5ਅੰਮ੍ਰਿਤਸਰ/ਚੰਡੀਗੜ੍ਹ  : ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਵੈਮਾਨ ਅਤੇ ਆਜ਼ਾਦੀ ਦੇ ਸੰਘਰਸ਼ ਦੌਰਾਨ ਜੂਝਣ ਦਿਆਂ ਸ਼ਾਨਦਾਰ ਤੇ ਮਾਣਮੱਤਾ ਇਤਿਹਾਸ ਸਿਰਜਣ ਵਾਲੇ ਵਿਮੁਕਤ ਜਾਤੀਆਂ ਭਾਈਚਾਰੇ ਦੀਆਂ ਰਾਜਸੀ ਅਤੇ ਸਮਾਜਿਕ ਖਵਾਇਸ਼ਾਂ ਦਾ ਸਨਮਾਨ-ਸਤਿਕਾਰ ਕਰਨਾ ਸਾਡਾ ਫਰਜ਼ ਹੈ ਅਤੇ ਵਿਮੁਕਤ ਜਾਤੀਆਂ ਦੇ ਹਿਤਾਂ ਅਤੇ ਅਧਿਕਾਰਾਂ ਦੀ ਰਾਖੀ ਪ੍ਰਤੀ ਬਾਦਲ ਸਰਕਾਰ ਵਚਨਬੱਧ ਹੈ।
ਅੱਜ ਸਥਾਨਿਕ ਬਚਤ ਭਵਨ ਵਿਖੇ ਵਿਮੁਕਤ ਜਾਤੀਆਂ ਦੇ ਆਗੂਆਂ ਦੀ ਸ: ਮੇਜਰ ਸਿੰਘ ਕਲੇਰ ਪ੍ਰਧਾਨ, ਆਲ ਇੰਡੀਆ ਵਿਮੁਕਤ ਜਾਤੀਆਂ ਫੈਡਰੇਸ਼ਨ ਅਤੇ ਚੇਅਰਮੈਨ, ਪੰਜਾਬ ਸਟੇਟ ਵਿਮੁਕਤ ਜਾਤੀਆਂ ਭਲਾਈ ਬੋਰਡ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਵਿਸ਼ੇਸ਼ ਤੌਰ ‘ਤੇ ਹਿੱਸਾ ਲੈਣ ਆਏ ਸ: ਮਜੀਠੀਆ ਨੇ ਸੈਂਕੜੇ ਆਗੂਆਂ ਦੀ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਮੁਕਤ ਜਾਤੀਆਂ ਸਾਡੇ ਸਮਾਜ ਦਾ ਅਟੁੱਟ ਅੰਗ ਹਨ, ਜਿਨ੍ਹਾਂ ਅੰਗਰੇਜ਼ ਹਕੂਮਤ ਦੀ ਈਨ ਨਾ ਮੰਨਦਿਆਂ ਆਪਣੇ ‘ਤੇ ”ਜਰਾਇਮ ਪੇਸ਼ਾ ਕਾਨੂੰਨ” ਨੂੰ ਹੰਢਾਅ ਕੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ।ਇਸ ਮੌਕੇ ਸ: ਮਜੀਠੀਆ ਨੂੰ ਇੱਕ ਮੰਗ ਪੱਤਰ ਸੌਂਪਦਿਆਂ ਵਿਮੁਕਤ ਜਾਤੀਆਂ ਨੂੰ ਦਰਪੇਸ਼ ਮਸਲਿਆਂ ਤੇ ਭਖਦੀਆਂ ਮੰਗਾਂ ਸੰਬੰਧੀ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ।ਜਿਸ ਵਿੱਚ ਸਰਕਾਰੀ ਨੌਕਰੀਆਂ ਅਤੇ ਤਰੱਕੀਆਂ ਲਈ ਵਿਮੁਕਤ ਜਾਤੀਆਂ ਨੂੰ ਮਿਲਣ ਵਾਲੇ ਰਿਜ਼ਰਵੇਸ਼ਨ ਦੇ 2 ਫੀਸਦੀ ਕੋਟੇ ਨੂੰ ਸ਼ਰਤ ਮੁਕਤ ਕਰਨ ਜਾਂ ਐਸ. ਸੀ. ਤੇ ਬੀ. ਸੀ. ਭਾਈਚਾਰੇ ਨੂੰ 56 ਫੀਸਦੀ ਕੋਟੇ ‘ਚ ਵਿਮੁਕਤ ਜਾਤੀਆਂ ਨੂੰ ਮਰਜ਼ ਕਰਨ, ਵਿਧਾਨ ਸਭਾ ਵਿੱਚ 2 ਸੀਟਾਂ ਵਿਮੁਕਤ ਜਾਤੀਆਂ ਲਈ ਰਿਜ਼ਰਵ ਕਰਨ, ਵਿਮੁਕਤ ਜਾਤੀਆਂ ਦੀ ਭਲਾਈ ਲਈ ਵੱਖਰਾ ਬਜਟ ਦੇਣ ਅਤੇ ਅੰਮ੍ਰਿਤਸਰ ਵਿਖੇ ਵਿਮੁਕਤ ਜਾਤੀਆਂ ਭਵਨ ਲਈ ਜਗਾ ਦੇ ਕੇ ਜਲਦ ਉੱਸਾਰੀ ਕਰਨ ਦੀ ਮੰਗ ਵੀ ਸ਼ਾਮਿਲ ਹੈ। ਇਸ ਮੌਕੇ ਸ: ਮਜੀਠੀਆ ਨੇ ਕਿਹਾ ਕਿ ਇਹਨਾਂ ਮੰਗਾਂ ਅਤੇ ਮਸਲਿਆਂ ਨੂੰ ਮਿਲ ਬੈਠ ਕੇ ਗੱਲਬਾਤ ਰਾਹੀ ਸੰਜੀਦਗੀ ਨਾਲ ਸੁਲਝਾਉਣ ਪ੍ਰਤੀ ਰਾਜ ਸਰਕਾਰ ਹਮੇਸ਼ਾ ਤਤਪਰ ਰਹੀ ਹੈ। ਉਹਨਾਂ ਨੇ ਮੰਗਾਂ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅੱਗੇ ਰੱਖਦਿਆਂ ਇਨ੍ਹਾਂ ਪ੍ਰਤੀ ਸਾਰਥਿਕ ਹਲ ਲੱਭਣ ਦਾ ਯਕੀਨ ਦਿਵਾਇਆ।
ਸ: ਮਜੀਠੀਆ ਨੇ ਕਿਹਾ ਕਿ ਵਿਮੁਕਤ ਜਾਤੀਆਂ ਦੀ ਜੇ ਕਿਸੇ ਨੇ ਸਾਰ ਲਈ ਹੈ ਤਾਂ ਉਹ ਸ: ਪ੍ਰਕਾਸ਼ ਸਿੰਘ ਬਾਦਲ ਹੀ ਹਨ।ਉਹਨਾਂ ਕਿਹਾ ਕਿ ਵਿਮੁਕਤ ਜਾਤੀਆਂ ਦੇ ਉਥਾਨ, ਦਰਪੇਸ਼ ਸਮੱਸਿਆਵਾਂ ਦੇ ਹਲ ਲਈ ਰਾਜ ਸਰਕਾਰ ਨੇ ਪੰਜਾਬ ਸਟੇਟ ਵਿਮੁਕਤ ਜਾਤੀਆਂ ਭਲਾਈ ਬੋਰਡ ਗਠਿਤ ਕੀਤਾ ਅਤੇ ਸਰਕਾਰ ਅਤੇ ਪਾਰਟੀ ਵਿੱਚ ਵਿਮੁਕਤ ਜਾਤੀਆਂ ਨਾਲ ਸੰਬੰਧਿਤ ਆਗੂਆਂ ਲੂੰ ਢੁਕਵੀਂ ਨੁਮਾਇੰਦਗੀ ਦਿੱਤੀ। ਸ: ਮਜੀਠੀਆ ਨੇ ਕਿਹਾ ਕਿ ਰਿਜ਼ਰਵੇਸ਼ਨ ਪਾਲਿਸੀ ਦਾ ਮਸਲਾ ਇੱਕ ਕਾਨੂੰਨੀ, ਰਾਜਸੀ ਅਤੇ ਸਮਾਜਿਕ ਰੂਪ ‘ਚ ਬਹੁਤ ਵੱਡਾ ਤੇ ਦੇਸ਼ ਵਿਆਪੀ ਮੁੱਦਾ ਹੈ। ਉਹਨਾਂ ਦੱਸਿਆ ਕਿ ਰਿਜ਼ਰਵੇਸ਼ਨ ਨੀਤੀ ਦੇ ਕਈ ਮੁੱਦੇ ਸੂਬਾ ਪੱਧਰੀ ਨਾ ਹੋ ਕੇ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਦੇ ਵਿਸ਼ਿਆਂ ਨਾਲ ਸੰਬੰਧਿਤ ਹੋਣ ਕਾਰਨ ਇਸ ਪ੍ਰਤੀ ਕਈ ਕਾਨੂੰਨੀ ਅੜਚਣਾਂ ਤੇ ਰੁਕਾਵਟਾਂ ਬਣਦੀਆਂ ਰਹੀਆਂ ਹਨ।ਉਹਨਾਂ ਕਿਹਾ ਕਿ ਉਕਤ ਮਸਲੇ ਦੇ ਹਲ ਲਈ ਹੋਰਨਾਂ ਦਲਿਤ ਜਾਤੀਆਂ ਦੇ 33 ਫੀਸਦੀ ਆਬਾਦੀ ਨੂੰ ਨਾਲ ਲੈ ਕੇ ਚਲਣਾ ਹੋਵੇਗਾ। ਉਹਨਾਂ ਕਿਹਾ ਕਿ ਸ: ਬਾਦਲ ਇਸ ਨੂੰ ਹਲ ਕਰਨਾ ਚਾਹੁੰਦੇ ਹਨ ਜਿਸ ਲਈ ਉਹਨਾਂ ਸੰਬੰਧਿਤ ਧਿਰਾਂ ਨਾਲ ਦਰਜਨਾਂ ਵਾਰ ਮੀਟਿੰਗਾਂ ਕਰਦਿਆਂ ਮਸਲਿਆਂ ਦੇ ਸਾਰਥਿਕ ਹਲ ਲਈ ਸੰਜੀਦਗੀ ਅਤੇ ਸੁਹਿਰਦਤਾ ਨਾਲ ਕੋਸ਼ਿਸ਼ਾਂ ਕੀਤੀਆਂ ਹਨ। ਇਸੇ ਦੌਰਾਨ ਮੀਟਿੰਗ ਵਿੱਚ ਹਾਜ਼ਰ ਵਿਮੁਕਤ ਜਾਤੀਆਂ ਦੇ ਆਗੂਆਂ ਨੇ ਇਕਸੁਰਤਾ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਿਨਾ ਸ਼ਰਤ ਸਮਰਥਨ ਦੇਣ ਅਤੇ ਆਗਾਮੀ ਵਿਧਾਨ ਸਭਾ ਚੋਣਾਂ ‘ਚ ਅਕਾਲੀ ਭਾਜਪਾ ਉਮੀਦਵਾਰਾਂ ਦੀ ਜਿੱਤ ਲਈ ਅਹਿਮ ਰੋਲ ਨਿਭਾਉਣ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸ: ਹਰਮੀਤ ਸਿੰਘ ਸੰਧੂ, ਤਲਬੀਰ ਸਿੰਘ ਗਿੱਲ, ਪ੍ਰੋ: ਸਰ ਚਾਂਦ ਸਿੰਘ , ਵਿਮੁਕਤ ਜਾਤੀਆਂ ਦੇ ਆਗੂ ਤੇ ਜਨਰਲ ਸਕੱਤਰ ਗੁਰਦੀਪ ਸਿੰਘ ਮਾਹਲ, ਬਵਾਰੀਆ ਸਮਾਜ ਦੇ ਪ੍ਰਧਾਨ ਸਵਰਨ ਸਿੰਘ ਪੰਜ ਗਰਾਈਆਂ, ਸੁਖਦੇਵ ਸਿੰਘ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ, ਕਰਮ ਸਿੰਘ ਭੱਟੀ, ਬਲਵਿੰਦਰ ਸਿੰਘ ਗੁੱਜਰ, ਰੌਣਕੀ ਅਲੋਵਾਲ, ਨਿਰਮਲ ਕਾਲੀਆ, ਪਿਆਰਾ ਸਿੰਘ , ਨਿਸ਼ਾਨ ਸਿੰਘ ਖਾਰਾ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਹਰਦੀਪ ਸਿੰਘ ਮਾਹਲ ਜਲਾਲਾਬਾਦ, ਮਾਸਟਰ ਦਵਾਰਕਾ , ਵੇਦ ਪ੍ਰਕਾਸ਼, ਦਰਸ਼ਨ ਘਣੂਪੁਰ, ਜਸਕਰਨ ਧਰਮਿੰਦਰ ਸਿੰਘ ਪੱਟੀ, ਸੇਵਾ ਰਾਮ, ਸੇਵਾ ਸਿੰਘ ਖੇਮਕਰਨ, ਦੀਦਾਰ ਸਿੰਘ, ਅਜਾਇਬ ਸਿੰਘ, ਧਰਮਬੀਰ ਮਾਹੀਆ,ਚੇਅਰਮੈਨ ਹਰਭਜਨ ਸਿੰਘ ਉਦੋਕੇ, ਆਸਾ ਸਿੰਘ ਤਲਵੰਡੀ ਆਦਿ ਮੌਜੂਦ ਸਨ।

LEAVE A REPLY