨਵਾਂ ਸ਼ਹਿਰ ਰਹਿੰਦੇ ਹੋਏ ਸੁਰਿੰਦਰ ਸਿੰਘ ਸੋਡੀ ਤੇ ਨਸ਼ਾ ਵੇਚਣ ਦੇ ਕਈ ਇਲਜਾਮ ਲੱਗੇ ਸਨ ਤੇ ਪਾਰਟੀ ਵੱਲੋਂ ਬਿਨ੍ਹਾਂ ਜਾਂਚ ਕੀਤੇ ਹੀ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਗਿਆ ਜਦਕਿ ਖੁੱਦ ਆਮ ਆਦਮੀ ਪਾਰਟੀ ਚੋਣਾਂ ਦੌਰਾਨ ਨਸ਼ੇ ਨੂੰ ਮੁੱਦਾ ਬਣਾ ਰਹੀ ਹੈ।

LEAVE A REPLY