Editorial1ਇਸਲਾਮਿਕ ਸਟੇਟ ਨੇ ਬੀਤੇ ਐਤਵਾਰ ਨੂੰ ਔਰਲੈਂਡੋ ਫ਼ਲੋਰੀਡਾ ਦੇ ਇੱਕ ਨਾਈਟ ਕਲੱਬ ਵਿੱਚ ਹੋਏ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਐਤਵਾਰ ਸ਼ਾਮ ਤਕ ਕਬੂਲ ਕਰਨ ਦੀ ਬੇਸ਼ਰਮੀ ਦਿਖਾ ਦਿੱਤੀ ਸੀ ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਓਮਰ ਮਤੀਨ ਨਾਮਕ ਬੰਦੂਕਧਾਰੀ ਇੱਕ ਆਪੂੰ ਬਣਿਆ ਮੁਜਾਹਿਦ ਤੇ ਇੱਕ ‘ਇਕੱਲਾ ਭੇੜੀਆ’ ਸੀ ਜਿਸ ਦਾ ISIS ਨਾਲ ਤਾਂ ਕੀ ਕਿਸੇ ਵੀ ਅਤਿਵਾਦੀ ਜਥੇਬੰਦੀ ਨਾਲ ਦੂਰ ਦੂਰ ਤਕ ਕੋਈ ਵਾਸਤਾ ਨਹੀਂ ਸੀ। ਫ਼ਿਰ ਵੀ, ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ISIS ਨੇ ਅਸਿੱਧੇ ਤੌਰ ‘ਤੇ ਇਸ ਹਮਲੇ ਦੇ ਵਾਪਰਣ ਵਿੱਚ ਆਪਣਾ ਰੋਲ ਅਦਾ ਕੀਤਾ ਹੈ। ਬੀਤੇ ਹਫ਼ਤੇ, ਉਸ ਨੇ ਵਿਸ਼ਵ ਭਰ ਵਿੱਚ ਵਸਦੇ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਉਹ ਯੌਰਪ ਅਤੇ ਅਮਰੀਕਾ ਵਿੱਚ ਰਮਜ਼ਾਨ ਦੇ ਮੁਕੱਦਸ ਮਹੀਨੇ, ਜੋ ਕਿ ਪਿੱਛਲੇ ਹਫ਼ਤੇ ਸ਼ੁਰੂ ਹੋਇਆ ਸੀ, ਦੌਰਾਨ ‘ਸੌਫ਼ਟ ਟਾਰਗੈਟਸ’ ਉੱਤੇ ਹਮਲੇ ਕਰਨ। ਇੱਕ ਦੋ ਸਾਲ ਪਹਿਲਾਂ, ਆਪਣੀਆਂ ਨਿਰੰਤਰ ਮੱਲਾਂ ਕਾਰਨ ਖੀਵੀ ਹੋਈ ਇਸਲਾਮਿਕ ਸਟੇਟ ਸੀਰੀਆ ਅਤੇ ਇਰਾਕ ਵਿੱਚ ਇੱਕ ਤੋਂ ਬਾਅਦ ਦੂਜਾ ਪ੍ਰਾਂਤ ਮੱਲੀ ਜਾ ਰਹੀ ਸੀ, ਰਾਹ ਵਿੱਚ ਔਰਤਾਂ ਨਾਲ ਬਲਾਤਕਾਰ ਕਰਦੇ ਹੋਏ ਅਤੇ ਲੋਕਾਂ ਦੇ ਸਿਰ ਕਲਮ ਕਰਦੇ ਜਾਂ ਗਰਦਨਾਂ ਵੱਢਦੇ ਹੋਏ ਤਾਂ ਕਿ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰੀ ਖੱਟੀ ਜਾ ਸਕੇ ਅਤੇ ਇੰਝ ਦਹਿਸ਼ਤ ਫ਼ੈਲਾਉਣ ਉਪਰੰਤ ਕਬਜ਼ੇ ਵਿੱਚ ਆਏ ਤੇਲ ਦੇ ਭੰਡਾਰਾਂ ਨੂੰ ਵੇਚ ਕੇ ਉਹ ਖ਼ੂਬ ਦੌਲਤ ਕਮਾ ਸਕੇ। ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਜਿਹਾਦੀ ਦੁਨੀਆਂ ਦੇ ਕੋਨੇ ਕੋਨੇ ਤੋਂ ISIS ਵਿੱਚ ਸ਼ਾਮਿਲ ਹੋਣ ਲਈ ਸੀਰੀਆ ਵੱਲ ਵਹੀਰਾਂ ਘੱਤਣ ਲੱਗੇ ਤਾਂ ਕਿ ਉਹ ਉੱਥੋਂ ਦੇ ਕਾਤਲ ਰਾਸ਼ਟਰਪਤੀ ਬਸ਼ਰ ਅਲ-ਅਸਾਦ ਨਾਲ ਲੋਹਾ ਲੈ ਸਕਣ।
ਪਰ ਹੁਣ ਸੀਰੀਆ ਅਤੇ ਇਰਾਕ ਵਿੱਚ ਲਗਾਤਾਰ ਸ਼ਿਕਸਤਾਂ ਕਾਰਨ ਇਸਲਾਮਿਕ ਸਟੇਟ ਹੱਥੋਂ ਜ਼ਮੀਨ ਉਸੇ ਰਫ਼ਤਾਰ ਨਾਲ ਖ਼ੁਸ ਰਹੀ ਹੈ ਜਿਸ ਸਪੀਡ ਨਾਲ ਉਸ ਨੇ ਇਸ ਨੂੰ ਹਾਸਿਲ ਕੀਤਾ ਸੀ। ਕੇਵਲ ਜ਼ਮੀਨ ਹੀ ਨਹੀਂ, ਇਸ ਦੇ ਨਾਲ ਨਾਲ ਉਹ ਆਪਣੀ ਕਮਾਈ ਹੋਈ ਸ਼ੌਹਰਤ ਤੇ ਦੌਲਤ ਵੀ ਥੋਕ ਵਿੱਚ ਹੀ ਗੁਆ ਰਹੀ ਹੈ। ਮਾਰ ਖਾਧੀ ISIS ਵਿੱਚ ਸ਼ਾਮਿਲ ਹੋਣ ਵਾਲੇ ਮਤਵਾਲੇ ਜਿਹਾਦੀਆਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ, ਅਤੇ ਅਜਿਹੀਆਂ ਰਿਪੋਰਟਾਂ ਵੀ ਹਨ ਕਿ ਉਸ ਵਿੱਚ ਫ਼ੁੱਟ ਪੈ ਚੁੱਕੀ ਹੈ ਜਿਸ ਕਾਰਨ ਕਈ ਜੂਨੀਅਰ ਅਫ਼ਸਰਾਂ ਦਾ ਸਫ਼ਾਇਆ ਕਰਨਾ ਪਿਆ। ਪਿੱਛਲੇ ਮਹੀਨੇ, ਮੀਡੀਆ ਵਿੱਚ ਰਿਪੋਰਟਾਂ ਸਨ ਕਿ ਇਸਲਾਮਿਕ ਸਟੇਟ ਲੀਬੀਆ ਵਿੱਚ ਮੁੜ-ਸੰਗਠਿਤ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ, ਆਪਣੇ ਗੜ੍ਹ ਸਮਝੇ ਜਾਂਦੇ ਤਟੀ ਸ਼ਹਿਰ ਸਿਰਤੇ ਵਿੱਚ ਆਪਣੇ ਬੇਸ ਸਥਾਪਿਤ ਕਰ ਕੇ, ਪਰ ਹੁਣ ਨਵੀਆਂ ਰਿਪੋਰਟਾਂ ਇਹ ਆਈਆਂ ਹਨ ਕਿ ਲੀਬੀਆ ਦੀ ਸੰਯੁਕਤ ਸਰਕਾਰ, ਗਵਰਨਮੈਂਟ ਔਫ਼ ਨੈਸ਼ਨਲ ਐਕੌਰਡ, ਦੀਆਂ ਫ਼ੌਜਾਂ ਨੇ ਸਿਰਤੇ ‘ਤੇ ਆਸ ਤੋਂ ਵੀ ਪਹਿਲਾਂ ਚੜ੍ਹਾਈ ਕਰ ਦਿੱਤੀ ਹੈ। ਇਹ ਠੀਕ ਹੈ ਕਿ ISIS ਹਾਰ ਤੋਂ ਕੋਹਾਂ ਦੂਰ ਹੈ, ਪਰ ਅਜਿਹੇ ਝਟਕੇ ਉਸ ਅਤਿਵਾਦੀ ਜਥੇਬੰਦੀ ਨੂੰ ਆਪਣੀ ਰਣਨੀਤੀ ਬਦਲਣ ਜਾਂ ਘੱਟ ਘੱਟ ਉਸ ਨੂੰ ਮੁੜ ਵਿਚਾਰਨ ‘ਤੇ ਮਜਬੂਰ ਕਰ ਰਹੇ ਹਨ। ਉਸ ਦੀ ਨਵੀਂ ਰਣਨੀਤੀ ਦਾ ਇੱਕ ਹਿੱਸਾ ਹੈ ‘ਇਕੱਲੇ ਭੇੜੀਏ’ ਪ੍ਰੇਰਨੇ ਅਤੇ ਫ਼ਿਰ ਉਨ੍ਹਾਂ ਦੁਆਰਾ ਸਰਅੰਜਾਮ ਦਿੱਤੇ ਗਏ ਅਤਿਵਾਦੀ ਹਮਲਿਆਂ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ। ਉਨ੍ਹਾਂ ਨੇ ਬੰਗਲਾਦੇਸ਼ ਦੀਆਂ ਹੱਤਿਆਵਾਂ ਦੀ ਜ਼ਿੰਮੇਵਾਰੀ ਕਬੂਲੀ, ਜਿਨ੍ਹਾਂ ਨਾਲ ਉਨ੍ਹਾਂ ਦਾ ਦੂਰ ਦੂਰ ਤਕ ਕੋਈ ਵਾਸਤਾ ਨਹੀਂ ਸੀ, ਅਤੇ ਹੁਣ ਉਨ੍ਹਾਂ ਨੇ ਉਹੀ ਹਰਕਤ ਔਰਲੈਂਡੋ ਨਾਈਟ ਕਲੱਬ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕੀਤੀ। ਹੋ ਸਕਦੈ ਕਿ ਇਹ ਉਸ ਅਤਿਵਾਦੀ ਜਥੇਬੰਦੀ ਦੇ ਹਤਾਸ਼ ਹਰਬੇ ਹੀ ਹੋਣ!
ਹਾਲਾਂਕਿ ਕਈ ਲੋਕ ਅਲ ਕਾਇਦਾ, ਤਾਲਿਬਾਨ ਅਤੇ ਇਸਲਾਮਿਕ ਸਟੇਟ ਦੀਆਂ ਮੁਸ਼ਕਿਲਾਂ ਦੇ ਮਜ਼ੇ ਲੈ ਰਹੇ ਹਨ; ਇਹ ਮੰਨ ਕੇ ਨਾ ਚੱਲੇ ਕਿ ਇਨ੍ਹਾਂ ਵਿੱਚੋਂ ਕਿਸੇ ਇੱਕ ਵੀ ਜਥੇਬੰਦੀ ਦੀ ਹਾਰ (ਜੋ ਆਪਣੇ ਆਪ ਵਿੱਚ ਇੱਕ ਅਸੰਭਵ ਟੀਚਾ ਹੈ) ਕਿਸੇ ਕਿਸਮ ਦੀ ਸ਼ਾਂਤੀ ਦਾ ਹਰਕਾਰਾ ਹੋਵੇਗੀ ਜਾਂ ਸਾਡੇ ਦਰਮਿਆਨ ਛੁਪੇ ਹੋਏ ਉਸ ਦੇ ਸਮਰਥਕਾਂ ਵਲੋਂ ਕੀਤੇ ਜਾਣ ਵਾਲੇ ਹਮਲਿਆਂ ਨੂੰ ਰੋਕਣ ਦੀ ਜ਼ਾਮਨ। ਇਹ ਮਿਡਲ ਈਸਟ ਅਤੇ ਦੱਖਣੀ ਏਸ਼ੀਆ ਵਿੱਚ ਸੁੰਨੀਆਂ ਲਈ ਪੁਸ਼ਤੈਨੀ ਝਗੜੇ ਨਿਪਟਾਉਣ ਦੀ ਕੋਸ਼ਿਸ਼ ਕਰਨ ਦਾ ਯੁੱਗ ਹੈ, ਅਤੇ ਇਸ ਦੌਰਾਨ ਵਾਪਰਣ ਵਾਲੇ ਅਤਿਵਾਦੀ ਹਮਲਿਆਂ ਨੂੰ ਸੱਚਮੁੱਚ ਕੋਈ ਸਿਆਸਤਦਾਨ ਕੰਟਰੋਲ ਨਹੀਂ ਕਰ ਰਿਹਾ। ਇਹ ਆਪ ਮੁਹਾਰੇ ਵਾਪਰ ਰਹੇ ਹਨ। ਅੱਜ ਤੋਂ ਪੰਜ ਸਾਲ ਪਹਿਲਾਂ ਤਕ ਕਿਸੇ ਨੇ ਕਦੇ ਖ਼ਵਾਬ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ISIS ਨਾਮ ਦੀ ਕੋਈ ਖ਼ੂੰਖਾਰ ਅਤਿਵਾਦੀ ਜਥੇਬੰਦੀ ਦਿਸਹੱਦੇ ‘ਤੇ ਸਿਰ ਉਠਾਏਗੀ, ਅਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਭਵਿੱਖ ਵਿੱਚ ਵੀ ਇਸ ਵਰਗੀ ਕੋਈ ਹੋਰ ਜਾਂ ਇਸ ਤੋਂ ਵੀ ਭੈੜੀ ਕੋਈ ਜਥੇਬੰਦੀ ਜਨਮ ਲੈ ਲਵੇ। ਠੀਕ ਜਿਵੇਂ ਯਹੂਦੀਆਂ ਦਾ ਘੱਲੂਘਾਰਾ ਅਤੇ ਦੂਸਰਾ ਵਿਸ਼ਵ ਯੁੱਧ ਤਾਂ ਵੀ ਵਾਪਰੇ ਹੁੰਦੇ ਭਾਵੇਂ 1935 ਵਿੱਚ ਹਿਟਲਰ ਮਾਰਿਆ ਵੀ ਗਿਆ ਹੁੰਦਾ, ਮਿਡਲ ਈਸਟ ਇੱਕ ਵੱਡੀ ਖੇਤਰੀ ਜੰਗ ਵਿੱਚ ਮੁਬਤਿਲਾ ਹੋਣ ਜਾ ਰਿਹੈ, ਬੇਸ਼ੱਕ ISIS ਜਾਂ ਅਲ ਕਾਇਦਾ ਕਾਇਮ ਰਹੇ ਜਾਂ ਨਾ।
ਤੇ ਔਰਲੈਂਡੋ ਨਾਈਟ ਕਲੱਬ ਸ਼ੂਟਿੰਗ ਤਾਂ ਹੋ ਸਕਦੈ ਹਾਲੇ ਸਿਰਫ਼ ਇਸ ਦੀ ਸ਼ੁਰੂਆਤ ਹੀ ਹੋਵੇ!
ਅਲ ਕਾਇਦਾ ਨੇ ਨਵੇਂ ਅਫ਼ਗ਼ਾਨ ਨੇਤਾ ਪ੍ਰਤੀ ਵਫ਼ਾਦਾਰੀ ਦੀ ਸਹੁੰ ਖ਼ਾਧੀ
ਅਤਿਵਾਦ ਦੇ ਬਾਜ਼ਾਰ ਵਿੱਚ ਅੱਜ ਕੱਲ੍ਹ ਇਸਲਾਮਿਕ ਸਟੇਟ ਦੀ ਝੰਡੀ ਹੋਣ ਕਾਰਨ ਅਲ ਕਾਇਦਾ ਅਤੇ ਤਾਲਿਬਾਨ ਨੂੰ ਆਪੋ ਆਪਣੀਆਂ ਰਣਨੀਤਕ ਦਿਸ਼ਾਵਾਂ ਬਦਲਣੀਆਂ ਪੈ ਰਹੀਆਂ ਹਨ। ਇਹੀ ਕਾਰਨ ਹੋ ਸਕਦਾ ਹੈ ਕਿ ਬੀਤੇ ਸ਼ਨੀਵਾਰ ਨੂੰ ਅਲ ਕਾਇਦਾ ਦੇ ਨੇਤਾ ਅਯਮਾਨ ਅਲ-ਜ਼ਵਹਿਰੀ ਨੇ ਆਪਣੇ ਇੱਕ 14 ਮਿੰਟ ਲੰਬੇ ਔਨਲਾਈਨ ਔਡੀਓ ਸੁਨੇਹੇ ਵਿੱਚ ਅਫ਼ਗ਼ਾਨ ਤਾਲਿਬਾਨ ਦੇ ਨਵੇਂ ਬਣੇ ਮੁਖੀ ਹਾਇਬਾਤੁਲ੍ਹਾ ਅਖੁੰਡਜ਼ਾਦਾ ਪ੍ਰਤੀ ਵਫ਼ਾਦਾਰੀ ਦਾ ਇਜ਼ਹਾਰ ਕਰ ਕੇ ਸਹੁੰ ਚੁੱਕੀ ਹੈ। ਦੋਹਾਂ ਅਤਿਵਾਦੀ ਜਥੇਬੰਦੀਆਂ ਦੇ ਲੀਡਰਾਂ ਦਰਮਿਆਨ ਬਹੁਤ ਚੀਜ਼ਾਂ ਸਾਂਝੀਆਂ ਹਨ: ਦੋਹੇਂ ਆਪੋ ਆਪਣੇ ਮੌਜੂਦਾ ਅਹੁਦੇ ‘ਤੇ ਆਪਣੇ ਪੂਰਵਜਾਂ ਦੇ ਅਮਰੀਕੀ ਫ਼ੌਜਾਂ ਹੱਥੋਂ ਮਾਰੇ ਜਾਣ ਮਗਰੋਂ ਪੁੱਜੇ। ਅਲ-ਜ਼ਵਾਹਿਰੀ ਅਲ-ਕਾਇਦਾ ਦਾ ਨਵਾਂ ਮੁਖੀ ਉਸ ਵਕਤ ਬਣਿਆ ਜਦੋਂ ਓਸਾਮਾ ਬਿਨ ਲਾਦੇਨ ਨੂੰ 2011 ਵਿੱਚ ਅਮਰੀਕੀ ਨੇਵੀ ਸੀਲਜ਼ ਨੇ ਪਾਕਿਸਤਾਨ ਵਿੱਚ ਮਾਰ ਮੁਕਾਇਆ। ਅਖੁੰਡਜ਼ਾਦਾ ਨਵਾਂ ਅਫ਼ਗ਼ਾਨ ਮੁਖੀ ਉਸ ਵਕਤ ਬਣਿਆ ਜਦੋਂ ਉਸ ਦੇ ਪੂਰਵਜ ਮੁਲ੍ਹਾ ਅਖ਼ਤਰ ਮੁਹੰਮਦ ਮਨਸੂਰ ਨੂੰ ਅਮਰੀਕੀ ਡਰੋਨਾਂ ਨੇ ਤਿੰਨ ਹਫ਼ਤੇ ਪਹਿਲਾਂ ਪਾਕਿਸਤਾਨ ਦੀ ਹੀ ਸਰਜ਼ਮੀਨ ‘ਤੇ ਠੋਕਿਆ। ਸ਼ਨੀਵਾਰ ਦੇ ਔਡੀਓ ਸੁਨੇਹੇ ਵਿੱਚ ਅਲ-ਜ਼ਵਾਹਿਰੀ ਕਹਿੰਦੈ:
”ਅਲ ਕਾਇਦਾ, ਜੋ ਕਿ ਇੱਕ ਜਿਹਾਦੀ ਜਥੇਬੰਦੀ ਹੈ, ਦੇ ਨੇਤਾ ਦੇ ਤੌਰ ‘ਤੇ ਮੈਂ ਆਪਣੀ ਵਫ਼ਾਦਾਰੀ ਦੀ ਸਪੁਰਦਗੀ ਇੱਕ ਵਾਰ ਫ਼ਿਰ ਨਵੇਂ ਅਫ਼ਗ਼ਾਨ ਮੁਲ੍ਹਾ ਨੂੰ ਕਰਦਾ ਹਾਂ। ਓਸਾਮਾ ਦੀ ਹੀ ਤਰਜ਼ ‘ਤੇ ਸਾਰੇ ਮੁਸਲਮਾਨ ਮੁਲਕਾਂ ਨੂੰ ਮੇਰੀ ਦਰਖ਼ਾਸਤ ਹੈ ਕਿ ਉਹ ਇਸਲਾਮਿਕ ਅਮੀਰਾਤ (ਅਫ਼ਗ਼ਾਨਿਸਤਾਨ) ਦੀ ਹਿਮਾਇਤ ਵਿੱਚ ਖੜ੍ਹੇ ਹੋ ਜਾਣ। … ਅਸੀਂ ਆਪਣੀ ਵਫ਼ਾਦਾਰੀ ਦੀ ਸਹੁੰ ਤੁਹਾਡੇ (ਤਾਲਿਬਾਨ) ਪ੍ਰਤੀ ਜਿਹਾਦ ਦੀ ਇਸ ਸ਼ਰਤ ‘ਤੇ ਖਾਂਦੇ ਹਾਂ ਕਿ ਤੁਸੀਂ ਮੁਸਲਮਾਨਾਂ ਦੀਆਂ ਸਾਰੀਆਂ ਜ਼ਮੀਨਾਂ – ਜਿਨ੍ਹਾਂ ‘ਤੇ ਜਾਂ ਤਾਂ ਕਬਜ਼ਾ ਕਰ ਲਿਆ ਗਿਆ ਹੈ ਜਾਂ ਫ਼ਿਰ ਉਨ੍ਹਾਂ ਨੂੰ ਚੋਰੀ ਕਰ ਲਿਆ ਗਿਆ ਹੈ ਨੂੰ ਕਾਫ਼ਿਰਾਂ ਹੱਥੋਂ ਆਜ਼ਾਦ ਕਰਾਓਗੇ – ਕਸ਼ਗਰ ਤੋਂ ਅਲ-ਅਨਦਾਲੁਸ ਤਕ, ਕੌਕਾਸਸ ਤੋਂ ਸੋਮਾਲੀਆ ਤੇ ਕੇਂਦਰੀ ਅਫ਼ਰੀਕਾ ਤਕ, ਕਸ਼ਮੀਰ ਤੋਂ ਯਰੂਸ਼ਲਮ ਤਕ, ਫਿਲਿਸਤੀਨ ਤੋਂ ਕਾਬੁਲ ਤਕ, ਅਤੇ ਬੁਖ਼ਾਰਾ ਤੋਂ ਸਮਰਕੰਦ ਤਕ।” ਇਹ ਸਹੁੰ ਚੁੱਕਣ ਪਿੱਛੇ ਤਰਕ ਇਹ ਹੈ ਕਿ ਅਲ-ਜ਼ਵਾਹੀਰੀ ਇੱਕ ਫ਼ੌਜੀ ਨੇਤਾ ਹੈ ਜੋ ਕਿ ਇੱਕ ਮਿਸਰੀ ਡਾਕਟਰ ਤੋਂ ਖਾੜਕੂ ਬਣਿਆ ਹੈ ਜਦੋਂ ਕਿ ਅਖੁੰਡਜ਼ਾਦਾ ਇਸਲਾਮੀ ਕਾਨੂੰਨ ਦਾ ਇੱਕ ਅਧਿਆਪਕ ਹੈ। ਔਡੀਓ ਸੁਨੇਹਾ ਇਸ ਤੱਥ ਵੱਲ ਇਸ਼ਾਰਾ ਕਰਦੈ ਕਿ ਜਦੋਂ ਤਾਲਿਬਾਨ ਓਸਾਮਾ ਬਿਨ ਲਾਦੇਨ ਨੂੰ ਅਫ਼ਗ਼ਾਨਿਸਤਾਨ ਵਿੱਚ ਪਨਾਹ ਦੇ ਰਹੇ ਸਨ ਤਾਂ ਬਿਨ ਲਾਦੇਨ ਨੇ ਵੀ ਉਸ ਵਕਤ ਦੇ ਤਾਲਿਬਾਨ ਨੇਤਾ ਪ੍ਰਤੀ ਸਦਾ ਵਫ਼ਾਦਾਰ ਰਹਿਣ ਦੀ ਸਹੁੰ ਖ਼ਾਧੀ ਸੀ। ਪਰ ਓਸਾਮਾ ਤਾਲਿਬਾਨ ਲਈ ਇੱਕ ਵੱਡੀ ਸਿਰਦਰਦੀ ਬਣ ਗਿਆ। ਉਸ ਕਾਰਨ ਉਨ੍ਹਾਂ ਨੇ ਆਪਣੀ ਧਰਤੀ ‘ਤੇ ਅਮਰੀਕੀ ਫ਼ੌਜਾਂ ਦਾ ਹਮਲਾ ਸਹੇੜਿਆ ਜਿਸ ਵਿੱਚ ਤਾਲਿਬਾਨ ਹਾਰ ਗਏ ਅਤੇ ਲਾਦੇਨ ਦੇ 9-11 ਦੇ ਹਮਲਿਆਂ ਤੋਂ ਬਾਅਦ ਉਹ ਗੱਦੀਓਂ ਲਾਹ ਕੇ ਸੁੱਟ ਦਿੱਤੇ ਗਏ।
ਅੱਜ, ਅਲ ਕਾਇਦਾ ਅਤੇ ਤਾਲਿਬਾਨ ਇਕੱਠੇ ਹੋ ਰਹੇ ਹਨ ਕਿਉਂਕਿ ਉਹ ਦੋਹੇਂ ISIS ਦੇ ਜ਼ਬਰਦਸਤ ਉਭਾਰ ਤੋਂ ਚਿੰਤਤ ਹਨ। ਹਾਲਾਂਕਿ ISIS ਪ੍ਰਮੁੱਖ ਤੌਰ ‘ਤੇ ਮਿਡਲ ਈਸਟ ਅਤੇ ਸੀਰੀਆ ਵਿੱਚ ਹੀ ਕਾਰਜਸ਼ੀਲ ਹੈ, ਕੁਝ ਰੁੱਸੇ ਹੋਏ ਅਫ਼ਗ਼ਾਨ ਕਮਾਂਡਰ ਤਾਲਿਬਾਨ ਤੋਂ ਟੁੱਟ ਕੇ ਇਸਲਾਮਿਕ ਸਟੇਟ ਪ੍ਰਤੀ ਵਫ਼ਾਦਾਰ ਹੋ ਗਏ ਹਨ। ਦੂਜੇ ਪਾਸੇ, ਇਸਲਾਮਿਕ ਸਟੇਟ ਵੀ ਯਮਨ ਵਿੱਚ ਕਾਰਜਸ਼ੀਲ ‘ਅਲ ਕਾਇਦਾ ਅਰੇਬੀਅਨ ਪੈਨਿਨਸੁਲਾ’ (AQAP) ਦੇ ਪ੍ਰਭਾਵ ਨੂੰ ਘਟਾਉਣ ਵਿੱਚ ਰੁੱਝੀ ਹੋਈ ਹੈ ਅਤੇ ਉਹ ਉੱਤਰੀ ਅਫ਼ਰੀਕਾ ਦੀ ‘ਅਲ ਕਾਇਦਾ ਇਸਲਾਮਿਕ ਮਗ਼ਰਿਬ’, ਖ਼ਾਸਕਰ ਮਿਸਰ, ਲੀਬੀਆ ਤੇ ਨਾਈਜੀਰੀਆ ਵਿਚਲੇ ਅਲ ਕਾਇਦਾ ਦੇ ਯੂਨਿਟਾਂ, ਦੇ ਮਗਰ ਵੀ ਹੱਥ ਧੋ ਕੇ ਪਈ ਹੋਈ ਹੈ। ਮਾਮਲੇ ਨੂੰ ਹੋਰ ਖ਼ਰਾਬ ਕਰਨ ਲਈ, ਤਾਲਿਬਾਨ ਵਿੱਚ ਵੀ ਆਪਸੀ ਪਾਟੋਧਾੜ ਕਾਰਨ ਖ਼ਾਨਾਜੰਗੀ ਸ਼ੁਰੂ ਹੋ ਗਈ ਹੈ ਅਤੇ ਇਸ ਨਾਲ ਵੀ ISIS ਨੂੰ ਮਦਦ ਮਿਲ ਰਹੀ ਹੈ ਕਿਉਂਕਿ ਇੰਝ ਰੁੱਸੇ ਹੋਏ ਖਾੜਕੂਆਂ ਕੋਲ ISIS ਨਾਲ ਜਾ ਰਲਣ ਤੋਂ ਛੁੱਟ ਹੋਰ ਕੋਈ ਚਾਰਾ ਹੀ ਨਹੀਂ ਰਿਹਾ। ਇੱਕ ਹੋਰ ਪ੍ਰਗਤੀ ਇਹ ਹੋਈ ਹੈ ਕਿ ਅਖੁੰਡਜ਼ਾਦਾ ਦੇ ਪੂਰਵਜ, ਮੁਲ੍ਹਾ ਅਖ਼ਤਰ ਮੁਹੰਮਦ ਮਨਸੂਰ, ਦੀ ਮੌਤ ਨੇ ਤਾਲਿਬਾਨ ਅਤੇ ਇਰਾਨ ਦਰਮਿਆਨ ਖ਼ੁਫ਼ੀਆ ਰਿਸ਼ਤਿਆਂ ਨੂੰ ਵੀ ਨੰਗਾ ਕੀਤਾ ਹੈ। ਇਹ ਸ਼ਾਇਦ ਦੋਹਾਂ ਦਰਮਿਆਨ ‘ਸੌਦੇ ਦੀ ਸ਼ਾਦੀ’ ਹੀ ਹੋਵੇਗੀ ਕਿਉਂਕਿ ਤਾਲਿਬਾਨ ਸੁੰਨੀ ਹਨ ਤੇ ਇਰਾਨ ਸ਼ੀਆ, ਅਤੇ ਦੋਹੇਂ ਆਪਣੇ ਸਾਂਝੇ ਦੁਸ਼ਮਣ ਤੋਂ ਚਿੰਤਤ ਹਨ ਜਿਸ ਦਾ ਨਾਮ ਹੈ: ISIS

LEAVE A REPLY