ajit_weeklyਇੱਕ ਦਿਨ, ਕੁਝ ਵੀ ਬਚਿਆ ਨਹੀਂ ਰਹੇਗਾ। ਸਭ ਕੁਝ ਖ਼ਤਮ ਹੋ ਜਾਏਗਾ। ਇਮਾਰਤਾਂ ਨੇਸਤੋਨਾਬੂਦ ਹੋ ਜਾਣਗੀਆਂ। ਦਰਿਆ ਆਪਣੀ ਦਿਸ਼ਾ ਬਦਲ ਲੈਣਗੇ। ਪਹਾੜ ਢਹਿ-ਢੇਰੀ ਹੋ ਜਾਣਗੇ। ਜੇਕਰ ਅਸੀਂ ਬਹੁਤੀ ਜ਼ਿਆਦਾ ਦੇਰ ਇੱਥੇ ਇੰਤਜ਼ਾਰ ਕੀਤਾ ਤਾਂ ਇਹ ਵੀ ਹੋ ਸਕਦੈ ਕਿ ਸਾਡਾ ਸੂਰਜ ਇੱਕ ਸੁਪਰਨੋਵਾ ਤਾਰੇ ਵਿੱਚ ਤਬਦੀਲ ਹੋ ਜਾਵੇ (ਇੱਕ ਅਜਿਹਾ ਤਾਰਾ ਜਿਹੜਾ ਫ਼ਟਣ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਰੌਸ਼ਨੀ ਕਰਦੈ), ਅਤੇ ਸਾਡੀ ਧਰਤੀ ਨੂੰ ਹੀ ਸੁਆਹ ਕਰ ਕੇ ਰੱਖ ਦੇਵੇ। ਅਗਲੀ ਵਾਰ ਜਦੋਂ ਤੁਸੀਂ ਕਿਸੇ ਟ੍ਰੈਫ਼ਿਕ ਲੇਨ ਵਿੱਚ ਫ਼ਸੇ ਹੋਏ ਹੋਵੋ ਤਾਂ ਮੇਰੀ ਇਸ ਗੱਲ ਨੂੰ ਜ਼ਰੂਰ ਵਿਚਾਰਿਓ। ਘੱਟੋ ਘੱਟ, ਜੋ ਕੁਝ ਮੈਂ ਉੱਪਰ ਬਿਆਨ ਕਰ ਕੇ ਆਇਆਂ ਉਹ ਸਭ ਕੁਝ ਤੁਹਾਡੀ ਅਗਲੀ ਐਗਜ਼ਿਟ ਆਉਣ ਤੋਂ ਪਹਿਲਾਂ ਤਾਂ ਬਿਲਕੁਲ ਨਹੀਂ ਵਾਪਰਣ ਵਾਲਾ। ਧਰਤੀ ਕੋਈ ਨਹੀਂ ਜੇ ਫ਼ਟਣ ਲੱਗੀ ਅਤੇ ਨਾ ਹੀ ਸੂਰਜ ਛੇਤੀ ਕਿਤੇ ਪਿਘਲਣ ਵਾਲੈ। ਤੇ ਜੇ ਮੈਂ ਇਸ ਵਕਤ ਥੋੜ੍ਹਾ ਧੀਰਜ ਰੱਖਣ ਦਾ ਲੈਕਚਰ ਦੇ ਰਿਹਾਂ ਤਾਂ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਤੁਹਾਨੂੰ ਕਿਸੇ ਸ਼ਾਨਦਾਰ ਚੀਜ਼ ਦੇ ਵਾਪਰਣ ਦਾ ਇੰਤਜ਼ਾਰ ਉਮਰ ਭਰ ਕਰਨਾ ਪਵੇਗਾ। ਉਹ ਚੰਗੀ ਸ਼ੈਅ ਤਾਂ ਪਹਿਲਾਂ ਹੀ ਆਪਣੇ ਰਾਹੇ ਪੈ ਚੁੱਕੀ ਐ, ਅਤੇ ਤੁਹਾਡੇ ਤਕ ਬੱਸ ਅੱਪੜਨ ਹੀ ਵਾਲੀ ਹੈ। ਬੱਸ, ਜ਼ਰਾ ਸਬਰ ਤੋਂ ਕੰਮ ਲਓ!
ਜਦੋਂ ਅਸੀਂ ਕਦੇ ਇਹ ਸੋਚਣ ਲਈ ਰੁਕਦੇ ਹਾਂ ਕਿ ਇਸ ਧਰਤੀ ‘ਤੇ ਜੀਵਤ ਹੋਣਾ ਹੀ ਸਾਡੇ ਲਈ ਇੱਕ ਵੱਡੀ ਖ਼ੁਸ਼ਕਿਸਮਤੀ ਵਾਲੀ ਗੱਲ ਹੈ ਅਤੇ ਆਪਣੇ ਮਨ ਦੀ ਹਰ ਇੱਛਾ ਪੂਰੀ ਕਰਨ ਅਤੇ ਸੁਪਨੇ ਸਾਕਾਰ ਕਰਨ ਲਈ ਸਾਡੇ ਕੋਲ ਕਿੰਨਾ ਸੀਮਿਤ ਸਮਾਂ ਹੈ ਤਾਂ ਸਾਨੂੰ ਇਹ ਸਪੱਸ਼ਟ ਅਹਿਸਾਸ ਹੁੰਦਾ ਹੈ ਕਿ ਇਸ ਧਰਤੀ ‘ਤੇ ਸਾਡਾ ਹਰ ਪਲ ਬਹੁਤ ਜ਼ਿਆਦਾ ਕੀਮਤੀ ਹੈ। ਫ਼ਿਰ ਵੀ ਕਈ ਅਜਿਹੇ ਪਲ ਹੁੰਦੇ ਹਨ ਜਿਹੜੇ ਸਾਡੇ ਲਈ ਬਹੁਤੇ ਖ਼ਾਸ ਨਹੀਂ ਹੁੰਦੇ। ਅਜਿਹੇ ਪਲ ਜਿਨ੍ਹਾਂ ਦੌਰਾਨ ਅਸੀਂ ਕੇਵਲ ਆਪਣੀਆਂ ਮੁਸ਼ਕਿਲਾਂ, ਆਪਣੇ ਫ਼ਰਜ਼ਾਂ ਜਾਂ ਦੁਖੀ ਹੋਣ ਦੇ ਆਪਣੇ ਕਾਰਨਾਂ ਬਾਰੇ ਹੀ ਸੋਚ ਸਕਦੇ ਹਾਂ। ਇਸ ਤੋਂ ਵੀ ਭੈੜੇ ਹੁੰਦੇ ਨੇ ਉਹ ਪਲ ਜਿਨ੍ਹਾਂ ਵਿੱਚ ਸਾਨੂੰ ਆਪਣਾ ਆਪ ਨਾ ਤਾਂ ਚੰਗੇ ਨਾਲ ਭਰਿਆ ਦਿਖਦੈ ਤੇ ਨਾ ਹੀ ਮੰਦੇ ਨਾਲ। ਅਸੀਂ ਬੱਸ ਖ਼ਾਲੀ ਤੇ ਖੋਖਲਾ ਮਹਿਸੂਸ ਕਰਦੇ ਹਾਂ। ਜਦੋਂ ਇਹੋ ਜਿਹੇ ਪਲ ਆਉਂਦੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਫ਼ੜ ਕੇ ਨਹੀਂ ਰੱਖਣਾ ਚਾਹੀਦਾ ਅਤੇ ਉਨ੍ਹਾਂ ਨੂੰ ਗੁਜ਼ਰ ਜਾਣ ਦੇਣਾ ਚਾਹੀਦੈ। ਜ਼ਿੰਦਗੀ ਆਪਣੀ ਪੂਰੇ ਜੋਬਨ ‘ਤੇ ਕਿਹੋ ਜਿਹੀ ਮਹਿਸੂਸ ਹੁੰਦੀ ਹੈ ਇਸ ਦਾ ਅਹਿਸਾਸ ਵੀ ਤੁਹਾਨੂੰ ਛੇਤੀ ਹੀ ਹੋ ਜਾਵੇਗਾ। ਹੌਸਲਾ ਨਾ ਹਾਰਿਓ!
ਸਾਲ 1964 ਤਕ ਇੱਕ ਦਰਖ਼ਤ ਹੋਇਆ ਕਰਦਾ ਸੀ ਜਿਸ ਦਾ ਨਾਮ ਰੱਖਿਆ ਗਿਆ ਸੀ WPN-114 ਅਤੇ ਫ਼ਿਰ ਉਸ ਸਾਲ ਉਸ ਨੂੰ ਵੱਢ ਦਿੱਤਾ ਗਿਆ। ਦਰਅਸਲ, ਉਸ ਵਕਤ ਇੱਕ ਖੋਜ ਕੀਤੀ ਜਾ ਰਹੀ ਸੀ ਜਿਸ ਦੌਰਾਨ ਉਹ ਵਿਚਾਰਾ ਦਰਖ਼ਤ ਇੱਕ ਦੁਰਘਟਨਾ ਕਾਰਨ ਗ਼ਲਤੀ ਨਾਲ ਵੱਢਿਆ ਗਿਆ; ਬਾਅਦ ਵਿੱਚ ਪਤਾ ਚੱਲਿਆ ਕਿ ਉਹ ਦਰਖ਼ਤ ਤਾਂ ਵਿਸ਼ਵ ਦਾ ਸਭ ਤੋਂ ਪੁਰਾਣਾ ਦਰਖ਼ਤ ਸੀ, ਘੱਟੋ ਘੱਟ 4,862 ਸਾਲ ਪੁਰਾਣਾ। ਪਰ ਉਸ ਦਰਖ਼ਤ ਨੂੰ ਤਾਂ ਸ਼ਾਇਦ ਇਹ ਪਤਾ ਵੀ ਨਹੀਂ ਹੋਣਾ ਕਿ ਉਹ ਇੰਨਾ ਬੁੱਢਾ ਹੋ ਚੁੱਕੈ … ਇਸ ਗੱਲ ਤੋਂ ਪੂਰੀ ਤਰ੍ਹਾਂ ਬੇਖ਼ਬਰ ਕਿ ਜਦੋਂ ਹਰ ਰੋਜ਼ ਸੂਰਜ ਉਸ ਦੀਆਂ ਟਹਿਣੀਆਂ ਥਾਣੀਂ ਝਾਤੀਆਂ ਮਾਰਦਾ ਸੀ ਤਾਂ ਉਹ (ਦਰਖ਼ਤ) ਨਵੇਂ ਨਵੇਂ ਰੈਕਰਡ ਕਾਇਮ ਕਰ ਰਿਹਾ ਸੀ। ਕੁਝ ਸਫ਼ਲਤਾਵਾਂ ਦੀ ਮਹੱਤਤਾ ਦਾ ਅਹਿਸਾਸ ਸਾਨੂੰ ਕੇਵਲ ਓਦੋਂ ਹੀ ਹੁੰਦੈ ਜਦੋਂ ਉਹ ਖ਼ਤਮ ਹੋ ਚੁੱਕੀਆਂ ਹੁੰਦੀਆਂ ਨੇ; ਉਨ੍ਹਾਂ ‘ਚੋਂ ਕੁਝ ਤਾਂ ਇੰਨੀਆਂ ਸੂਖਮ ਤੇ ਪੇਚੀਦਾ ਹੁੰਦੀਆਂ ਨੇ ਕਿ ਸਾਨੂੰ ਪਤਾ ਹੀ ਨਹੀਂ ਚਲਦਾ ਕਿ ਉਹ ਕਦੋਂ ਵਾਪਰ ਗਈਆਂ। ਛੇਤੀ ਹੀ ਤੁਸੀਂ ਜਿੱਤ ਦਾ ਸੁਆਦ ਚਖ਼ੋਗੇ। ਉਸ ਨੂੰ ਤੁਹਾਨੂੰ ਬਹੁਤਾ ਭਾਲਣ ਦੀ ਲੋੜ ਨਹੀਂ ਪੈਣ ਵਾਲੀ … ਬੱਸ ਇਸ ਬਾਰੇ ਨਿਸ਼ਿਚਿੰਤ ਹੋ ਜਾਓ ਕਿ ਉਹ ਤੁਹਾਡੀ ਜ਼ਿੰਦਗੀ ਵਿੱਚ ਇੱਕ ਸਾਕਾਰਾਤਮਕ ਫ਼ਰਕ ਪਾਵੇਗੀ।
ਇਹ ਸੱਚ ਹੈ ਕਿ ਕਈ ਵਾਰ ਸਾਡੇ ਸੁਪਨੇ ਸਾਡੀ ਪਹੁੰਚ ਤੋਂ ਬਾਹਰ ਜਾਪਦੇ ਨੇ। ਕਈ ਵਾਰ ਸਾਡੀਆਂ ਬਿਹਤਰ ਤੋਂ ਬਿਹਤਰ ਕੋਸ਼ਿਸ਼ਾਂ ਵੀ ਕਾਫ਼ੀ ਨਹੀਂ ਹੁੰਦੀਆਂ ਅਤੇ ਸਾਡੇ ਪੱਲੇ ਸਿਰਫ਼ ਨਿਰਾਸ਼ਾ ਹੀ ਪਾਉਂਦੀਆਂ ਹਨ ਕਿਉਂਕਿ ਸਾਡੀਆਂ ਉਮੀਦਾਂ ਪੂਰੀਆਂ ਹੋਣੋਂ ਰਹਿ ਜਾਂਦੀਆਂ ਹਨ। ਉਸ ਵਕਤ ਇੰਝ ਵੀ ਪ੍ਰਤੀਤ ਹੋ ਸਕਦਾ ਹੈ ਜਿਵੇਂ ਅਸੀਂ ਤਿਨਕਿਆਂ ਦੇ ਸਹਾਰੇ ਤੈਰਨ ਦੀ ਕੋਸ਼ਿਸ਼ ਕਰ ਰਹੇ ਹੋਈਏ। ਪਰ ਤੁਹਾਡਾ ਇੱਕ ਹਿੱਸਾ ਹਾਲੇ ਵੀ ਇਸ ਗੱਲ ਵਿੱਚ ਯਕੀਨ ਰੱਖਦੈ ਕਿ ਜੇ ਕਿਸੇ ਚੀਜ਼ ਦੀ ਕਲਪਨਾ ਕੀਤੀ ਜਾ ਸਕਦੀ ਹੈ ਤਾਂ ਉਸ ਨੂੰ ਹੋਂਦ ਵਿੱਚ ਵੀ ਲਿਆਇਆ ਜਾ ਸਕਦੈ। ਆਖ਼ਿਰ, ਜੇ ਸੁਪਨੇ ਦੇਖਣ ਵਾਲੇ ਇਸ ਸੰਸਾਰ ਵਿੱਚ ਮੌਜੂਦ ਨਾ ਹੁੰਦੇ ਤਾਂ ਅੱਜ ਅਸੀਂ ਦੂਰ ਦੁਰਾਡੇ ਦੇ ਵਿਦੇਸ਼ੀ ਅਤੇ ਮਨਮੋਹਣੇ ਸਥਾਨਾਂ ‘ਤੇ ਫ਼ੌਰਨ ਜਹਾਜ਼ ਫ਼ੜ ਕੇ ਕਿਵੇਂ ਅੱਪੜ ਸਕਦੇ ਜਾਂ ਦੁਨੀਆਂ ਭਰ ਤੋਂ ਟੀ.ਵੀ. ਚੈਨਲ ਕਿਵੇਂ ਦੇਖ ਸਕਦੇ। ਕਿਸੇ ਛੋਟੇ ਜਿਹੇ, ਪਰ ਮਹੱਤਵਪੂਰਨ, ਸੁਪਨੇ ਦੇ ਸਾਕਾਰ ਹੋਣ ਦਾ ਜਸ਼ਨ ਮਨਾਉਣ ਲਈ ਤਿਆਰ ਹੋ ਜਾਓ।
”ਦਿਲ ਚਾਹੁੰਦੈ ਜੋ ਦਿਲ ਚਾਹੁੰਦੈ।” ਐਮਿਲੀ ਡਿਕਨਸਨ ਇਸ਼ਕ ਵਿੱਚ ਮੁਬਤਿਲਾ ਲੋਕਾਂ ਦੇ ਦਿਲਾਂ ਦੀ ਟੀਸ ਨੂੰ ਚੰਗੀ ਤਰ੍ਹਾਂ ਸਿਆਣਦੀ ਸੀ। ਪਰ ਉਹ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਿਸ ਵਿੱਚ ਅਸੀਂ ਕੇਵਲ ਆਪਣੇ ਦਿਲ ਦੀ ਹੀ ਗੱਲ ਸੁਣਦੇ ਹੋਵਾਂਗੇ? ਕੇਵਲ ਦਿਲ ਦੀ ਸੁਣ ਕੇ, ਸ਼ਕਤੀਸ਼ਾਲੀ ਭਾਵਨਾਵਾਂ ਦੀਆਂ ਲਹਿਰਾਂ ‘ਤੇ ਤੈਰਦੇ ਹੋਏ, ਅਸੀਂ ਕਿਤੇ ਕਿਸੇ ਦੁਰਾਡੇ ਟਾਪੂ ਦੇ ਕਿਨਾਰੇ ‘ਤੇ ਤਾਂ ਨਹੀਂ ਪਹੁੰਚ ਜਾਵਾਂਗੇ, ਪਿੱਛੇ ਛੁੱਟ ਚੁੱਕੀ ਜ਼ਿੰਦਗੀ ਨੂੰ ਤਰਸਦੇ ਹੋਏ? ਭਾਵਨਾਵਾਂ ਦਾ ਸੁਨਾਮੀ ਸਾਨੂੰ ਅਣਜਾਣ ਇਲਾਕਿਆਂ ਵਿੱਚ ਲੈ ਜਾਂਦਾ ਹੈ, ਅਤੇ ਇਹ ਸਮਝਣ ਲਈ ਕਿ ਅਸੀਂ ਕਿੱਥੇ ਹਾਂ ਸਾਨੂੰ ਆਪਣੇ ਨਾਲ ਆਪਣੇ ਸੋਚਣ ਵਾਲੇ ਸਿਰਾਂ ਦੀ ਲੋੜ ਹੁੰਦੀ ਹੈ। ਬ੍ਰਹਿਮੰਡੀ ਤਸਵੀਰ ਦਿਲ ਦੇ ਮਾਮਲਿਆਂ ਨੂੰ ਤੁਹਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਰਹੀ ਹੈ। ਆਪਣਾ ਦਿਮਾਗ਼ ਆਪਣੇ ਨਾਲ ਰੱਖਣ ਵਿੱਚ ਹੀ ਸਮਝਦਾਰੀ ਹੋਵੇਗੀ।
ਤੁਹਾਡੇ ਵਿੱਚ ਦੂਸਰਿਆਂ ਨੂੰ ਹੈਰਾਨ ਕਰਨ ਦੀ ਸਲਾਹੀਅਤ ਹੈ। ਅਤੇ ਜਿਸ ਬੰਦੇ ਨੂੰ ਤੁਸੀਂ ਸੰਭਾਵੀ ਤੌਰ ‘ਤੇ ਹੈਰਾਨ ਕਰੋਗੇ, ਉਹ ਤੁਸੀਂ ਖ਼ੁਦ ਹੀ ਹੋ! ਹੁਣ ਵੇਲਾ ਆ ਚੁੱਕੈ ਆਪਣੇ ਉੱਪਰ ਖ਼ੁਦ ਹੀ ਥੋਪੀਆਂ ਪਾਬੰਦੀਆਂ ਨੂੰ ਹਟਾਉਣ ਦਾ ਅਤੇ ਇਸ ਗੱਲ ਦਾ ਅਹਿਸਾਸ ਕਰਨ ਦਾ ਕਿ ਤੁਹਾਡੇ ਅੰਦਰ ਕਿੰਨੀ ਸੰਭਾਵਨਾ ਲੁਕੀ ਹੋਈ ਹੈ। ਪਰ ਇਸ ਸੰਭਾਵਨਾ ਨੂੰ ਤੁਸੀਂ ਤਾਂ ਹੀ ਪਹਿਚਾਣ ਸਕੋਗੇ ਜੇਕਰ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਤੁਹਾਡੇ ਅੰਦਰ ਇਹ ਸੰਭਾਵਨਾ ਮੌਜੂਦ ਹੈ। ਇਹ ਇੰਝ ਹੀ ਹੈ ਜਿਵੇਂ ਤੁਹਾਨੂੰ ਆਪਣੇ ਬਗ਼ੀਚੇ ਵਿੱਚੋਂ ਜੰਗਲੀ ਬੂਟੀਆਂ ਪੁੱਟਦਿਆਂ ਪੁੱਟਦਿਆਂ ਇੰਨੀ ਦੇਰ ਹੋ ਚੁੱਕੀ ਹੋਵੇ ਕਿ ਤੁਸੀਂ ਕਿਨਾਰਿਆਂ ‘ਤੇ ਉੱਗੇ ਫੁੱਲਾਂ ਨੂੰ ਨੋਟਿਸ ਕਰਨੋਂ ਹੀ ਖੁੰਝ ਗਏ। ਉਨ੍ਹਾਂ ਵਿੱਚੋਂ ਕੁਝ ਨੂੰ ਇੱਕ ਬੁੱਕੇ ਵਿੱਚ ਸਜਾਓ। ਆਪਣੇ ਆਪ ਨੂੰ ਆਨੰਦ ਦਿਓ, ਅਤੇ ਤੁਸੀਂ ਦੇਖੋਗੇ ਕਿ ਦੂਸਰੇ ਵੀ ਤੁਹਾਡੇ ਆਨੰਦ ਦਾ ਧਿਆਨ ਰੱਖਣਾ ਸ਼ੁਰੂ ਕਰ ਦੇਣਗੇ।

LEAVE A REPLY