4ਵਾਸ਼ਿੰਗਟਨ : ਅਮਰੀਕਾ ਨੇ ਨਿਊਕਲੀਅਰ ਸਪਲਾਇਰ ਗਰੁੱਪ ਦੀ ਮੈਂਬਰਸ਼ਿਪ ਵਿੱਚ ਭਾਰਤ ਦੇ ਦਾਅਵੇ ਦਾ ਸਮਰਥਨ ਦੇਣ ਲਈ ਕਿਹਾ ਹੈ। ਸਿਓਲ ਵਿੱਚ ਭਲਕੇ ਬੁੱਧਵਾਰ ਨੂੰ ਐਨ.ਐਸ.ਜੀ. ਦੀ ਮੀਟਿੰਗ ਹੋਣੀ ਹੈ। ਅਮਰੀਕਾ ਵੱਲੋਂ ਇਹ ਬਿਆਨ ਉਸ ਵੇਲੇ ਆਇਆ, ਜਦੋਂ ਚੀਨ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਭਾਰਤ ਦੀ ਮੈਂਬਰਸ਼ਿਪ ਏਜੰਡੇ ਵਿੱਚ ਹੀ ਨਹੀਂ ਹੈ। ਚੀਨ ਸ਼ੁਰੂ ਤੋਂ ਹੀ ਐਨ.ਐਸ.ਜੀ. ਵਿੱਚ ਭਾਰਤ ਦੀ ਮੈਂਬਰਸ਼ਿਪ ਦਾ ਵਿਰੋਧ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਭਾਰਤ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਪਾਕਿਸਤਾਨ ਨੂੰ ਵੀ ਦੇਣ ਦੀ ਮੰਗ ਕੀਤੀ ਹੈ।
ਵਾਈਟ ਹਾਉਸ ਦੇ ਪ੍ਰੈੱਸ ਸਕੱਤਰ ਜਾਸ਼ ਅਰਨੈਸਟ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ਸਾਡਾ ਮੰਨਣਾ ਹੈ ਕਿ ਭਾਰਤ ਮੈਂਬਰਸ਼ਿਪ ਲਈ ਤਿਆਰ ਹੈ। ਅਮਰੀਕਾ ਨੇ ਐਨ.ਐਸ.ਜੀ. ਦੀ ਬੈਠਕ ਲਈ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਦਾ ਸਮਰਥਨ ਕਰਨ। ਉਨ੍ਹਾਂ ਕਿਹਾ ਕਿ ਅਮਰੀਕਾ ਪੱਕੇ ਤੌਰ ‘ਤੇ ਭਾਰਤ ਦਾ ਸਮਰਥਨ ਕਰੇਗਾ। ਜ਼ਿਕਰਯੋਗ ਹੈ ਕਿ ਮੋਦੀ ਦੇ ਯੂ.ਐਸ. ਦੌਰੇ ਵਿੱਚ ਓਬਾਮਾ ਨੇ ਭਾਰਤ ਦੀ ਮੈਂਬਰਸ਼ਿਪ ਦੀ ਅਰਜ਼ੀ ਦਾ ਸਵਾਗਤ ਕੀਤਾ ਸੀ ਪਰ ਚੀਨ ਇਸ ਦਾ ਵਿਰੋਧ ਕਰ ਰਿਹਾ ਹੈ। ਚੀਨ ਨੇ ਕਿਹਾ ਸੀ ਕਿ ਐਨ.ਐਸ.ਜੀ. ਦੀ ਮੈਂਬਰਸ਼ਿਪ ਹਾਲੇ ਵੀ ਵੰਡੀ ਹੋਈ ਹੈ। ਹਾਲੇ ਕਿਸੇ ਵੀ ਦੇਸ਼ ਦੀ ਮੈਂਬਰਸ਼ਿਪ ਲਈ ਗੱਲ ਕਰਨ ਦਾ ਸਹੀ ਸਮਾਂ ਨਹੀਂ ਹੈ।

LEAVE A REPLY