1ਚੰਡੀਗੜ੍ਹ: ਬਾਦਲ ਸਰਕਾਰ ਨੇ ਆਪਣੇ ਪ੍ਰਚਾਰ ਲਈ ਖਾਸ ਤਿਆਰੀ ਕੀਤੀ ਹੈ। ਅਜਿਹੀਆਂ ਸਪੈਸ਼ਲ ਵੈਨਾਂ ਤਿਆਰ ਕਰਵਾਈਆਂ ਗਈਆਂ ਹਨ ਜਿਹੜੀਆਂ ਸਾਰੇ ਹਲਕਿਆਂ ਦੇ ਕੋਨੇ-ਕੋਨੇ ਤੱਕ ਜਾ ਕੇ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣਗੀਆਂ। ਇਸ ਪ੍ਰਚਾਰ ਦਾ ਸਹਾਰਾ ਲੈ ਕੇ ਅਕਾਲੀ ਦਲ ਮਿਸ਼ਨ 2017 ਫਤਹਿ ਕਰਨਾ ਚਾਹੁੰਦਾ ਹੈ। ਇਸ ਪ੍ਰਚਾਰ ‘ਤੇ ਕਰੋੜਾਂ ਰੁਪਏ ਦਾ ਖਰਚ ਕੀਤਾ ਜਾ ਰਿਹਾ ਹੈ ਜਿਸ ਦਾ ਬੋਝ ਸਰਕਾਰੀ ਖਜ਼ਾਨੇ ‘ਤੇ ਪਏਗਾ।
ਪੰਜਾਬ ਦੀ ਬਾਦਲ ਸਰਕਾਰ ਨੇ ਭੁਪਾਲ ਦੀ ਇੱਕ ਨਿੱਜੀ ਕੰਪਨੀ ਅਦਿੱਤਿਆ ਈਵੈਂਟਸ ਨਾਲ ਆਪਣੇ ਪ੍ਰਚਾਰ ਲਈ ਕਰਾਰ ਕੀਤਾ ਹੈ। ਇਸ ਕਰਾਰ ਤਹਿਤ ਖਾਸ ਤੌਰ ‘ਤੇ 50 ਪ੍ਰਚਾਰ ਵੈਨਾਂ ਤਿਆਰ ਕਰਵਾਈਆਂ ਗਈਆਂ ਹਨ। ਇਨ੍ਹਾਂ ‘ਤੇ ਬਾਦਲ ਪਰਿਵਾਰ ਦੀਆਂ ਤਸਵੀਰਾਂ ਤੇ ਸਰਕਾਰ ਵੱਲੋਂ ਚਲਾਈਆਂ ਵੱਖ-ਵੱਖ ਸਕੀਮਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਇਲਾਵਾ ਪ੍ਰਚਾਰ ਲਈ ਇੱਕ ਖਾਸ ਵੱਡੇ ਸਾਈਜ਼ ਦੀ ਐਲਈਡੀ ਵੀ ਲਾਈ ਗਈ ਹੈ। ਇਸ ‘ਤੇ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕਰਨ ਲਈ 3 ਘੰਟੇ ਦੀ ਵੀਡੀਓ ਫਿਲਮ ਦਿਖਾਈ ਜਾਏਗੀ।
ਜਾਣਕਾਰੀ ਮੁਤਾਬਕ ਇੱਕ ਵੈਨ ਦਾ ਰੋਜ਼ਾਨਾ ਕਿਰਾਇਆ 22 ਹਜ਼ਾਰ ਤੋਂ ਵੱਧ ਹੈ। ਇਸ ਹਿਸਾਬ ਨਾਲ 50 ਵੈਨਾਂ ਦਾ ਰੋਜ਼ਾਨਾ ਦਾ ਖਰਚ 11 ਲੱਖ 35 ਹਜ਼ਾਰ ਰੁਪਏ ਦੇ ਕਰੀਬ ਬਣਦਾ ਹੈ। ਹਰ ਮਹੀਨੇ 3 ਕਰੋੜ 40 ਲੱਖ 50 ਹਜ਼ਾਰ ਤੇ ਤਿੰਨ ਮਹੀਨਿਆਂ ਦੇ ਪ੍ਰਚਾਰ ਲਈ 10 ਕਰੋੜ 21 ਲੱਖ 50 ਹਜ਼ਾਰ ਦੇ ਕਰੀਬ ਖਰਚ ਦਾ ਵਾਧੂ ਬੋਝ ਸਰਕਾਰੀ ਖਜ਼ਾਨੇ ‘ਤੇ ਪਏਗਾ। ਆਮ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ‘ਚੋਂ ਟੈਕਸ ਵਜੋਂ ਇਕੱਠਾ ਕੀਤਾ ਇਹ ਸਰਕਾਰੀ ਪੈਸਾ ਕਿਤੇ ਨਾ ਕਿਤੇ ਪਾਰਟੀ ਦੇ ਮਿਸ਼ਨ 2017 ਲਈ ਖਰਚ ਕੀਤਾ ਜਾਏਗਾ।

LEAVE A REPLY