7ਨਵੀਂ ਦਿੱਲੀ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਫੈਲ੍ਹੀ ਅਰਾਜਕਤਾ ਪ੍ਰਤੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਖਾਂ ਮੀਚੀ ਬੈਠੇ ਹਨ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ‘ਚ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਸੂਬੇ ਤੱਕ ਨਹੀਂ ਸੀਮਿਤ ਰਹੇਗੀ, ਇਸਦੇ ਕੌਮੀ ਪੱਧਰ ‘ਤੇ ਪ੍ਰਭਾਅ ਪੈ ਸਕਦੇ ਹਨ।
ਇਸ ਲੜੀ ਹੇਠ ਕੈਪਟਨ ਅਮਰਿੰਦਰ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਸੀ, ਜਿਨ੍ਹਾਂ ਦੀ ਅਗਵਾਈ ਹੇਠ ਪਾਰਟੀ ਦੇ ਇਕ ਵਫਦ ਨੇ ਉਨ੍ਹਾਂ ਨੂੰ ਮਿਲਣਾ ਤੇ ਸੂਬੇ ‘ਚ ਕਾਨੂੰਨ ਤੇ ਵਿਵਸਥਾ ਦੀ ਬਿਗੜ ਰਹੀ ਹਾਲਤ ਪ੍ਰਤੀ ਉਨ੍ਹਾਂ ਨੂੰ ਜਾਣੂ ਕਰਵਾਉਣਾ ਸੀ। ਲੇਕਿਨ ਉਨ੍ਹਾਂ ਨੂੰ ਅਫਸੋਸ ਹੈ ਕਿ ਮੰਤਰੀ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ ਮਿੱਲੀ, ਜੋ ਸਪੱਸ਼ਟ ਕਰਦੀ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਕੋਈ ਚਿੰਤਾ ਨਹੀਂ ਹੈ।
ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨਾਂ ਸੁਨੀਲ ਜਾਖੜ ਤੇ ਰਾਜ ਕੁਮਾਰ ਵੇਰਕਾ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਫੈਲ੍ਹੀ ਅਰਾਜਕਤਾ ਦੀ ਸਥਿਤੀ ਕੌਮੀ ਚਿੰਤਾ ਦਾ ਵਿਸ਼ਾ ਹੈ, ਜਿਸਨੂੰ ਹਰ ਕਿਸੇ ਵੱਲੋਂ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਲੇਕਿਨ ਉਨ੍ਹਾਂ ਨੂੰ ਅਫਸੋਸ ਹੈ ਕਿ ਭਾਰਤ ਸਰਕਾਰ ਇਸ ਬਾਰੇ ਸੁਣਨ ਲਈ ਤਿਆਰ ਨਹੀਂ ਹੈ, ਜਿਸਦੇ ਕਾਰਨ ਲੋਕ ਚੰਗੀ ਤਰ੍ਹਾਂ ਜਾਣਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਨਾਮਧਾਰੀ ਸੰਪ੍ਰਦਾਅ ਦੀ ਗੁਰੂ ਮਾਤਾ ਚੰਦ ਕੌਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਲੇਕਿਨ ਹੱਤਿਆ ਨੂੰ ਤਿੰਨ ਮਹੀਨੇ ਨਿਕਲਣ ਦੇ ਬਾਵਜੂਦ ਹਾਲੇ ਤੱਕ ਕੋਈ ਸੁਰਾਗ ਨਹੀਂ ਮਿੱਲਿਆ ਹੈ। ਬੀਤੇ ਮਹੀਨੇ, ਇਕ ਪ੍ਰਮੁੱਖ ਧਾਰਮਿਕ ਆਗੂ ਸੰਤ ਰਣਜੀਤ ਸਿੰਘ ਢੰਡਰੀਆਂਵੇ ‘ਤੇ ਦਿਨ ਦਿਹਾੜੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੀ ਕਾਰ ‘ਚ 40 ਰਾਉਂਡ ਫਾਇਰ ਕੀਤੇ ਗਏ, ਜਿਸ ਦੌਰਾਨ ਉਨ੍ਹਾਂ ਦੇ ਇਕ ਸਾਥੀ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਦੀਆਂ ਕਾਰਾਂ ਬਰਾਮਦ ਕਰ ਲਈਆਂ ਹਨ ਅਤੇ ਹਰ ਕੋਈ ਜਾਣਦਾ ਹੈ ਕਿ ਦੋਸ਼ੀ ਕੌਣ ਹਨ, ਲੇਕਿਨ ਫਿਰ ਵੀ ਬਾਦਲ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ।
ਸਾਬਕਾ ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਗਵਾ ਕਰਨਾ ਰੋਜ਼ਾਨਾ ਦੀ ਗੱਲ ਬਣ ਚੁੱਕੀ ਹੈ ਅਤੇ ਲੋਕਾਂ ਨੂੰ ਪੈਸਿਆਂ ਲਈ ਅਗਵਾ ਕੀਤਾ ਜਾ ਰਿਹਾ ਹੈ। ਰਿਪੋਰਟਾਂ ਹਨ ਕਿ ਅਗਵਾ ਹੋਏ ਵਿਅਕਤੀ ਫਿਰੌਤੀ ਦੀ ਰਕਮ ਅਦਾ ਕੀਤੇ ਜਾਣ ‘ਤੇ ਹੀ ਰਿਹਾਅ ਹੋ ਰਹੇ ਹਨ ਤੇ ਪੁਲਿਸ ਕੁਝ ਨਹੀਂ ਕਰ ਰਹੀ। ਕੁਝ ਮਹੀਨਿਆਂ ਪਹਿਲਾਂ, ਕਪੂਰਥਲਾ ‘ਚ ਮਾਪਿਆਂ ਵੱਲੋਂ ਫਿਰੌਤੀ ਦੀ ਰਕਮ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਦੇ ਬੇਟੇ ਨੂੰ ਕਤਲ ਕਰ ਦਿੱਤਾ ਗਿਆ ਸੀ।
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਗ੍ਰਹਿ ਮੰਤਰੀ ਦਾ ਵੀ ਅਹੁਦਾ ਸੰਭਾਲਣ ਵਾਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਦੋ ਨਜ਼ਦੀਕੀ ਵਿਅਕਤੀ ਸਾਰੇ ਨਿਯਮਾਂ ਨੂੰ ਤੋੜ ਕੇ ਫਾਜ਼ਿਲਕਾ ਜੇਲ੍ਹ ਦੇ ਅੰਦਰ ਗਏ, ਤਾਂ ਜੋ ਜੇਲ੍ਹ ‘ਚ ਬੰਦ ਇਕ ਹੋਰ ਕੈਦੀ ਨੂੰ ਆਪਣੀਆਂ ਜਾਇਦਾਦਾਂ ਉਨ੍ਹਾਂ ਹਵਾਲੇ ਕਰਨ ਵਾਸਤੇ ਦਬਕਾਉਣ ਲਈ ਆਪਣੇ ਇਕ ਸਾਥੀ ਦੀ ਸਹਾਇਤਾ ਕਰ ਸਕਣ। ਜਿਹੜੇ ਲੀਡਰ ਰੋਜ਼ੀ ਬਰਕੰਦੀ ਤੇ ਸਤਿੰਦਰ ਮਾਂਟਾ ਹਨ ਤੇ ਦੋਵੇਂ ਅਪਰਾਧਿਕ ਗਤੀਵਿਧੀਆਂ ਚਲਾਉਣ ਵਾਲੇ ਤੇ ਸੁਖਬੀਰ ਦੇ ਨਜ਼ਦੀਕੀ ਹਨ।
ਇਸੇ ਤਰ੍ਹਾਂ, ਇਕ ਹੋਰ ਅਪਰਾਧੀ ਦਇਆ ਸਿੰਘ ਕੋਲੀਆਂਵਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ। ਜਿਹੜਾ ਨੌਕਰੀਆਂ ਦਿਲਾਉਣ ਦਾ ਵਾਅਦਾ ਕਰਕੇ ਹਜ਼ਾਰਾਂ ਲੋਕਾਂ ਨੂੰ ਕਰੋੜਾਂ ਰੁਪਏ ਦਾ ਧੋਖਾ ਦੇ ਚੁੱਕਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਵੱਲੋਂ ਕੋਲੀਆਂਵਾਲੀ ਰਾਹੀਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਖਿਲਾਫ ਸ਼ਨੀਵਾਰ ਨੂੰ ਬਾਦਲ ਦੇ ਜੱਦੀ ਪਿੰਡ ‘ਚ ਧਰਨਾ ਦੇਣਗੇ। ਉਨ੍ਹ ਨੇ ਕਿਹਾ ਕਿ ਜਿਥੇ ਸੁਖਬੀਰ, ਬਰਕੰਦੀ ਤੇ ਮਾਂਟਾ ਰਾਹੀਂ ਕੰਮ ਕਰਦੇ ਹਨ, ਉਥੇ ਹੀ ਸੀਨੀਅਰ ਬਾਦਲ, ਕੋਲੀਆਂਵਾਲੀ ਰਾਹੀਂ ਕੰਮ ਚਲਾਉਂਦੇ ਹਨ। ਹਾਲਾਂਕਿ ਕੁਝ ਮਹੀਨਿਆਂ ਦੀ ਗੱਲ ਰਹਿ ਗਈ ਹੈ, ਜਦੋਂ ਇਨ੍ਹਾਂ ਕਾਂਗਰਸ ਦੀ ਸਰਕਾਰ ਬਣਨ ‘ਤੇ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।

LEAVE A REPLY