kahaniya-300x150ਮੈਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਰਿਤਾ ਵਿਹਾਰ ਪਹੁੰਚ ਗਿਆ। ਘਰ ਵੀ ਲੱਭ ਗਿਆ ਪਰ ਮੈਂ ਦਰਵਾਜ਼ੇ ਕੋਲ ਪਹੁੰਚ ਕੇ ਘਬਰਾ ਗਿਆ। ਮੈਂ ਦਰਵਾਜ਼ੇ ਦੀ ਘੰਟੀ ‘ਤੇ ਹੱਥ ਰੱਖਦਾ ਤੇ ਝੱਟ ਪਾਸੇ ਕਰ ਲੈਂਦਾ ਕਿ ਕਿਵੇਂ ਇਸ ਘਰ ਦੇ ਲੋਕਾਂ ਨੂੰ ਆਪਣੀ ਪਛਾਣ ਕਰਾਵਾਂਗਾ। ਘੰਟੀ ਦਾ ਬਟਨ ਦੱਬਣ ਦੀ ਮੇਰੀ ਹਿੰਮਤ ਨਹੀਂ ਸੀ ਹੋ ਰਹੀ। ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ।
ਪਾਕਿਸਤਾਨ ਦੀ ਸਰਹੱਦ ਲੰਘ ਕੇ  ਜਦ ਰੇਲ ਗੱਡੀ ਹਿੰਦੋਸਤਾਨ ‘ਚ ਵੜੀ ਸੀ ਤਾਂ ਮੈਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਸੀ। ਮੈਂ ਚੁੱਪਚਾਪ ਆਪਣੀ ਸੀਟ ‘ਤੇ ਬੈਠਾ ਸਾਂ। ਦੂਜੇ ਕਿਸੇ ਮੁਸਾਫ਼ਰ ਨਾਲ ਗੱਲ ਕਰਨ ਦਾ ਭੋਰਾ ਮਨ ਨਹੀਂ ਸੀ ਕਰਦਾ। ਮੈਂ ਆਪਣੇ ਹੀ ਖ਼ਿਆਲਾਂ ਵਿੱਚ ਗੁਆਚਾ ਹੋਇਆ ਸਾਂ। ਮੇਰੀਆਂ ਅੱਖਾਂ ਸਾਹਮਣੇ ਅੰਮੀ ਦੀਆਂ ਹੰਝੂਆਂ ਭਰੀਆਂ ਅੱਖਾਂ ਅਤੇ ਕੰਬਦੇ ਹੋਂਠ ਰਹਿ-ਰਹਿ ਕੇ ਆ ਰਹੇ ਸਨ। ਮੈਂ ਰੇਲ ਦੇ ਡੱਬੇ ‘ਚ ਲੱਗੇ ਸ਼ੀਸ਼ੇ ਮੂਹਰੇ ਜਾ ਕੇ ਆਪਣਾ ਚਿਹਰਾ ਵੇਖਦਾ ਤਾਂ ਇਸ ਤਰ੍ਹਾਂ ਘੂਰਦਾ ਜਿਵੇਂ ਕਿਸੇ ਓਪਰੇ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਹੋਵਾਂ।
ਕਿੰਨਾ ਅਜੀਬ ਲੱਗ ਰਿਹਾ ਸੀ। ਪੱਚੀ ਸਾਲ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੀ ਅੰਮੀ ਅਨਵਰ, ਪਹਿਲਾਂ ਕਦੇ ਦੀਪਾ ਸ੍ਰੀਵਾਸਤਵ ਸੀ। ਬੜੀ ਹਿੰਮਤ ਅਤੇ ਮਨ ਕਰੜਾ ਕਰ ਕੇ ਉਨ੍ਹਾਂ ਨੇ ਮੈਨੂੰ ਦੱਸਿਆ ਸੀ। ਮੇਰੇ ਕੰਨਾਂ ਵਿੱਚ ਇੱਕ ਖ਼ਾਮੋਸ਼ ਚੀਖ ਗੂੰਜ ਰਹੀ ਸੀ ਜਿਸ ਨੂੰ ਸਿਰਫ਼ ਮੈਂ ਹੀ ਸੁਣ ਸਕਦਾ ਸੀ। ਅੰਮੀ ਪਹਿਲਾਂ ਹਿੰਦੂ ਸੀ, ਉਨ੍ਹਾਂ ਨੇ ਮੈਨੂੰ ਦੱਸ ਦਿੱਤਾ ਸੀ। ਕੁਝ ਨਹੀਂ ਸੀ ਲੁਕੋਇਆ।
ਸਿਆਲਕੋਟ ‘ਚ ਜਦੋਂ ਬੜੀ ਬੇਰਹਿਮੀ ਨਾਲ ਲੋਕਾਂ ਦਾ ਕਤਲੇਆਮ ਹੋ ਰਿਹਾ ਸੀ ਉਦੋਂ ਅੰਮੀ ਦਾ ਪਰਿਵਾਰ ਭੱਜ ਖੜ੍ਹਾ ਹੋਇਆ ਸੀ। ਅੰਮੀ ਕਾਲਜ ਗਈ ਹੋਈ ਸੀ। ਪਰਿਵਾਰ ਵਾਲੇ ਕਾਲਜ ਜਾ ਕੇ ਉਹਨੂੰ ਆਪਣੇ ਨਾਲ ਲਿਜਾ ਨਹੀਂ ਸਕੇ। ਸਾਰੇ ਪਾਸੇ ਫ਼ਸਾਦ ਸੀ। ਸਾਰੇ ਆਪੋ-ਆਪਣੀ ਜਾਨ ਬਚਾ ਕੇ ਭੱਜ ਰਹੇ ਸਨ। ਅੰਮੀ ਜਦੋਂ ਕਾਲਜੋਂ ਪਰਤੀ ਤਾਂ ਹਰ ਪਾਸੇ ਅੱਗ ਦੇ ਸ਼ੋਅਲੇ ਨਜ਼ਰ ਆ ਰਹੇ ਸਨ। ਉਨ੍ਹਾਂ ਦਾ ਅਤੇ ਹੋਰ ਬਹੁਤ ਸਾਰੇ ਘਰ ਅੱਗ ਦੀ ਲਪੇਟ ‘ਚ ਆ ਚੁੱਕੇ ਸਨ। ਇਉਂ ਜਾਪਦਾ ਸੀ ਜਿਵੇਂ ਦਰਜਨਾਂ ਚਿਤਾਵਾਂ ਨੂੰ ਇਕੱਠਿਆਂ ਅੱਗ ਲਾ ਦਿੱਤੀ ਹੋਵੇ।ਅੰਮੀ ਘਬਰਾਈ ਹੋਈ ਇਸ ਬਰਬਾਦੀ ਨੂੰ ਵੇਖ ਰਹੀ ਸੀ ਕਿ ਇੰਨੇ ‘ਚ ਉਨ੍ਹਾਂ ਨੂੰ ਦੋ ਬਦਮਾਸ਼ਾਂ ਨੇ ਆ ਨੱਪਿਆ। ਇਨਸਾਨ ਦੇ ਦਿਲ ‘ਚੋਂ ਜਦੋਂ ਸਮਾਜ ਦਾ ਡਰ ਖ਼ਤਮ ਹੋ ਜਾਂਦਾ ਹੈ ਤਾਂ ਫਿਰ ਉਹ ਆਪਣੇ ਅਸਲੀ ਰੂਪ ‘ਚ ਆ ਜਾਂਦਾ ਹੈ। ਫਿਰ ਮਨੁੱਖ ਅਤੇ ਜਾਨਵਰ ‘ਚ ਕੋਈ ਫ਼ਰਕ ਨਹੀਂ ਰਹਿ ਜਾਂਦਾ। ਅੰਮੀ ਨੇ ਸਿਸਕੀਆਂ ਭਰਦਿਆਂ ਦੱਸਿਆ ਕਿ ਜਦੋਂ ਉਹ ਜਾਨਵਰ ਉਸ ਨੂੰ ਨੋਚ-ਨੋਚ ਕੇ ਖਾਣ ਆ ਰਹੇ ਸਨ ਤਾਂ ਉਸ ਵੇਲੇ ਤੁਹਾਡੇ ਅੱਬਾ ਆ ਗਏ। ਉਨ੍ਹਾਂ ਦੇ ਹੱਥ ‘ਚ ਰਿਵਾਲਵਰ ਵੇਖ ਕੇ ਦੋਵੇਂ ਬਦਮਾਸ਼ ਭੱਜ ਖੜ੍ਹੇ ਹੋਏ। ਅੱਬਾ, ਅੰਮੀ ਨੂੰ ਘਰ ਲੈ ਗਏ ਅਤੇ ਦਾਦੀ ਅੰਮਾ ਦੇ ਸਪੁਰਦ ਕਰ ਦਿੱਤਾ। ਅੰਮੀ ਅੱਜ ਵੀ ਅੱਬਾ ਨੂੰ ਫਰਿਸ਼ਤਾ ਸਮਝਦੀ ਹੈ, “ਜੇ ਅੱਬਾ ਨਾ ਆਉਂਦੇ ਤਾਂ੩।” ਅੰਮੀ ਦਾ ਦਿਲ ਇਹ ਸੋਚ ਕੇ ਅੱਜ ਵੀ ਕੰਬ ਉੱਠਦਾ ਹੈ।ਮੇਰੇ ਅੱਬਾ ਜਾਨਵਰ ਨਹੀਂ ਬਣੇ। ਉਨ੍ਹਾਂ ਵਿੱਚ ਇਨਸਾਨੀਅਤ ਸੀ। ਇੱਕ ਮਹੀਨੇ ਪਿੱਛੋਂ ਅੰਮੀ ਨੇ ਖ਼ੁਸ਼ੀ ਨਾਲ ਅੱਬਾ ਦਾ ਹੱਥ ਜ਼ਿੰਦਗੀ ਭਰ ਲਈ ਫੜ ਲਿਆ ਸੀ ਅਤੇ ਫਿਰ ਸਾਲ ਪਿੱਛੋਂ ਉਨ੍ਹਾਂ ਦੀ ਬਗੀਚੀ ਵਿੱਚ ਫੁੱਲ ਦੇ ਰੂਪ ਵਿੱਚ ਮੈਂ ਮਹਿਕ ਪਿਆ ਸੀ। ਮੇਰਾ ਨਾਂ ਆਫ਼ਤਾਬ ਆਲਮ ਰੱਖਿਆ ਗਿਆ।ਸਮੇਂ ਦਾ ਪਰਿੰਦਾ ਉੱਠਦਾ ਰਿਹਾ। ਦਿਨ, ਹਫ਼ਤੇ ਅਤੇ ਮਹੀਨੇ ਗੁਜ਼ਰਦੇ ਰਹੇ। ਜਦੋਂ ਅੰਮੀ ਇੰਗਲੈਂਡ ਗਈ ਤਾਂ ਉੱਥੇ ਉਨ੍ਹਾਂ ਦੀ ਮੁਲਾਕਾਤ ਆਪਣੇ ਬਚਪਨ ਦੀ ਸਹੇਲੀ ਨਾਲ ਹੋ ਗਈ। ਉਨ੍ਹਾਂ ਹੀ ਅੰਮੀ ਨੂੰ ਦੱਸਿਆ ਕਿ ਉਨ੍ਹਾਂ ਦੇ ਮਾਪੇ ਦਿੱਲੀ ਵਿੱਚ ਹਨ ਅਤੇ ਸਰਿਤਾ ਵਿਹਾਰ ਵਿੱਚ ਰਹਿੰਦੇ ਹਨ। ਅੰਮੀ ਦੇ ਦਿਲ ਵਿੱਚ ਸੈਂਕੜੇ ਤੂਫ਼ਾਨ ਉੱਠੇ ਹੋਣਗੇ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਸੱਤ ਦਿਨਾਂ ਲਈ ਸਰਕਾਰ ਦਿੱਲੀ ਭੇਜ ਰਹੀ ਹੈ। ਅੰਮੀ ਨੇ ਸੋਚਿਆ ਹੋਵੇਗਾ: ਦੱਸਾਂ ਕਿ ਨਾ ਦੱਸਾਂ? ਪੁਰਾਣੀ ਰਾਖ ਫਰੋਲਣ ਨਾਲ ਕੋਈ ਨਾ ਕੋਈ ਮਘਦਾ ਅੰਗਾਰਾ ਮਿਲ ਹੀ ਜਾਂਦਾ ਹੈ।  ਰਾਖ ਨੂੰ ਫਰੋਲਣ ਦਾ ਕੀ ਫ਼ਾਇਦਾ ਅਤੇ ਫਿਰ ਇੱਕ ਗੱਲ ਇਹ ਵੀ ਕਿ ਉਨ੍ਹਾਂ ਲੋਕਾਂ ਉੱਤੇ ਇਸ ਗੱਲ ਦਾ ਕੀ ਅਸਰ ਹੋਵੇਗਾ੩? ਸਮੇਂ ਦੇ ਉਤਰਾਅ-ਚੜ੍ਹਾਅ ਨੇ ਅੰਮੀ ਦੇ ਦਿਲ ਨੂੰ ਪੱਥਰ ਬਣਾ ਦਿੱਤਾ ਹੋਵੇਗਾ। ਆਪਣੇ ਦਿੱਲੀ ਜਾਣ ਬਾਰੇ ਮੈਂ ਉਨ੍ਹਾਂ ਨੂੰ ਦੱਸਿਆ ਤਾਂ ਉਨ੍ਹਾਂ ਦੇ ਸਾਹ ਤੇਜ਼ ਹੋ ਗਏ ਅਤੇ ਕੁਝ ਚਿਰ ਤਾਂ ਉਹ ਬਿਲਕੁਲ ਖ਼ਾਮੋਸ਼ ਬੈਠੇ ਰਹੇ। ਥੋੜ੍ਹੇ ਚਿਰ ਪਿੱਛੋਂ ਮੈਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਝਰਨੇ ਵਗਦੇ ਵੇਖੇ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਇੰਨਾ ਰੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਸਭ ਕੁਝ ਦੱਸ ਦਿੱਤਾ।ਤੁਰਨ ਵੇਲੇ ਅੰਮੀ ਨੇ ਮੈਨੂੰ ਕੁਝ ਫੋਟੋਆਂ ਦਿੱਤੀਆਂ। ਇੱਕ ਲਿਫ਼ਾਫ਼ੇ ਵਿੱਚ ਉਨ੍ਹਾਂ ਨੇ ਕੋਈ ਚੀਜ਼ ਪਾ ਕੇ ਮੈਨੂੰ ਫੜਾ ਦਿੱਤਾ ਅਤੇ ਭਰੇ ਗਲੇ ਨਾਲ ਕਿਹਾ, “ਇਹ ਲਿਫ਼ਾਫ਼ਾ ਆਪਣੀ ਨਾਨੀ ਨੂੰ ਦੇ ਦੇਣਾ।”ਅੰਮੀ ਦੀ ਸਹੇਲੀ ਨੇ ਪਤਾ ਠੀਕ ਹੀ ਦੱਸਿਆ ਸੀ। ਸਰਿਤਾ ਵਿਹਾਰ ਪਹੁੰਚ ਕੇ ਘਰ ਲੱਭਣ ‘ਚ ਮੈਨੂੰ ਕੋਈ ਔਕੜ ਨਾ ਆਈ ਪਰ ਪਤਾ ਨਹੀਂ ਕਿਉਂ ਮੇਰਾ ਦਰਵਾਜ਼ੇ ‘ਤੇ ਲੱਗੀ ਘੰਟੀ ਵਜਾਉਣ ਦਾ ਹੌਂਸਲਾ ਨਹੀਂ ਸੀ ਹੋ ਰਿਹਾ। ਅਖ਼ੀਰ ਮੈਂ ਘੰਟੀ ਦਾ ਬਟਨ ਦੱਬ ਹੀ ਦਿੱਤਾ।”ਕੌਣ੩?” ਇੱਕ ਮਰੀ ਜਿਹੀ ਆਵਾਜ਼ ਸੁਣਾਈ ਦਿੱਤੀ।ਮੇਰੇ ਸਾਹ ਇਕਦਮ ਰੁਕਣ ਲੱਗੇ। ਮੈਂ ਹੌਂਸਲਾ ਕਰ ਕੇ ਕਿਹਾ, “ਮਿਹਰਬਾਨੀ ਕਰ ਕੇ ਦਰਵਾਜ਼ਾ ਖੋਲ੍ਹੋ।” ਜਿਉਂ ਹੀ ਦਰਵਾਜ਼ਾ ਖੁੱਲ੍ਹਿਆ, ਮੇਰੀ ਨਜ਼ਰ ਉਨ੍ਹਾਂ ‘ਤੇ ਪਈ ਤਾਂ ਮੈਂ ਵੇਖ ਕੇ ਹੈਰਾਨ ਰਹਿ ਗਿਆ। ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੇਰੀ ਅੰਮੀ ਬੁੱਢੀ ਹੋ ਕੇ ਮੇਰੇ ਸਾਹਮਣੇ ਆਣ ਖੜ੍ਹੀ ਹੋਵੇ। ਉਹ ਦੂਧੀਆ ਰੰਗ, ਗੁਲਾਬ ਪੰਖੜੀਆਂ ਵਰਗੇ ਹੋਂਠ, ਸਿਰ ਅਜਿਹਾ ਜਿਵੇਂ ਬਰਫ਼ ਨਾਲ ਢਕੀ ਹੋਈ ਚੋਟੀ ਹੋਵੇ। ਹੂ-ਬ-ਹੂ ਅੰਮੀ ਵਰਗੀ, ਮੇਰੀ ਨਾਨੀ।ਮੈਂ ਝੁਕ ਕੇ ਕਿਹਾ, “ਆਦਾਬ!” “ਤੁਸੀਂ ਕੌਣ ਹੋ੩?” ਉਨ੍ਹਾਂ ਨੇ ਜਾਣਨਾ ਚਾਹਿਆ। ਉਨ੍ਹਾਂ ਦੀ ਆਵਾਜ਼ ‘ਚ ਉਹੀ ਮਿਠਾਸ ਸੀ ਜੋ ਅੰਮੀ ਦੇ ਹੋਠਾਂ ਤੋਂ ਟਪਕਦੀ ਹੈ।”ਮੁਆਫ਼ ਕਰਨਾ੩ ਕੀ ਗੀਤਾ ਸ੍ਰੀਵਾਸਤਵ ਇੱਥੇ ਰਹਿੰਦੇ ਨੇ੩?” ਮੈਂ ਬੜੀ ਹਿੰਮਤ ਕਰ ਕੇ ਪੁੱਛਿਆ।
ਉਨ੍ਹਾਂ ਨੇ ਜਦੋਂ ਮੈਨੂੰ ਵੱਡੀਆਂ-ਵੱਡੀਆਂ ਅੱਖਾਂ ਖੋਲ੍ਹ ਕੇ ਵੇਖਿਆ ਤਾਂ ਮੈਨੂੰ ਲੱਗਿਆ ਜਿਵੇਂ ਸੰਗਮਰਮਰ ਦੇ ਮਹਿਲ ਦੀਆਂ ਖਿੜਕੀਆਂ ਖੁੱਲ੍ਹ ਗਈਆਂ ਹੋਣ।
“ਹਾਂ ਬੇਟੇ, ਮੈਂ ਹੀ ਗੀਤਾ ਸ੍ਰੀਵਾਸਤਵ ਹਾਂ।”ਮੈਂ ਸੁਖ ਦਾ ਸਾਹ ਲਿਆ।”ਅੰਦਰ ਆ ਜਾਓ ਬੇਟੇ, ਕਿੱਥੋਂ ਆਏ ਹੋ੩ ਮੇਰੇ ਨਾਲ ਕੀ ਕੰਮ ਐ੩?” ਉਨ੍ਹਾਂ ਨੇ ਪੁੱਛਿਆ। ਮੇਰੀ ਬੇਚੈਨੀ ਵਧ ਗਈ ਕਿ ਗੱਲ ਕਿਵੇਂ ਸ਼ੁਰੂ ਕਰਾਂ। ਮੈਂ ਥੋੜ੍ਹਾ ਅਟਕ ਕੇ ਪੁੱਛਿਆ, “ਦੀਪਾ ਸ੍ਰੀਵਾਸਤਵ ਤੁਹਾਡੀ ਹੀ ਬੇਟੀ ਏ ਨਾ੩?” ਇਹ ਸੁਣ ਕੇ ਉਨ੍ਹਾਂ ਨੂੰ ਜਿਵੇਂ ਕੋਈ ਝਟਕਾ ਲੱਗਾ ਹੋਵੇ। ਉਹ ਇਕਦਮ ਤਣ ਕੇ ਬੈਠ ਗਏ ਅਤੇ ਸਖ਼ਤ ਲਹਿਜ਼ੇ ‘ਚ ਬੋਲੇ।”ਕੌਣ ਦੀਪਾ ਸ੍ਰੀਵਾਸਤਵ? ਉਸ ਨੂੰ ਮਰਿਆਂ ਤਾਂ ਜ਼ਮਾਨਾ ਬੀਤ ਗਿਆ ਹੈ।”ਫਿਰ ਉਨ੍ਹਾਂ ਮੇਰੇ ਚਿਹਰੇ ਵੱਲ ਬੜੇ ਗੌਰ ਨਲ ਵੇਖਿਆ ਅਤੇ ਬੋਲੇ, “ਤੂੰ ਕੌਣ ਏਂ੩?” ਮੇਰੀ ਆਵਾਜ਼ ਲੜਖੜਾ ਗਈ। ਮੈਂ ਅਟਕ-ਅਟਕ ਕੇ ਬੋਲਿਆ, “ਮੈਂ੩ ਮੈਂ ਉਨ੍ਹਾਂ ਦਾ ਬੇਟਾ੩ ਆਫ਼ਤਾਬ ਆਲਮ ਹਾਂ੩।”ਉਹ ਹੈਰਾਨ ਹੋਈ ਮੈਨੂੰ ਵੇਖਦੀ ਰਹੀ। ਥੋੜ੍ਹੇ ਚਿਰ ਬਾਅਦ ਉਨ੍ਹਾਂ ਨੇ ਡੂੰਘਾ ਸਾਹ ਲਿਆ ਤੇ ਮੈਨੂੰ ਕਿਹਾ, “ਤੇਰਾ ਮੁਸਲਿਮ ਨਾਂ ਹੈ੩”
ਮੈਂ ਸਹਿਮ ਗਿਆ। ਮੈਂ ਉਨ੍ਹਾਂ ਨੂੰ  ਅੰਮੀ ਦਾ ਦਿੱਤਾ ਹੋਇਆ ਲਿਫ਼ਾਫ਼ਾ ਫੜਾ ਦਿੱਤਾ। ਉਨ੍ਹਾਂ ਨੇ ਉਹ ਖੋਲ੍ਹ ਕੇ ਵੇਖਿਆ। ਖ਼ਤ ਦੇ ਨਾਲ ਇੱਕ ਲਾਕੇਟ ਵੀ ਸੀ। ਨਾਨੀ ਨੇ ਲਾਕੇਟ ਬੜੇ ਧਿਆਨ ਨਾਲ ਵੇਖਿਆ ਤੇ ਫਿਰ ਖ਼ਤ ਖੋਲ੍ਹ ਕੇ ਪੜ੍ਹਨ ਲੱਗੀ। ਉਨ੍ਹਾਂ ਦੇ ਚਿਹਰੇ ਉੱਤੇ ਯਾਦਾਂ ਦੀ ਧੁੱਪ-ਛਾਂ ਉੱਤਰਦੀ-ਚੜ੍ਹਦੀ ਰਹੀ। ਫਿਰ ਅਚਾਨਕ ਦੋ ਮੋਤੀ ਉਨ੍ਹਾਂ ਦੀਆਂ ਅੱਖਾਂ ‘ਚੋਂ ਟਪਕ ਕੇ ਖ਼ਤ ‘ਚ ਸਮਾ ਗਏ। ਸ਼ਾਇਦ ਉਨ੍ਹਾਂ ਦੇ ਸੀਨੇ ‘ਚ ਕੋਈ ਅੱਗ ਭੜਕ ਰਹੀ ਸੀ। ਉਹ ਫੁੱਟ-ਫੁੱਟ ਕੇ ਰੋਣ ਲੱਗੀ। ਮੈਂ ਚੁੱਪ-ਚਾਪ ਵੇਖਦਾ ਰਿਹਾ। ਮੈਂ ਉਨ੍ਹਾਂ ਅੱਖਾਂ ‘ਚੋਂ ਮਮਤਾ ਪਿਘਲਦੀ ਵੇਖੀ। ਹੰਝੂਆਂ ਦੀ ਟਿਪਟਿਪ ਦਾ ਸਿਲਸਿਲਾ ਪਤਾ ਨਹੀਂ ਕਿੰਨਾ ਚਿਰ ਇਸੇ ਤਰ੍ਹਾਂ ਚੱਲਦਾ ਰਿਹਾ।ਫਿਰ ਮੈਂ ਦੇਖਿਆ, ਤੂਫ਼ਾਨ ਜਿਵੇਂ ਰੁਕ ਗਿਆ ਹੋਵੇ ਤੇ ਉਸ ਜਗ੍ਹਾ ਉਨ੍ਹਾਂ ਨੇ ਆਪਣੀਆਂ ਬਾਹਵਾਂ ਫੈਲਾ ਦਿੱਤੀਆਂ। ਉਨ੍ਹਾਂ ਨੇ ਜਦ ਮੇਰੇ ਮੱਥੇ ਨੂੰ ਚੁੰਮਿਆ ਤਾਂ ਮੈਨੂੰ ਲੱਗਿਆ ਜਿਵੇਂ ਕੋਈ ਫਰਿਸ਼ਤਾ ਕਿਸੇ ਨੂੰ ਦੁਆ ਦੇ ਰਿਹਾ ਹੋਵੇ। ਉਨ੍ਹਾਂ ਨੇ ਮੇਰੇ ਵਾਲਾਂ ‘ਚ ਉਂਗਲਾਂ ਫੇਰਦਿਆਂ ਕਿਹਾ, “ਬੇਟੇ, ਦੀਪਾ ਨੂੰ ਕਹਿਣਾ ਕਿ ਮੇਰੇ ਦਿਲ ‘ਤੇ ਇੱਕ ਬਹੁਤ ਭਾਰੀ ਪੱਥਰ ਪਿਆ ਸੀ ਜੋ ਅੱਜ ਹਟ ਗਿਆ। ਔਰਤ ਦੀ ਦੌਲਤ ਤਾਂ ਉਸ ਦੀ ਆਬਰੂ ਹੁੰਦੀ ਐ ਬੇਟਾ। ਮੈਨੂੰ ਖ਼ੁਸ਼ੀ ਹੈ ਕਿ ਉਸ ਦੀ ਦੌਲਤ ਲੁਟੇਰਿਆਂ ਹੱਥ ਨਹੀਂ ਲੱਗੀ। ਆਪਣੇ ਅੱਬਾ ਨੂੰ ਕਹਿਣਾ ਕਿ ਮੈਂ ਉਹਨੂੰ ਆਪਣਾ ਦਾਮਾਦ ਕਬੂਲ ਕਰਦੀ ਹਾਂ। ਉਹ ਜ਼ਰੂਰ ਆਪਣੇ ਸਹੁਰੇ ਘਰ ਆਵੇ ਅਤੇ ਦੀਪਾ ਆਪਣੇ ਘਰ੩।”ਇਹ ਕਹਿ ਕੇ ਉਹ ਉੱਠੀ ਅਤੇ ਮੇਰੇ ਲਈ ਚਾਹ ਨਾਸ਼ਤਾ ਲੈ ਆਈ। ਉਨ੍ਹਾਂ ਨੇ ਬੜੇ ਪਿਆਰ ਨਾਲ ਮੈਨੂੰ ਮਠਿਆਈ ਖੁਆਈ। ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੇ ਦੁਆਲੇ ਵਲੀ ਬੇਗਾਨਗੀ ਦੀ ਕੰਧ ਢਹਿ ਕੇ ਜ਼ਮੀਨ ‘ਤੇ ਆ ਪਈ ਹੋਵੇ। ਤੁਰਨ ਵੇਲੇ ਮੇਰੇ ਹੱਥਾਂ ‘ਚ ਸੋਨੇ ਦੇ ਕੰਗਣ ਫੜਾਉਂਦਿਆਂ ਉਨ੍ਹਾਂ ਕਿਹਾ, “ਆਪਣੀ ਮਾਂ ਨੂੰ ਕਹਿਣਾ ਕਿ ਉਹ ਇਹ ਨਾ ਸਮਝੇ ਕਿ ਉਹ ਗ਼ੈਰ-ਮਜ਼ਹਬ ਦੀ ਹੋ ਗਈ ਹੈ ਤਾਂ ਮੈਂ ਉਹਨੂੰ ਆਪਣੇ ਦਿਲ ‘ਚੋਂ ਕੱਢ ਦੇਵਾਂਗੀ੩ ਉਹ ਮੇਰੀ ਧੀ ਹੈ ਅਤੇ ਹਮੇਸ਼ਾਂ ਰਹੇਗੀ। ਸਾਡੇ ਖ਼ਾਨਦਾਨ ਵਿੱਚ ਇਹ ਕੰਗਣ ਵੱਡੀ ਬੇਟੀ ਦੀ ਸ਼ਾਦੀ ਵੇਲੇ ਉਸ ਨੂੰ ਦਿੱਤੇ ਜਾਂਦੇ ਹਨ। ਵਰ੍ਹਿਆਂ ਤੋਂ ਮੈਂ ਇਨ੍ਹਾਂ ਨੂੰ ਸਾਂਭੀ ਬੈਠੀ ਹਾਂ। ਇਹ ਖ਼ਾਨਦਾਨੀ ਅਮਾਨਤ ਹੈ। ਹੁਣ ਇਸ ‘ਤੇ ਮੇਰੀ ਵੱਡੀ ਧੀ ਦੀਪਾ ਦਾ ਹੱਕ ਹੈ੩”ਮੈਂ ਹੱਕਾ-ਬੱਕਾ ਹੋਇਆ ਉਸ ਔਰਤ ਨੂੰ ਵੇਖਦਾ ਰਿਹਾ ਅਤੇ ਸੋਚਦਾ ਰਿਹਾ ਕਿ ਕੀ ਕੋਈ ਦੇਵੀ ਇਸ ਤੋਂ ਵਧ ਕੇ ਵੀ ਹੋ ਸਕਦੀ ਹੈ?
– ਆਜ਼ਮੀ ਇਕਬਾਲ

LEAVE A REPLY