main-news-300x150ਖੇਤ ਬੰਨੇ ਤੋਂ ਹਾੜ੍ਹੀ ਦੀ ਫ਼ਸਲ ਸਾਂਭਦਿਆਂ ਹੀ ਲੋਕਾਂ ਨੇ, ਆਪਣੇ ਕੰਮਾਂ ਧੰਦਿਆਂ ਤੋਂ ਕੁਝ ਵਿਹਲ ਮਹਿਸੂਸ ਕਰਦਿਆਂ, ਪਹਿਲਾਂ ਵਾਂਗ ਹੀ ਪਿੰਡ ਦੀ ਸੱਥ ਵੱਲ ਨੂੰ ਆਉਣਾ ਸ਼ੁਰੂ ਕਰ ਦਿੱਤਾ। ਸਾਲ ਭਰ ਦੇ ਗੁਜ਼ਾਰੇ ਜੋਗੀ ਕਣਕ ਰੱਖ ਕੇ ਬਾਕੀ ਦੀ ਕਣਕ ਮੰਡੀ ਵੇਚ ਦਿੱਤੀ ਤਾਂ ਕਿ ਆੜ੍ਹਤੀਆਂ ਦਾ ਕਰਜ਼ ਲੱਥ ਜਾਵੇ। ਪਿੰਡ ਵਿੱਚ ਘਰ-ਘਰ ਵਿਹੜੇ ਵਰਾਂਡਿਆਂ ‘ਚ ਅਜੇ ਕਣਕ ਪਈ ਸੀ ਕਿਉਂਕਿ ਲੋਕ ਸਮਝਦੇ ਸਨ ਕਿ ਨਵੀਂ ਕੱਢੀ ਕਣਕ ਬਖ਼ਾਰੀਆਂ ਜਾਂ ਕਣਕ ਵਾਲੇ ਢੋਲਾਂ ‘ਚ ਪਾਈ ਖ਼ਰਾਬ ਨਾ ਹੋ ਜਾਵੇ ਜਿਸ ਕਰ ਕੇ ਪੰਜ ਸੱਤ ਦਿਨ ਹਵਾ ਲੱਗਣ ਤੋਂ ਬਾਅਦ ਹੀ ਕਣਕ ਸਾਂਭੀ ਜਾਣੀ ਸੀ। ਜਿਉਂ ਜਿਉਂ ਲੋਕ ਸੱਥ ‘ਚ ਜੁੜਦੇ ਤਾਂ ਕਣਕ ਤੇ ਤੂੜੀ ਦੀਆਂ ਹੀ ਗੱਲਾਂ ਕਰਦੇ ਕਿ ਕੀਹਦੀ ਕਿੰਨੇ ਮਣ ਕਣਕ ਹੋਈ ਐ, ਕੀਹਨੇ ਮਸ਼ੀਨ ਨਾਲ ਵਢਾਈ ਐ ਤੇ ਕਿਹੜੇ ਘਰ ਨੇ ਹੱਥੀ ਵੱਢ ਕੇ ਭਗਤੇ ਭਾਈ ਵਾਲੇ ਹੜੰਭੇ ਨਾਲ ਕੱਢੀ ਐ। ਬਾਬੇ ਰੁਲਦੂ ਸਿਉਂ ਨੇ ਸੱਥ ‘ਚ ਆਉਂਦਿਆਂ ਹੀ ਮਚਾਕੀ ਵਾਲਿਆਂ ਦੇ ਤਾਰੇ ਨੂੰ ਪੁੱਛਿਆ, ”ਕਿਉਂ ਬਈ ਤਾਰ! ਕਹਿੰਦੇ ਐਤਕੀ ਕਣਕ ਦਾ ਝਾੜ ਈ ਬਹੁਤ ਘੱਟ ਨਿੱਕਲਿਆ ਹੈਂਅ! ਕੀ ਕਾਰਨ ਐ ਬਈ ਘੱਟ ਝਾੜ ਦਾ। ਐਤਕੀਂ ਤਾਂ ਯਾਰ ਠੰਢ ਵੀ ਬਹੁਤ ਪਈ ਐ ਫ਼ਿਰ ਵੀ ਕਣਕ ਚੱਜ ਨਾਲ ਉੱਠੀ ਨ੍ਹੀ?”
ਘਰ ਦੀ ਚੰਗੀ ਜਾਇਦਾਦ ਹੋਣ ਕਰ ਕੇ ਤਾਰਾ ਚੰਗਾ ਪੜ੍ਹ ਲਿਖ ਕੇ ਖੇਤੀ ਦੇ ਕੰਮ ‘ਚ ਪੈ ਗਿਆ ਸੀ ਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ ਕੀਤੀਆਂ ਫ਼ਸਲਾਂ ਹੀ ਬੀਜਦਾ ਸੀ ਅਤੇ ਉਸ ਨੂੰ ਖੇਤੀ ਬਾਰੇ ਚੰਗੀ ਜਾਣਕਾਰੀ ਸੀ ਕਿ ਫ਼ਸਲ ਦਾ ਚੰਗਾ ਝਾੜ ਲੈਣ ਲਈ ਕਿਹੋ ਜਿਹੀ ਖੇਤੀ ਕਰਨੀ ਚਾਹੀਦੀ ਹੈ। ਇਸੇ ਕਰ ਕੇ ਬਾਬੇ ਰੁਲਦੂ ਸਿਉਂ ਨੇ ਤਾਰੇ ਨੂੰ ਕਣਕ ਦੇ ਝਾੜ ਬਾਰੇ ਪੁੱਛਿਆ ਸੀ।
ਬਾਬੇ ਦੀ ਗੱਲ ਸੁਣ ਕੇ ਤਾਰਾ ਕਹਿੰਦਾ, ”ਕਣਕ ਦਾ ਫ਼ੈਲਾਅ ਤਾਂ ਬਾਬਾ ਬਹੁਤ ਉੱਠਿਆ ਸੀ, ਪਰ ਮਗਰੋਂ ਜੇ ਆ ਕੇ ਆਹ ਜਿਹੜੀ ਗਰਮੀ ਪੈ ਗੀ, ਇਹਨੇ ਕਣਕਾਂ ਚੱਕ ਤੀਆਂ। ਇੱਕ ਹਵਾ ਵਗਦੀ ਕਰ ਕੇ ਜਿਹੜੇ ਲੋਕਾਂ ਨੇ ਮਗਰਲਾ ਪਾਣੀ ਨ੍ਹੀ ਲਾਇਆ ਬਈ ਕਿਤੇ ਕਣਕ ਡਿੱਗ ਨਾ ਪਵੇ, ਓਹਦਾ ਕਰ ਕੇ ਵੀ ਕਣਕਾਂ ਹੁੱਲ ਗੀਆਂ। ਜਿਹੜੇ ਮੱਲੋ ਮੱਲੀ ਮਗਰਲਾ ਪਾਣੀ ਲਾ ਗੇ, ਉਨ੍ਹਾਂ ਦੀਆਂ ਕਣਕਾਂ ਤਾਂ ਪੰਜਾਹ-ਪੰਜਾਹ ਮਣ ਤੋਂ ਟੱਪ ਗੀਆਂ, ਜੀਹਨੇ ਪਾਣੀ ਨਹੀਂ ਲਾਇਆ ਉਹ ਤਾਂ ਚੌਂਤੀ ਪੈਂਤੀ ਮਣ ਚੀ ਰਹਿ ਗੀਆਂ।”
ਤਾਰੇ ਦੀ ਗੱਲ ਸੁਣੀ ਜਾਂਦਾ ਨਾਥਾ ਅਮਲੀ ਤਾਰੇ ਕਹਿੰਦਾ, ”ਆਹ ਸੀਤਾ ਮਰਾਸੀ ਬੈਠਾ ਸੋਡੇ ਕੋਲੇ ਇਹਨੂੰ ਪੁੱਛ ਲੋ ਖਾਂ ਬਈ ਕੀਹਦੀ ਕਣਕ ਘੱਟ ਨਿੱਕਲੀ ਐ ਤੇ ਕੀਹਦੀ ਵੱਧ।”
ਮਾਹਲਾ ਨੰਬਰਦਾਰ ਕਹਿੰਦਾ, ”ਕਿਉਂ ਇਹ ਥਰਮਾਮੀਟਰ ਐ ਕੋਈ ਬਈ ਇਹਨੂੰ ਸਾਰੇ ਪਿੰਡ ਦੀ ਕਣਕ ਬਾਰੇ ਪਤਾ।”
ਨਾਥਾ ਅਮਲੀ ਕਹਿੰਦਾ, ”ਇਹ ਤਾਂ ਥਰਮਾਮੀਟਰ ਤੋਂ ਵੀ ਗਾਂਹ ਨੰਘਿਆ ਵਿਆ। ਸਭ ਦਾ ਪਤਾ ਇਹਨੂੰ।”
ਬਾਬੇ ਰੁਲਦੂ ਸਿਉਂ ਨੇ ਪੁੱਛਿਆ, ”ਉਹ ਕਿਮੇਂ ਬਈ?”

ਅਮਲੀ ਕਹਿੰਦਾ, ”ਇਨ੍ਹਾਂ ਮਰਾਸੀਆਂ ਦਾ ਤਾਂ ਕੰਮ ਈ ਐ ਮੰਗ ਕੇ ਖਾਣਾ। ਜਦੋਂ ਫ਼ਸਲ ਦੀ ਰੁੱਤ ਆ ਜਾਂਦੀ ਐ ਇਹ ਸਾਰਾ ਟੱਬਰ ਬੋਰੀਆਂ ਚੱਕ ਕੇ ਪਿੰਡ ‘ਚ ਘਰ ਘਰ ਇਉਂ ਹੇਲ਼ੀਆਂ ਦਿੰਦੇ ਫ਼ਿਰਨ ਗੇ ਜਿਮੇਂ ਗਾਹਾਂ ਕਣਕ ‘ਚੋਂ ਜੌਂਹਦਰ ਪਿਆਜੀ ਕੱਢਦੇ ਰਹੇ ਐ। ਜੱਟਾਂ ਦੀਆਂ ਤਾਂ ਫ਼ਸਲ ਪਾਲਦਿਆਂ ਦੀਆਂ ਕੋਕੜਾਂ ਹੋ ਜਾਂਦੀਆਂ ਛੀਆਂ ਮਹੀਨਿਆਂ ‘ਚ, ਇਹ ਪਤੰਦਰ ਗਾਹਾਂ ਅਗਲੇ ਦੇ ਘਰੇ ਇਉਂ ਜਾ ਕੇ ਬਹਿ ਜਾਣਗੇ ਜਿਮੇਂ ਗਰਦੌਰੀ ‘ਚ ਨਾਂਅ ਲਖਾਇਆ ਹੁੰਦਾ।”
ਜੱਗੇ ਕਾਮਰੇਡ ਨੇ ਅਮਲੀ ਨੂੰ ਪੁੱਛਿਆ, ”ਉਹ ਤਾਂ ਤੇਰੀ ਗੱਲ ਅਮਲੀਆ ਮੰਨ ਲੀ ਬਈ ਇਹ ਮਰਾਸੀ ਪਿੰਡ ‘ਚੋਂ ਦਾਣੇ ਮੰਗ ਕੇ ‘ਕੱਠੇ ਕਰ ਲੈਂਦੇ ਐ, ਤੂੰ ਇਉਂ ਦੱਸ ਬਈ ਇਨ੍ਹਾਂ ਨੂੰ ਫ਼ਸਲ ਦੇ ਝਾੜ ਦਾ ਕਿਮੇਂ ਪਤਾ ਲੱਗ ਜਾਂਦਾ ਬਈ ਫ਼ਲਾਣੇ ਦੀ ਕਣਕ ਘੱਟ ਨਿੱਕਲੀ ਐ, ਫ਼ਲਾਣੇ ਦੀ ਵੱਧ, ਇਹ ਦੱਸ ਸਾਨੂੰ।”
ਅਮਲੀ ਕਹਿੰਦਾ, ”ਜਦੋਂ ਮਰਾਸੀ ਜੱਟਾਂ ਦੇ ਘਰੇ ਮੰਗਣ ਜਾਂਦੇ ਐ ਨਾ, ਜੀਹਨੇ ਚਾਰ ਸੇਰ ਦਾਣੇ ਪਾ ‘ਤੇ, ਉਨ੍ਹਾਂ ਦੀ ਫ਼ਸਲ ਦਾ ਤਾਂ ਝਾੜ ਸਮਝ ਲੋ ਪੂਰਾ ਝੜਿਆ, ਜੀਹਨੇ ਮਰਾਸੀ ਬਰੰਗੀ ਚਿੱਠੀ ਆਂਗੂੰ ਮੋੜ ‘ਤਾ ਉਹਦਾ ਝਾੜ ਘੱਟ ਨਿੱਕਲਿਆ।”
ਬਾਬਾ ਰੁਲਦੂ ਸਿਉਂ ਸੀਤੇ ਮਰਾਸੀ ਨੂੰ ਕਹਿੰਦਾ, ”ਕਿਉਂ ਸੀਤਾ ਸਿਆਂ! ਏਮੇਂ ਈ ਐ ਜਿਮੇਂ ਨਾਥਾ ਸਿਉਂ ਕਹਿੰਦਾ ਕੁ ਉੱਘ ਦੀਆਂ ਪਤਾਲ ਮਾਰੀ ਜਾਂਦਾ ਇਹੇ?”
ਮਰਾਸੀ ਕਹਿੰਦਾ, ”ਅਸੀਂ ਤਾਂ ਭਲਾ ਮੰਗ ਕੇ ਖਾਨੇ ਆਂ, ਇਹਦੇ ਘਰੇ ਕਿਹੜਾ ਬੋਹਲ ਲੱਗਿਆ ਦੱਸੇ ਖਾਂ। ਜਿੱਦੇਂ ਆਹ ਠੱਗ ਜੇ ਚਾਰ ਪੰਜ ਬੰਦੇ ਇਹਦੇ ਵੇਹੜੇ ‘ਚੋਂ ਦੋ ਵੱਡੀਆਂ ਬੋਰੀਆਂ ਭਰ ਕੇ ਲੈ ਗੇ ਸੀ ਓਦਣ ਕਿੱਧਰ ਗਿਆ ਵਿਆ ਸੀ ਇਹੇ ਵੱਡਾ ਜਗਾਧਰੀ ਆਲਾ ਸਲੱਖਣ ਸਿਉਂ।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਕਿਉਂ ਅਮਲੀਆ, ”ਕੀ ਕਹਿੰਦਾ ਓਏ ਸੀਤਾ ਸਿਉਂ। ਸੱਚੀਉਂ ਈਂ ਲੈ ਕੇ ਗੇ ਸੀ ਬੋਰੀਆਂ ਭਰ ਕੇ ਕੁ ਨਹੀਂ?”
ਮਰਾਸੀ ਦੀ ਗੱਲ ਸੁਣ ਕੇ ਸੂਬੇਦਾਰ ਰਤਨ ਸਿਉਂ ਅਮਲੀ ਨੂੰ ਕਹਿੰਦਾ, ”ਗੱਲ ਤਾਂ ਅਮਲੀਆ ਕੋਈ ਨਾ ਕੋਈ ਜਰੂਰ ਹੋਈ ਐ, ਮੰਨ ਭਾਮੇਂ ਨਾ ਮੰਨ। ਸੱਚੀ ਸੱਚੀ ਗੱਲ ਦੱਸ ਕਿਮੇਂ ਹੋਈ ਸੀ?”
ਬੁੱਘਰ ਦਖਾਣ ਕਹਿੰਦਾ, ”ਬੋਰੀਆਂ ਤਾਂ ਜਰੂਰ ਭਰ ਲੀਆਂ ਸੀ, ਪਰ ਐਨਾ ਸ਼ੁਕਰ ਐ ਬਈ ਪਾਖਰ ਸਿਉਂ ਸਰਪੈਂਚ ਨੇ ਮੜਵਾ ‘ਤੀਆਂ।”
ਬਾਬੇ ਰੁਲਦੂ ਸਿਉਂ ਨੇ ਪੁੱਛਿਆ, ”ਕਿਮੇਂ ਹੋਈ ਸੀ ਅਮਲੀਆ ਗੱਲ ਓਏ?”
ਅਮਲੀ ਨੇ ਧਰਲੀ ਫ਼ਿਰ ਕਣਕ ਵਾਲਿਆਂ ‘ਤੇ ਸੂਈ। ਬਾਬੇ ਰੁਲਦੂ ਸਿਉਂ ਨੂੰ ਕਹਿੰਦਾ, ”ਹੁਣ ਆਏਂ ਕਰ ਫ਼ਿਰ ਬਾਬਾ, ਉਰੇ ਨੂੰ ਹੋ ਜਾ ਥੋੜ੍ਹਾ ਕੁ ਫ਼ਿਰ। ਗੱਲ ਤਾਂ ਬਾਬਾ ਇਉਂ ਦੱਸਦੇ ਐ। ਪਰਸੋਂ ਚੌਥੇ ਦੀ ਗੱਲ ਐ। ਪੰਜ ਛੀ ਜਾਣੇ ਪਖੰਡੀ ਜੇ ਨਹਿੰਗਾਂ ਆਲਾ ਪਾ ਕੇ ਬਾਣਾ, ਖਜਾਨੇ ਕੇ ਕੈਲੂ ਦੇ ਘਰੇ ਜਾ ਕੇ ਕਹਿੰਦੇ ‘ਓ ਲਿਆਓ ਬਈ ਕਾਰ ਸੇਵਾ ਆਲੇ ਬਾਬੇ ਆਏ ਐ। ਪੰਜ ਚਾਰ ਬੋਰੀਆਂ ਕਣਕ ਦੀਆਂ ਦਿਓ ਹਜੂਰ ਸਾਹਿਬ ਲੈ ਕੇ ਜਾਣੀਐਂ। ਇੱਕ ਨੇ ਤਾਂ ਇਉਂ ਹੋਕਾ ਦੇ ‘ਤਾ, ਦੂਜਿਆਂ ਨੇ ਬਰ੍ਹਾਂਡੇ ‘ਚ ਪਏ ਕਣਕ ਦੇ ਢੇਰ ਨੂੰ ਲਾ ਲੀਆਂ ਫ਼ਿਰ ਕੁਇੰਟਲ-ਕੁਇੰਟਲ ਆਲੀਆਂ ਬੋਰੀਆਂ। ਓਧਰੋਂ ਤਾਂ ਨਹਿੰਗ ਬੋਰੀਆਂ ਭਰਨ ਲੱਗ ਪੇ, ਓਧਰੋਂ ਕੈਲੂ ਦੀ ਬਹੂ ਭੱਜ ਕੇ ਆਂਢੀਆਂ ਗੁਆਂਢੀਆਂ ਨੂੰ ‘ਕੱਠੇ ਕਰ ਲਿਆਈ। ਕੈਲੂ ਘਰੇ ਨ੍ਹੀ ਸੀ। ਬਿਸ਼ਨੇ ਕੇ ਜੋਗੇ ਤੇ ਬਾਰੇ ਕੇ ਸੋਖੇ ਤੇ ਦਸਾਂ ਪੰਦਰਾਂ ਹੋਰਾਂ ਨੇ ਆ ਕੇ ਕੈਲੂ ਕੇ ਘਰੇ ਈ ਘੇਰ ਲੇ ਫ਼ਿਰ ਨਿਹੰਗ। ਬਾਰ ਲਿਆ ਬਾਬਾ ਕਰ ਬੰਦ। ਇੱਕ ਇੱਕ ਨਿਹੰਗ ਨੂੰ ਚਾਰ-ਚਾਰ ਪੰਜ-ਪੰਜ ਜਾਣੇ ਇਉਂ ਪੈ ਗੇ ਜਿਮੇਂ ਕੁਆੜੀਏ ਕੁਆੜ ਖਾਨੇ ‘ਚ ਆਈ ਚੋਰੀ ਦੀ ਜੀਪ ਦੇ ਅੱਡੋ ਅੱਡ ਪੁਰਜਿਆਂ ਨੂੰ ਪੈ ਗੇ ਹੁੰਦੇ ਐ। ਘਰੇ ਉੱਚੀ ਉੱਚੀ ਰੌਲਾ ਸੁਣ ਕੇ ਹੋਰ ਲੋਕ ਵੀ ਕੋਠਿਆਂ ਉੱਤੋਂ ਦੀ ਕੈਲੂ ਕੇ ਘਰੇ ਇਉਂ ਉਤਰਨ ਲੱਗ ਪਏ ਜਿਮੇਂ ਛਤਰੀ ਨਾਲ ਜਹਾਜ ਤੋਂ ਫ਼ੌਜੀ ਉਤਰਦੇ ਹੋਣ। ਵੇਂਹਦਿਆਂ ਵੇਂਹਦਿਆਂ ਘਰ ਤਾਂ ਬਾਬਾ ਲੋਕਾਂ ਨੇ ਬਣਾ ‘ਤਾ ਜਰਗ ਦਾ ਮੇਲਾ। ਲੋਕ ‘ਕੱਲੇ ‘ਕੱਲੇ ਨਿਹੰਗ ਨੂੰ ਵੇਹੜੇ ‘ਚ ਇਉਂ ਘੜੀਸੀ ਫ਼ਿਰਨ ਜਿਮੇਂ ਆਟੇ ਆਲੀ ਬੋਰੀ ਨੂੰ ਕੁੱਤੇ ਘੜੀਸੀ ਫ਼ਿਰਦੇ ਹੁੰਦੇ ਐ। ਘਰੇ ਘੜਮੱਸ ਪਿਆ ਵੇਖ ਕੇ ਕੈਲੂ ਕੀਆਂ ਮੱਝਾਂ ਵੀ ਸੰਗਲ ਤੜਾ ਗੀਆਂ ਡਰਦੀਆਂ। ਵਿੱਚੇ ਈ ਮੱਝਾਂ ਨੇ ਚਕਰੀ ਗੇੜਾ ਬੰਨ੍ਹ ਲਿਆ, ਵਿੱਚੇ ਈ ਪਿੰਡ ਆਲੇ ਨਹਿੰਗਾਂ ਨੂੰ ਖਿੱਚੀ ਫ਼ਿਰਨ। ਘਰ ‘ਚ ਮਿੰਟੋ ਮਿੰਟੀ ਘਪਲ਼ ਚੌਦੇਂ ਜੀ ਹੋ ਗੀ।”
ਚੱਲਦੀ ਗੱਲ ਟੋਕ ਕੇ ਹਰੀ ਕੂਕਾ ਕਹਿੰਦਾ, ”ਨਿਹੰਗਾਂ ਨੂੰ ਲੋਕਾਂ ਨੇ ਕੁੱਟਿਆ ਘੱਟ ਤੇ ਘੜੀਸਿਆ ਬਾਹਲ਼ਾ। ਇੱਕ ਬੁੜ੍ਹਾ ਜਾ ਨਿਹੰਗ ਤਾਂ ਬੌਹੜੀਆਂ ਈ ਪਾਵੇ। ਕਹੇ ‘ਓ ਪਤੰਦਰੋ ਮੈਨੂੰ ਤਾਂ ਬੁੜ੍ਹੇ ਬੰਦੇ ਨੂੰ ਛੱਡ ਦਿਓ’। ਰਤਨੇ ਬਿੰਬਰ ਦਾ ਮੁੰਡਾ ਕਹਿੰਦਾ ‘ਕਿਉਂ ਛੱਡ ਕਾਹਤੋਂ ਦੇਈਏ, ਬਾਥੂ ਆਲੀ ਸਰਪੇ ਕਰਦਾ ਰਿਹੈਂ ਕਣਕ ‘ਤੇ। ਸਾਲਿਆ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਐ। ਤੁਸੀਂ ਤਾਂ ਗ਼ਰੀਬ ਬੰਦੇ ਨੂੰ ਮਨ੍ਹੀ ਬਖ਼ਸ਼ਿਆ। ਏਥੇ ਕੀ ਰੋਪਣਾ ‘ਤੇ ਆਏ ਸੀ?'”
ਗੱਲਾਂ ਕਰੀ ਜਾਂਦਿਆਂ ਤੋਂ ਬੁੱਘਰ ਦਖਾਣ ਸੱਥ ‘ਚ ਆ ਕੇ ਕਹਿੰਦਾ, ”ਅੱਜ ਬਖਤੌਰੇ ਰਾਠ ਕਿਆਂ ਨੇ ਵੀ ਚਾਰ ਪੰਜ ਕਣਕ ਮੰਗਣ ਆਲੇ ਬਾਬੇ ਕੁੱਟ ‘ਤੇ। ਇੱਕ ਤਾਂ ਉਨ੍ਹਾਂ ‘ਚ ਬਾਬੇ ਭਾਨੇ ਕੀ ਸਕੀਰੀ ਆਲਾ ਸੀ।”
ਬਾਬੇ ਰੁਲਦੂ ਸਿਉਂ ਨੇ ਬੁੱਘਰ ਨੂੰ ਪੁੱਛਿਆ, ”ਭਾਨ ਸਿਉਂ ਕੀ ਸਕੀਰੀ ਆਲਾ ਵੀ ਵਿੱਚੇ ਮੰਡ ‘ਤਾ ਕਿ ਛੱਡ ‘ਤਾ ਉਹਨੂੰ?”
ਨਾਥਾ ਅਮਲੀ ਕਹਿੰਦਾ, ”ਕਿਉਂ ਛੱਡਣ ਨੂੰ ਉਹੋ ਨਾਨਕੀਂ ਆਇਆ ਵਿਆ ਸੀ। ਉਹਦੇ ਤਾਂ ਸਗੋਂ ਬਾਹਲ਼ੀਆਂ ਲਾਉਣੀਆਂ ਚਾਹੀਦੀਆਂ ਸੀ।”
ਸੀਤਾ ਮਰਾਸੀ ਕਹਿੰਦਾ, ”ਜਿਹੜੇ ਮੰਗਤੇ ਜੇ ਕਈ ਦਿਨ ਹੋ ਗੇ ਮਖਤਿਆਰੇ ਮਾਨ ਕਿਆਂ ਨੇ ਕੁੱਟੇ ਸੀ, ਉਨ੍ਹਾਂ ਦੀ ਤਾਂ ‘ਕੱਠੀ ਕੀਤੀ ਕਣਕ ਵੀ ਪਿੰਡ ਆਲਿਆਂ ਨੇ ਖੋਹ ਕੇ ਗੁਰਦੁਆਰੇ ਆਲਿਆਂ ਨੂੰ ਦੇ ‘ਤੀ ਸੀ। ਕੁੱਟੇ ਉਹ ਵੀ ਬਹੁਤ ਸੀ। ਗਿੱਦੜ ਕੁੱਟਣੀ ਕੁੱਟੇ।”
ਬਾਬਾ ਰੁਲਦੂ ਸਿਉਂ ਕਹਿੰਦਾ, ”ਜੇ ਆਪਣੇ ਪਿੰਡ ਦਾ ਇਉਂ ਈ ਏਕਾ ਰਿਹਾ ਤਾਂ ਆਹ ਹਾੜ੍ਹੀ ਸਾਉਣੀ ਮੰਗਣ ਆਲੇ ਆਪਣੇ ਪਿੰਡ ਤੋਂ ਤਾਂ ਇਉਂ ਡਰਿਆ ਕਰਨਗੇ ਜਿਮੇਂ ਬਾਂਦਰੀ ਅੱਗ ਤੋਂ ਡਰਦੀ ਹੁੰਦੀ ਐ।”
ਗੱਲਾਂ ਸੁਣੀ ਜਾਂਦਾ ਸੰਤੋਖਾ ਬੁੜ੍ਹਾ ਕਹਿੰਦਾ, ”ਇਹ ਤਾਂ ਯਾਰ ਪਚੈਤ ਨੂੰ ਵੀ ਚਾਹੀਦਾ ਬਈ ਜਿਹੜੇ ਪਿੰਡ ‘ਚ ਇਹੋ ਜੇ ਹਾੜ੍ਹੀ ਸਾਉਣੀ ਮੰਗਣ ਆਉਂਦੇ ਐ ਉਨ੍ਹਾਂ ਨੂੰ ਰੋਕੇ। ਪਿੰਡ ਦੇ ਚੌਹੀਂ ਪਾਸੀਂ ਬਾਹਰ ਬਾਹਰ ਫ਼ੱਟਾ ਲਿਖ ਕੇ ਲਾ ਦੇਣ ਬਈ ਪਿੰਡ ‘ਚ ਕੋਈ ਵੀ ਹਾੜ੍ਹੀ ਸਾਉਣੀ ਮੰਗਣ ਨਾ ਆਵੇ। ਇਹ ਪਚੈਤ ਆਲੇ ਬਿੰਬਰ ਸਰਪੈਂਚ ਤਾਂ ਸਗੋਂ ਪਖੰਡੀਆਂ ਨੂੰ ਸੱਦਣ ‘ਚ ਮੂਹਰੇ ਹੁੰਦੇ ਐ।”
ਏਨੇ ਚਿਰ ਨੂੰ ਕਣਕ ਮੰਗਣ ਵਾਲੇ ਪੰਜ ਸੱਤ ਜਾਣੇ ਖਾਲੀ ਬੋਰੀਆਂ ਚੁੱਕ ਕੇ ਜਿਉਂ ਹੀ ਸੱਥ ਕੋਲ ਦੀ ਲੰਘੇ ਤਾਂ ਸਾਰੇ ਜਣੇ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਪਏ ਬਈ ਕਿਤੇ ਇਹ ਵੀ ਨਾ ਸਾਡੇ ਘਰੋਂ ਕਣਕ ਦੀਆਂ ਬੋਰੀਆਂ ਭਰ ਕੇ ਤੁਰਦੇ ਲੱਗਣ!”

LEAVE A REPLY