3ਦੋ ਨੌਜਵਾਨਾਂ ਦੀਆਂ ਤਾਜ਼ਾ ਮੌਤਾਂ ਨਾਲ ਤਾਂ ਅਕਾਲੀਆਂ ਦੀਆਂ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਹਨ: ਭਗਵੰਤ ਮਾਨ
ਕਿਹਾ : ਜੇ ਬਾਦਲਾਂ ਨੇ ਨਸ਼ਿਆਂ ਦੀ ਸਮੱਸਿਆ ਦੇ ਹੱਲ ਲਈ ਵਾਜਬ ਕਦਮ ਚੁੱਕੇ ਹੁੰਦੇ, ਤਾਂ ਕਈ ਨੌਜਵਾਨਾਂ ਦੀਆਂ ਜਾਨਾਂ ਬਚ ਸਕਦੀਆਂ ਸਨ
ਚੰਡੀਗੜ੍ਹ : ਪੰਜਾਬ ‘ਚ ਨਸ਼ਿਆਂ ਦੀ ਦੁਰਵਰਤੋਂ ਦੀ ਸਮੱਸਿਆ ਨੂੰ ਅੱਖੋਂ ਪ੍ਰੋਖੇ ਕਰਨ ਵਾਲੇ ਬਾਦਲਾਂ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਕਿਹਾ ਕਿ ਲੁਧਿਆਣਾ ਤੇ ਪਠਾਨਕੋਟ ‘ਚ ਨਸ਼ਿਆਂ ਕਾਰਣ ਦੋ ਨੌਜਵਾਨਾਂ ਦੀਆਂ ਹੋਈਆਂ ਤਾਜ਼ਾ ਮੌਤਾਂ ਨਾਲ ਤਾਂ ਹੁਣ ‘ਅੰਨ੍ਹੇ’ ਅਕਾਲੀਆਂ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਲਈ ਇਹ ਸ਼ਰਮ ਵਾਲੀ ਗੱਲ ਹੈ ਕਿ ਉਹ ਸੂਬੇ ਵਿੱਚ ਨਸ਼ਿਆਂ ਦੀ ਕੋਈ ਸਮੱਸਿਆ ਹੋਣ ਤੋਂ ਹੀ ਇਨਕਾਰ ਕਰ ਰਹੇ ਹਨ। ਇਨ੍ਹਾਂ ਦੋ ਨੌਜਵਾਨਾਂ ਦੀ ਮੌਤ ਸ਼ੁੱਕਰਵਾਰ ਨੂੰ ਵਧੇਰੇ ਨਸ਼ੇ ਲੈਣ ਕਾਰਣ ਹੋਈ ਸੀ।
ਮਾਨ ਨੇ ਕਿਹਾ ਕਿ ਜੇ ਬਾਦਲਾਂ ਨੇ ਸਹੀ ਸਮੇਂ ‘ਤੇ ਇਸ ਸਮੱਸਿਆ ਦਾ ਖ਼ਾਤਮਾ ਕਰਨ ਲਈ ਢੁਕਵੇਂ ਕਦਮ ਚੁੱਕੇ ਹੁੰਦੇ, ਤਾਂ ਹਜ਼ਾਰਾਂ ਨੌਜਵਾਨਾਂ ਦੀਆਂ ਜਾਨਾਂ ਬਚ ਸਕਦੀਆਂ ਸਨ, ਪਰ ਮੰਦੇਭਾਗੀਂ ਅਕਾਲੀਆਂ ਨੇ ਤਾਂ ਕੇਵਲ ‘ਨਸ਼ਿਆਂ ਦੇ ਵਪਾਰੀਆਂ’ ਨੂੰ ਹੀ ਬਚਾਉਣ ਨੂੰ ਪਹਿਲ ਦਿੱਤੀ, ਜਿਸ ਕਰ ਕੇ ਨੌਜਵਾਨ ਨਸ਼ਿਆਂ ਦੇ ਅਜਗਰ ਦੇ ਸ਼ਿਕੰਜੇ ਵਿੱਚ ਫਸ ਕੇ ਹੌਲੀ-ਹੌਲੀ ਮਰਦੇ ਰਹੇ।
ਇੱਥੇ ਇਹ ਵਰਣਨ ਕਰਨਾ ਯੋਗ ਹੈ ਕਿ ਬਲਾਚੌਰ ਲਾਗਲੇ ਪਿੰਡ ਮੱਲੇਵਾਲ ਦੇ 21 ਸਾਲਾ ਗੁੱਜਰ ਨੌਜਵਾਨ ਦੀ ਮੌਤ ਨਸ਼ਿਆਂ ਦੀ ਵਧੇਰੇ ਵਰਤੋਂ ਕਾਰਣ ਹੋਈ ਸੀ। ਮ੍ਰਿਤਕ ਮਨਜਿੰਦਰ ਦਸਵੀਂ ਜਮਾਤ ਪਾਸ ਸੀ ਅਤੇ ਸਾਲ ਕੁ ਪਹਿਲਾਂ ਨਸ਼ੇ ਛੱਡ ਵੀ ਚੁੱਕਾ ਸੀ ਅਤੇ ਇਸ ਵੇਲੇ ਲੁਧਿਆਣਾ ‘ਚ ਮਕੈਨਿਕ ਵਜੋਂ ਕੰਮ ਕਰ ਰਿਹਾ ਸੀ।
ਪਠਾਨਕੋਟ ‘ਚ ਵਾਪਰੀ ਅਜਿਹੀ ਇੱਕ ਹੋਰ ਘਟਨਾ ਦੌਰਾਨ ਨੀਸ਼ੂ ਨਾਂਟ ਦੇ ਇੱਕ ਗਭਰੂ ਦੀ ਪਠਾਨਕੋਟ ‘ਚ ਮੌਤ ਹੋਈ ਹੈ। ਇਹ ਮਾਮਲਾ ਵੀ ਵਧੇਰੇ ਨਸ਼ੇ ਲੈਣ ਦਾ ਹੀ ਹੈ।
ਭਗਵੰਤ ਮਾਨ ਨੇ ਵਿਅੰਗਾਤਮਕ ਲਹਿਜੇ ਵਿੱਚ ਸੁਆਲ ਕੀਤਾ,”’ਇਨ੍ਹਾਂ ਮੌਤਾਂ ਲਈ ਕੌਣ ਜ਼ਿੰਮੇਵਾਰ ਹੈ? ਸੂਬੇ ਦੇ ਹਰੇਕ ਕੋਣੇ ਵਿੱਚ ਨਸ਼ਿਆਂ ਦੀ ਬੇਖੌਫ਼ ਸਪਲਾਈ ਦੀ ਇਜਾਜ਼ਤ ਕਿਸ ਨੇ ਦਿੱਤੀ ਹੋਈ ਹੈ?’ ਉਨ੍ਹਾਂ ਕਿਹਾ ਕਿ ਜੇ ਬਾਦਲ ਹਾਲੇ ਵੀ ‘ਸੁੱਤੇ ਰਹੇ,’ ਤਾਂ ਪੰਜਾਬ ਅਗਲੇ ਕੁੱਝ ਮਹੀਨਿਆਂ ਵਿੱਚ ‘ਮੈਕਸੀਕੋ’ ‘ਚ ਤਬਦੀਲ ਹੋ ਜਾਵੇਗਾ।
ਮਾਨ ਨੇ ਫਿਰ ਵਿਅੰਗ ਕਰਦਿਆਂ ਕਿਹਾ ਕਿ ਅਕਾਲੀਆਂ ਨੇ ‘ਉੜਤਾ ਪੰਜਾਬ’ ਦਾ ਇਹ ਆਖ ਕੇ ਵਿਰੋਧ ਕੀਤਾ ਕਿ ਇਸ ਫ਼ਿਲਮ ਵਿੱਚ ਪੰਜਾਬ ਦਾ ਅਕਸ ਵਿਗਾੜ ਕੇ ਪੇਸ਼ ਕੀਤਾ ਗਿਆ ਹੈ। ”ਕੀ ਇਹ ਸੱਚ ਨਹੀਂ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਵੇਲੇ ਨਸ਼ਿਆਂ ਦਾ ਅਜਗਰ ਨਿਗਲਦਾ ਜਾ ਰਿਹਾ ਹੈ?”
ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੱਕ ਪੰਜਾਬ ‘ਚ ‘ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸਿਆਸੀ ਪ੍ਰਭੂਆਂ’ ਨੂੰ ਕਾਬੂ ਨਹੀਂ ਕੀਤਾ ਜਾਂਦਾ, ਤਦ ਤੱਕ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਹਰੇਕ ਪੰਜਾਬੀ ਨੂੰ ਪੰਾ ਹੈ ਕਿ ਪੰਜਾਬ ‘ਚ ”ਨਸ਼ਿਆਂ ਦਾ ਕਾਰੋਬਾਰ ਕਰਨ ਵਾਲਾ ਉਹ ਪ੍ਰਭੂ” ਕੌਣ ਹੈ।

LEAVE A REPLY