walia-big”ਇੰਤਜ਼ਾਰ ਨਾ ਕਰੋ। ਵਕਤ ਕਦੇ ਵੀ ‘ਬਿਲਕੁਲ ਸਹੀ’ ਨਹੀਂ ਹੋਵੇਗਾ। ਉਥੋਂ ਹੀ ਸ਼ੁਰੂ ਕਰੋ, ਜਿੱਥੇ ਤੁਸੀਂ ਖਲੋਤੇ ਹੋ। ਉਨ੍ਹਾਂ ਸਾਧਨਾਂ ਨਾਲ ਹੀ ਕਾਰਜ ਕਰੋ ਜੋ ਤੁਹਾਡੇ ਕੋਲ ਹਨ। ਰਾਹ ਵਿਚ ਤੁਹਾਨੂੰ ਚੰਗੇ ਸਾਧਨ ਆਪਣੇ ਆਪ ਮਿਲ ਜਾਣਗੇ।” ਨੈਪੋਲੀਅਨ ਹਿੱਲ ਦਾ ਇਹ ਕਥਨ ਉਸ ਵੇਲੇ ਹੀ ਸੱਚ ਹੋਵੇਗਾ ਜਦੋਂ ਤੁਹਾਡੇ ਕੋਲ ਕਿਸੇ ਮੰਜ਼ਿਲ ‘ਤੇ ਪਹੁੰਚਣ ਦਾ ਸੁਪਨਾ ਹੋਵੇਗਾ। ਕੋਈ ਟੀਚਾ ਹੋਵੇਗਾ। ਕੋਈ ਉਦੇਸ਼ ਹੋਵੇਗਾ। ਸਫਲਤਾ ਦੇ ਇਛੁੱਕ ਤਾਂ ਸਾਰੇ ਹੁੰਦੇ ਹਨ ਪਰ ਸਫਲਤਾ ਦੇ ਸਹੀ ਅਰਥਾਂ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸਫਲਤਾ ਦੇ ਅਭਿਲਾਸ਼ੀ ਲੋਕਾਂ ਨੂੰ ਕੁਝ ਸਵਾਲ ਆਪਣੇ ਆਪ ਨੂੰ ਕਰਨੇ ਜ਼ਰੂਰੀ ਹੁੰਦੇ ਹਨ, ਜਿਵੇਂ:
ਜ਼ਿੰਦਗੀ ਨੂੰ ਤੁਸੀਂ ਕੀ ਸਮਝਦੇ ਹੋ?
ਕੀ ਚਾਹੁੰਦੇ ਹੋ ਤੁਸੀਂ ਜੀਵਨ ਵਿਚ?
ਕੀ ਸ਼ੋਹਰਤ ਤੁਹਾਡਾ ਟੀਚਾ ਹੈ?
ਕੀ ਢੇਰ ਸਾਰੀ ਦੌਲਤ ਤੁਹਾਡੀ ਮੰਜ਼ਿਲ ਹੈ?
ਕੀ ਤੁਸੀਂ ਸੱਤਾ ਦੇ ਅਭਿਲਾਸ਼ੀ ਹੋ?
ਕੀ ਤੁਸੀਂ ਅਸੰਪਵ ਕਾਰਜਾਂ ਨੂੰ ਕਰਨ ਦੇ ਇਛੁੱਕ ਹੋ?
ਕੀ ਤੁਸੀਂ ਦੌਲਤ, ਸ਼ੋਹਰਤ ਤੇ ਸੱਤਾ ਦੀਆਂ ਟੀਸੀਆਂ ਸਰ ਕਰਨਾ ਚਾਹੁੰਦੇ ਹੋ?
ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ। ਤੁਸੀਂ ਜੋ ਵੀ ਪਰਿਭਾਸ਼ਾ ਸਫਲਤਾ ਲਈ ਸਿਰਜੀ ਹੋਈ ਹੈ, ਉਸਨੂੰ ਹਾਸਲ ਕਰਨ ਦੀ ਤਕਨੀਕ ਤੁਹਾਨੂੰ ਸਮਝਣੀ ਜ਼ਰੂਰੀ ਹੈ। ਇਸ ਤਕਨੀਕ ਨੂੰ ਸਮਝਣ ਲਈ ਸਿਰਫ ਇਕ ਹੀ ਨੁਕਤਾ ਸਮਝ ਲੈਣਾ ਚਾਹੀਦਾ ਹੈ। ਇਹ ਨੁਕਤਾ ਹੈ ਇਕ ਵੱਡਾ ਸੁਪਨਾ ਲੈਣਾ। ਜਿੰਨਾ ਵੱਡਾ ਸੁਪਨਾ ਉਨਾ ਵੱਡਾ ਇਨਾਮ। ਸਫਲਤਾ ਲਈ ਤੁਹਾਡੇ ਕੋਲ ਇਕ ਵੱਡਾ ਸੁਪਨਾ ਹੋਣਾ ਚਾਹੀਦਾ ਹੈ। ਉਸ ਸੁਪਨੇ ਨੂੰ ਹਕੀਕਤ ਵਿਚ ਬਦਲਦਾ ਵੇਖਣ ਦੀ ਇੱਛਾ ਹੋਣੀ ਚਾਹੀਦੀ ਹੈ। ਸੁਪਨੇ ਦਾ ਪਿੱਛਾ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਜੇ ਤੁਹਾਡੇ ਸੁਪਨੇ ਦੇ ਨਾਲ ਵਿਸ਼ਵਾਸ, ਸੰਕਲਪ, ਲਗਨ ਅਤੇ ਪ੍ਰਬੱਲ ਇੱਛਾ ਹੋਵੇ ਤਾਂ ਇਸਨੂੰ ਹਕੀਕਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ।
ਸਫਲਤਾ ਦੇ ਬੀਜ-ਸੁਪਨੇ ਤਾਂ ਸਫ਼ਲਤਾ ਦੇ ਬੀਜ ਹੁੰਦੇ ਹਨ। ਤੁਸੀਂ ਸੁਪਨੇ ਲੈਂਦੇ ਹੋ, ਕੋਈ ਲਕਸ਼ ਬਣਾਉਂਦੇ ਹੋ, ਕੋਈ ਟੀਚਾ ਤੈਅ ਕਰਦੇ ਹੋ, ਕੋਈ ਮੰਜ਼ਿਲ ਮਿੱਥਦੇ ਹੋ, ਕੋਈ ਉਦੇਸ਼ ਸਿਰਜਦੇ ਹੋ ਤਾਂ ਸਮਝੋ ਤੁਸੀਂ ਸਫ਼ਲਤਾ ਦਾ ਦਰਖ਼ਤ ਉਗਾਉਣ ਲਈ ਬੀਜ ਬੀਜ ਦਿੰਦੇ ਹੋ। ਸਿਰਫ਼ ਬੀਜ ਬੀਜਣਾ ਹੀ ਕਾਫ਼ੀ ਨਹੀਂ ਸਗੋਂ ਇਸ ਨੂੰ ਸਮੇਂ ਸਮੇਂ ‘ਤੇ ਸਿੰਜਣਾ ਅਤੇ ਖਾਦ ਪਾਉਣੀ ਵੀ ਜ਼ਰੂਰੀ ਹੁੰਦੀ ਹੈ। ਆਤਮ ਵਿਸ਼ਵਾਸ ਨਾਲ ਸਕਾਰਾਤਮਕ ਸੋਚ ਵਿੱਚੋਂ ਨਿਕਲੇ ਇਹ ਬੋਲ ‘ਮੈਂ ਕਰ ਸਕਦਾ ਹਾਂ: ਮੈਂ ਕਰਾਂਗਾ: ਮੈਂ ਸਫ਼ਲ ਹੋਵਾਂਗਾ,’ ਇਸ ਬੀਜ ਨੂੰ ਪਾਣੀ ਦੇਣ ਦਾ ਕਾਰਜ ਕਰਦੇ ਹਨ। ਆਤਮ ਬਲ, ਦ੍ਰਿੜ੍ਹ ਇਰਾਦਾ, ਲਗਨ ਅਤੇ ਸਖ਼ਤ ਮਿਹਨਤ ਦੀਆਂ ਖਾਦਾਂ ਇਸ ਬੀਜ ਨੂੰ ਵੱਡਾ ਦਰਖ਼ਤ ਬਣਾ ਦਿੰਦੀਆਂ ਹਨ ਅਤੇ ਦਰਖ਼ਤ ਨੂੰ ਫ਼ਲ ਲਗਣਾ ਵੀ ਸੁਭਾਵਿਕ ਹੈ। ਜ਼ਰੂਰੀ ਤਾਂ ਇਹ ਤੈਅ ਕਰਨਾ ਹੈ ਕਿ ਕਿਸ ਕਿਸਮ ਦਾ ਫ਼ਲ ਤੁਸੀਂ ਚਾਹੁੰਦੇ ਹੋ। ਜਦੋਂ ਇਹ ਨਿਰਣਾ ਹੋ ਜਾਵੇਗਾ ਤਾਂ ਬੀਜ ਦੀ ਕਿਸਮ ਦਾ ਵੀ ਫ਼ੈਸਲਾ ਹੋ ਜਾਵੇਗਾ। ਸੋ ਸਭ ਤੋਂ ਪਹਿਲਾਂ ਤਾਂ ਇਹ ਤੈਅ ਕਰਨਾ ਜ਼ਰੂਰੀ ਹੈ ਕਿ ਜਿਹੜਾ ਸੁਪਨਾ ਰੂਪੀ ਬੀਜ ਤੁਸੀਂ ਬੀਜਣ ਜਾ ਰਹੇ ਹੋ ਉਹ ਸੱਚਮੁਚ ਹੀ ਤੁਹਾਡੇ ਦਿਲ ਦੀ ਆਵਾਜ਼ ਹੈ ਜਾਂ ਨਹੀਂ। ਤੁਹਾਡੀ ਜ਼ਿੰਦਗੀ ਦਾ ਮਕਸਦ ਹੈ। ਹੈਰਾਨੀ ਦੀ ਗੱਲ ਹੈ ਕਿ ਦੁਨੀਆ ਵਿਚ ਤਿੰਨ ਤੋਂ ਪੰਜ ਪ੍ਰਤੀਸ਼ਤ ਵਿਅਕਤੀਆਂ ਕੋਲ ਹੀ ਸਪਸ਼ਟ ਲਿਖਤ ਜੀਵਨ ਮਨੋਰਥ ਹਨ। ਮੈਨੂੰ ਸੈਮੀਨਾਰਾਂ ਵਿਚ ਅਕਸਰ ਪੁੱਛਿਆ ਜਾਂਦਾ ਹੈ ਕਿ ਨਿਸ਼ਾਨਾ ਮਿੱਥਣ ਦਾ ਕੋਈ ਫਾਰਮੂਲਾ ਦੱਸੋ। ਉਹਨਾਂ ਨੂੰ ਦੱਸਦਾਂ ਹਾਂ ਕਿ ਆਤਮ ਚਿੰਤਨ ਕਰੋ ਅਤੇ ਸਪਸ਼ਟ ਰੂਪ ਨਾਲ ਤਹਿ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ। ਕਵੀ ਸਟੀਫਨ ਦੇ ਇਹਨਾਂ ਬੋਲਾਂ ਨੂੰ ਯਾਦ ਰੱਖੋ ”ਸਫਲਤਾ ਦੀ ਪੌੜੀ ਤੇ ਸਿੱਧਾ ਚੜ੍ਹਨ ਤੋਂ ਪਹਿਲਾਂ ਇਹ ਨਿਸਚਿਤ ਕਰ ਲਵੋ ਕਿ ਇਹ ਸਹੀ ਇਮਾਰਤ ਨਾਲ ਲੱਗੀ ਹੋਵੇ।” ਇਸ ਪਾਸੇ ਦੂਜੀ ਗੰਲ ਸਮਝਣੀ ਬੜੀ ਜ਼ਰੂਰੀ ਹੈ ਕਿ ਆਪਣੇ ਉਦੇਸ਼ ਨੂੰ ਕਾਗਜ਼ ਤੇ ਲਿਖੋ। ਨਿਸ਼ਾਨੇ ਨੂੰ ਕਾਗਜ਼ ‘ਤੇ ਲਿਖਣ ਨਾਲ ਇਹ ਇਕ ਦਸਤਾਵੇਜ਼ ਬਣ ਜਾਂਦਾ ਹੈ। ਜੋ ਲਕਸ਼ ਜਾਂ ਟੀਚਾ ਲਿਖਤੀ ਰੂਪ ਨਹੀਂ ਧਾਰਦਾ, ਉਹ ਕੇਵਲ ਇਸ ਇੱਛਾ ਜਾਂ ਪਰੀ ਕਹਾਣੀ ਹੀ ਰਹਿੰਦਾ ਹੈ ਅਤੇ ਉਸਦੇ ਪਿੱਛੇ ਕੋਈ ਊਰਜਾ ਨਹੀਂ ਹੁੰਦੀ। ਅਲਿਖਤ ਨਿਸ਼ਾਨੇ, ਦੁਬਿਧਾ, ਅਸਪਸ਼ਟਤਾ ਅਤੇ ਗਲਤ ਵਿਸ਼ੇ ਵੱਲ ਲੈ ਜਾਂਦੇ ਹਨ। ਲਿਖਤੀ ਉਦੇਸ਼ਾਂ ਉਪਰ ‘ਖਿੱਚ ਦਾ ਸਿਧਾਂਤ’ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਹੁੰਦਾ ਹੈ। ਇਸ ਬਾਰੇ ਬਰੂਸਲੀ ਵੱਲੋਂ ਆਪਣੇ ਆਪ ਨੂੰ ਲਿਖੇ ‘ਏ ਸੀਕਰਟ ਲੈਟਰ ਟੂ ਮਾਈਸੈਲਫ’ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਇਹ ਬਰੂਸਲੀ ਦਾ ਹੱਥ ਲਿਖਤ ਪੱਤਰ ਨਿਊਯਾਰਕ ਵਿਚ ਸਥਿਤ ਮਿਊਜ਼ੀਅਮ ਵਿਚ ਟੰਗਿਆ ਹੋਇਆ ਵੇਖਿਆ ਜਾ ਸਕਦਾ ਹੈ। 1970 ਵਿਚ ਆਪਣੇ ਆਪ ਨੂੰ ਲਿਖੇ ਇਸ ਪੱਤਰ ਵਿਚ ਬਰੂਸਲੀ ਨੇ ਕਿਹਾ ਸੀ ਕਿ ਅਗਲੇ ਦਸ ਸਾਲਾਂ ਵਿਚ ਉਹ ਦੁਨੀਆਂ ਦਾ ਸਭ ਤੋਂ ਮਹਿੰਗਾ ਅਤੇ ਹਰਮਨ ਪਿਆਰਾ ਐਕਟਰ ਹੋਵੇਗਾ। ਉਹ ਆਪਣੇ ਇਸ ਪੱਤਰ ਨੂੰ ਦਿਨ ਵਿਚ ਕਈ ਵਾਰ ਪੜ੍ਹਦਾ ਸੀ। ‘ਇੰਟਰ ਦੀ ਡਰੈਗਨ’ ਫਿਲਮ ਆਉਣ ਬਾਅਦ ਉਸਦਾ ਇਹ ਸੁਪਨਾ 1973 ਵਿਚ ਹੀ ਪੂਰਾ ਹੋ ਗਿਆ ਸੀ। ਸੂਤਰ ਇਹ ਹੈ ਕਿ ਸਵੈ ਪ੍ਰੇਰਨਾ ਅਤੇ ਲਕਸ਼ ਨੂੰ ਯਾਦ ਰੱਖਣ ਲਈ ਲਿਖਤੀ ਰੂਪ ਵਿਚ ਨਿਸ਼ਾਨੇ ਦਾ ਹੋਣਾ ਜ਼ਰੂਰੀ ਹੁੰਦਾ ਹੈ।
ਨਿਸ਼ਾਨਾ ਤਹਿ ਕਰਨ ਸਮੇਂ ਹੀ ਨਿਸ਼ਾਨੇ ਨੂੰ ਪੂਰਾ ਕਰਨ ਦੀ ਸਮਾਂ-ਸੀਮਾ ਤਹਿ ਕਰ ਲੈਣੀ ਚਾਹੀਦੀ ਹੈ। ਇਉਂ ਕਰਨ ਨਾਲ ਵਕਤ ਪ੍ਰਬੰਧਨ ਵਿਚ ਮਦਦ ਮਿਲਦੀ ਹੈ। ਉਦੇਸ਼ ਮਿੱਥਣ ਵੇਲੇ ਹੀ ਉਹਨਾਂ ਸਾਰੇ ਕਾਰਜਾਂ ਦੀ ਇਕ ਸੂਚੀ ਬਣਾਉਣੀ ਚਾਹੀਦੀ ਹੈ ਜੋ ਮੰਜ਼ਿਲ ਪ੍ਰਾਪਤੀ ਲਈ ਕਰਨੇ ਜ਼ਰੂਰੀ ਹਨ। ਸੂਚੀ ਨੂੰ ਯੋਜਨਾਬੱਧ ਕਰਨਾ ਵੀ ਜ਼ਰੂਰੀ ਹੈ ਅਤੇ ਇਸ ਨੂੰ ਪ੍ਰਮੁੱਖਤਾ ਅਤੇ ਕ੍ਰਮ ਦੇ ਆਧਾਰ ‘ਤੇ ਲਿਖ ਲੈਣਾ ਚਾਹੀਦਾ ਹੈ। ਮੰਜ਼ਿਲ ਮਿੱਥਣ ਤੋਂ ਬਾਅਦ ਹਰ ਰੋਜ਼ ਆਪਣੀ ਮੰਜ਼ਿਲ ਵੱਲ ਕੁਝ ਕਦਮ ਚੱਲਣ ਦਾ ਇਰਾਦਾ ਬਣਾਉਣਾ ਚਾਹੀਦਾ ਹੈ।
ਵੱਡੇ ਸੁਪਨੇਸਾਜ਼ ਬਣੋ- ਦੁਨੀਆਂ ਦੀ ਅੱਜ ਜੋ ਤਸਵੀਰ ਹੈ, ਅਸਲ ਵਿਚ ਇਹ ਕਲਪਨਾਸ਼ੀਲ ਵਿਅਕਤੀਆਂ ਦੇ ਸੁਪਨਿਆਂ ‘ਚੋਂ ਨਿਕਲੀ ਹੈ। ਐਡੀਸਨ ਨੇ ਸੁਪਨਿਆਂ ਦੀ ਦੁਨੀਆਂ ਦਾ ਰੰਗ ਬਦਲ ਕੇ ਰੱਖ ਦਿੰਤਾ। ਮਾਰਕੋਨੀ ਦੀ ਕਲਪਨਾ ਦੁਨੀਆ ਨੂੰ ਗਲੋਬਲ ਪਿੰਡ ਬਣਾਉਣ ਦਾ ਮੁੱਢ ਬਣਿਆ ਸੀ। ਰਾਈਟ ਭਰਾਵਾਂ ਦੀ ਕਲਪਨਾ ਉਡਾਰੀ ਨੇ ਦੁਨੀਆਂ ਨੁੰ ਖੰਭ ਲਾ ਦਿੱਤੇ ਤਾਂ ਕਿ ਅਸੀਂ ਉਡ ਸਕੀਏ। ਲੇਖਕ ਵਿੱਲੀ ਜਾਲੀ ਕਹਿੰਦਾ ਹੈ ਕਿ ਅੱਜ ਅਸੀਂ ਜਿਸ ਤਰ੍ਹਾਂ ਦੇ ਸੁਪਨੇ ਉਤੇ ਧਿਆਨ ਇਕਾਗਰ ਕਰਨਾ ਚਾਹੁੰਦੇ ਹਾਂ, ਉਹ ਉਸੇ ਤਰ੍ਹਾਂ ਦਾ ਸੁਪਨਾ ਹੈ, ਜਿਸਨੁੰ ਡਾ. ਮਾਰਟਨ ਲੂਥਰ ਕਿੰਗ ਨੇ ਵੇਖਿਆ ਸੀ। ਕਲਪਨਾ ਭਰਿਆ ਸੁਪਨਾ। ਉਹਨਾਂ ਚੀਜ਼ਾਂ ਨੂੰ ਸੰਭਾਵਨਾ ਦੇ ਰੂਪ ਵਿਚ ਵੇਖਣਾ ਜੋ ਅਜੇ ਹਕੀਕਤ ਨਹੀਂ ਬਣੀਆਂ। ਜੇ ਅਸੀਂ ਆਪਣੇ ਮਨ ਨੂੰ ਉਡਣ ਦੀ ਆਗਿਆ ਦੇਈਏ। ਜੇ ਅਸੀਂ ਉਹਨਾਂ ਬੰਧਨਾਂ ਨੂੰ ਕੱਟ ਦੇਈਏ ਜੋ ਸਾਨੂੰ ਬੰਨ੍ਹੀ ਰੱਖਦੇ ਹਨ। ਜੇ ਅਸੀਂ ਰੁਕ ਕੇ ਚਾਰੋ ਤਰਫ ਨਜ਼ਰ ਮਾਰੀਏ ਤਾਂ ਅਸੀਂ ਵੇਖਾਂਗੇ ਕਿ ਹਰ ਚੀਜ਼ ਜੋ ਸਾਡੇ ਸਾਹਮਣੇ ਹੈ, ਕਿਸੇ ਸਮੇਂ ਕਿਸ ਮਨ ਮਸਤਕ ਦੀ ਕਲਪਨਾ ਵਿਚੋਂ ਸ਼ੂਰੂ ਹੋਈ ਸੀ। ਇਹ ਟੈਲੀਫੋਨ, ਇਹ ਕਾਰ, ਇਹ ਟੀ. ਵੀ., ਇਹ ਜਹਾਜ਼, ਇਹ ਹਸਪਤਾਲ ਅਤੇ ਘਰ ਆਦਿ ਦੀ ਹੋਂਦ ਤੋਂ ਪਹਿਲਾਂ ਇਹ ਕਿਸੇ ਦੀ ਕਲਪਨਾ ਬਣੀ, ਸੁਪਨਾ ਬਣਿਆ, ਫਿਰ ਇਹ ਸਭ ਕੁਝ ਹੋਂਦ ਵਿਚ ਆਇਆ। ਸੱਚਮਚ ਹੀ ਤੁਸੀਂ ਕਲਪਨਾ ਉਡਾਰੀ ਨਾਲ ਵੱਡੇ ਸੁਪਨੇਸਾਜ਼ ਬਣ ਸਕਦੇ ਹ ੋ ਅਤੇ ਵੱਡੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦੀ ਸਮਰੱਥਾ ਰੱਖਦੇ ਹੋ। ਸੋ ਵੱਡੇ ਸੁਪਨੇਸਾਜ਼ ਬਣੋ।
ਸਫਲ ਹੋਣ ਲਈ ਜਿੱਥੇ ਸੁਪਨੇ ਸਿਰਜਣਾ ਜ਼ਰੂਰੀ ਹੈ, ਉਥੇ ਸਫਲ ਹੋਣ ਲਈ ਸਫਲਤਾ ਦੀ ਇੱਛਾ ਅਸਫਲਤਾ ਦੇ ਡਰ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਵਾਰ-ਵਾਰ ਅਸਫਲ ਹੋਣ ਨਾਲ ਵੀ ਉਤਸ਼ਾਹ ਨਾ ਖੋਣਾ ਹੀ ਸਫਲਤਾ ਹੈ। ਐਡੀਸਨ ਹਜ਼ਾਰ ਵਾਰ ਅਸਫਲ ਹੋਣ ਤੋਂ ਬਾਅਦ ਸਫਲ ਹੋਇਆ ਸੀ।ਇਬਰਾਹੀਮ ਲਿੰਕਨ ਅਨੇਕਾਂ ਹਾਰਾਂ ਤੋਂ ਬਾਅਦ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ। ਅਸਫਲਤਾ ਸਫਲਤਾ ਹੈ ਜੇ ਅਸੀਂ ਉਸ ਤੋਂ ਸਿੱਖਦੇ ਹਾਂ। ਸੁਪਨਿਆਂ ਨੂੰ ਸਾਕਾਰ ਕਰਨ ਦੇ ਸਫਰ ਵਿਚ ਦ੍ਰਿੜ੍ਹ ਰਹਿਣ ਵਾਲੀ ਇੱਛਾ ਸ਼ਕਤੀ ਅਕਸਰ ਸਫਲਤਾ ਅਤੇ ਅਸਫਲਤਾ ਦੇ ਵਿਚਕਾਰ ਦਾ ਅੰਤਰ ਹੁੰਦੀ ਹੈ। ਜ਼ਿਆਦਾਤਰ ਮਹਾਨ ਲੋਕਾਂ ਨੇ ਆਪਣੀ ਸਭ ਤੋਂ ਵੰਡੀ ਸਫਲਤਾ ਆਪਣੀ ਸਭ ਤੋਂ ਵੰਡੀ ਅਸਫਲਤਾ ਦੇ ਇਕ ਕਦਮ ਅੱਗੇ ਹਾਸਲ ਕੀਤੀ ਹੈ। ਜੇ ਹਾਰ ਦੀ ਸੰਭਾਵਨਾ ਨਾ ਹੋਵੇ ਤਾਂ ਜਿੱਤ ਦਾ ਕੋਈ ਅਰਥ ਨਹੀਂ ਰਹਿੰਦਾ। ਸੋ ਸਫਲਤਾ ਰਾਹੀਂ ਜਿੱਥੇ ਵੱਡੇ ਸੁਪਨੇ ਸਿਰਜਦੇ ਹਨ, ਉਥੇ ਮਿਹਨਤ, ਹਿੰਮਤ ਅਤੇ ਲਗਨ ਨਾਲ ਸੁਪਨੇ ਸਾਕਾਰ ਕਰਨ ਵਿਚ ਜੁਟੇ ਰਹਿੰਦੇ ਹਨ।
ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਵਾਲੇ ਐਡਮਿੰਡ ਹਿਲੇਰੀ ਨੂੰ ਪੁੱਛਿਆ ਗਿਆ:
”ਸਰ ਹਿਲੇਰੀ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਵਾਲੇ ਪਹਿਲੇ ਵਿਅਕਤੀ ਬਣਨ ਦੇ ਰਸਤੇ ਵਿਚ ਸਭ ਤੋਂ ਵੱਡੀ ਕਿਹੜੀ ਚੁਣੌਤੀ ਦਾ ਤੁਸੀਂ ਸਾਹਮਣਾ ਕੀਤਾ?”
”ਸਭ ਤੋਂ ਵੱਡੀ ਚੁਣੌਤੀ ਹਾਰ ਦੇ ਡਰ ਕਾਰਨ ਕੋਸ਼ਿਸ਼ ਕਰਨੀ ਨਾ ਛੱਡਣ ਦੀ ਸੀ। ਮਨੋਵਿਗਿਆਨਕ ਤੌਰ ‘ਤੇ ਡਰ ਸੀ ਕਿ ਕਿਤੇ ਬਿਨਾਂ ਪੂਰੀ ਕੋਸ਼ਿਸ਼ ਕੀਤੇ ਹਾਰ ਨਾ ਮੰਨ ਲਈਏ। ਅਕਸਰ ਅਸੀਂ ਆਪਣੇ ਲਕਸ਼ ਨੂੰ ਇਸ ਕਰਕੇ ਨਹੀਂ ਪਾ ਸਕਦੇ ਕਿਉਂਕਿ ਅਸੀਂ ਪੂਰੀ ਤਰ੍ਹਾਂ ਕੋਸ਼ਿਸ਼ ਨਹੀਂ ਕਰਦੇ। ਅਸੀਂ ਆਪਣੇ ਆਪ ਨੂੰ ਇਹ ਦਿਲਾਸਾ ਦਿੰਦੇ ਹਾਂ, ‘ਇਹ ਅਸੰਭਵ ਕੰਮ ਹੈ, ਇਸਨੂੰ ਨਹੀਂ ਕੀਤਾ ਜਾ ਸਕਦਾ।’
ਜਦੋਂ ਇੱਕ ਵਾਰ ਹਿਲੇਰੀ ਮਾਊਂਟ ਐਵਰੈਸਟ ਦੀ ਚੋਟੀ ‘ਤੇ ਪਹੁੰਚ ਗਏ ਤਾਂ ਉਹਨਾਂ ਦਿਖਾ ਦਿੱਤਾ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, ਇਹ ਸੰਭਵ ਹੈ। ਉਸੇ ਪਲ ਇਹ ਕੰਮ ਦੂਜੇ ਲੋਕਾਂ ਲਈ ਆਸਾਨ ਹੋ ਗਿਆ। ਸ਼ਾਇਦ ਐਡਮੰਡ ਹਿਲੇਰੀ ਨੇ ਠੀਕ ਹੀ ਕਿਹਾ ਸੀ ”ਅਸੀਂ ਪਹਾੜ ਨੂੰ ਨਹੀਂ, ਖੁਦ ਨੂੰ ਜਿੱਤਿਆ ਸੀ।” ਸੋ ਤੁਹਾਨੂੰ ਵੀ ਵੱਡੇ-ਵੱਡੇ ਪਹਾੜ ਜਿੱਤਣ ਲਈ ਆਪਣੇ ਆਪ ਨੂੰ ਜਿੱਤਣਾ ਪਵੇਗਾ। ਹਾਰ ਦੇ ਡਰ ਨੂੰ ਮਨੋਂ ਕੱਢਣਾ ਪਵੇਗਾ। ਇਸ ਗੱਲ ਨੂੰ ਸਮਝਣਾ ਪਵੇਗਾ ਕਿ ”ਠਾਣ ਲੋ ਤਾਂ ਜਿੱਤ ਹੈ, ਮੰਨ ਲੋ ਤੋ ਹਾਰ ਹੈ।”
ਮਨ ਦੀ ਸ਼ਕਤੀ- ਸੁਪਨਿਆਂ ਨੂੰ ਸਾਕਾਰ ਕਰਨ ਲਈ ਮਨ ਦੀ ਸ਼ਕਤੀ ਦਾ ਉਪਯੋਗ ਕਰਨਾ ਆਉਣਾ ਚਾਹੀਦਾ ਹੈ। ਇਹ ਸਿੱਧ ਹੋ ਚੁੱਕਾ ਹੈ ਕਿ ਸਾਡੇ ਮਨ ਮਸਤਕ ਵਿਚ ਅਸੀਮ ਸ਼ਕਤੀਆਂ ਹਨ। ਮਹਾਤਮਾ ਬੁੱਧ ਨੇ ਕਿਹਾ ਸੀ ਕਿ ”ਅਸੀਂ ਜੋ ਸੋਚਦੇ ਹਾਂ ਉਹ ਬਣ ਜਾਂਦੇ ਹਾਂ”। ਗੁਰਬਾਣੀ ਵਿਚ ਆਉਂਦਾ ਹੈ ”ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇ”। ਇਸੇ ਤਰ੍ਹਾਂ ਬਾਈਬਲ ਦਾ ਕਥਨ ਹੈ ਕਿ ਜਿਹੜੀਆਂ ਵੀ ਚੀਜ਼ਾਂ ਦੀ ਤੁਸੀਂ ਇੱਛਾ ਕਰਦੇ ਹੋ, ਪ੍ਰਾਰਥਨਾ ਕਰਦੇ ਸਮੇਂ ਇਹ ਵਿਸ਼ਵਾਸ ਕਰੋ ਕਿ ਤੁਹਾਨੂੰ ਉਹ ਮਿਲ ਰਹੀਆਂ ਹਨ ਅਤੇ ਉਹ ਤੁਹਾਨੂੰ ਮਿਲ ਜਾਣਗੀਆਂ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ, ”ਅਸੀਂ ਜੋ ਹਾਂ ਸਾਡੀ ਸੋਚ ਨੇ ਬਣਾਇਆ ਹੈ, ਇਸ ਲਈ ਇਸ ਗੱਲ ਦਾ ਧਿਆਨ ਰੱਖੀਏ ਕਿ ਤੁਸੀਂ ਕੀ ਸੋਚਦੇ ਹੋ, ਸ਼ਬਦ ਗੌਣ ਹਨ, ਵਿਚਾਰ ਰਹਿੰਦੇ ਹਨ ਅਤੇ ਉਹ ਦੂਰ ਤੱਕ ਯਾਤਰਾ ਕਰਦੇ ਹਨ।”
‘ਆਪਕੀ ਜ਼ਿੰਦਗੀ ਸਿਰਫ ਏਕ ਮਿੰਟ ਮੇਂ ਬਦਲ ਸਕਤੀ ਹੈ’ ਪੁਸਤਕ ਦੇ ਲੇਖਕ ਸਿਲੀ ਜਾਲੀ ਨੇ ਲਿਖਿਆ ਹੈ ”ਮਸਤਕ ਇਕ ਵੀਡੀਓ ਕੈਮਰੇ ਵਰਗਾ ਹੈ ਅਤੇ ਇਹ ਅਤੀਤ ਦੀਆਂ ਘਟਨਾਵਾਂ ਨੂੰ ਰੀਪਲੇਅ ਕਰ ਸਕਦਾ ਹੈ ਜੋ ਸਾਡੀ ਯਾਦ ਸ਼ਕਤੀ ਵਿਚ ਪਈਆਂ ਹਨ। ਪ੍ਰੰਤੂ ਇਹ ਉਹਨਾਂ ਘਟਨਾਵਾਂ ਨੂੰ ਪ੍ਰੀ-ਪਲੇ ਵੀ ਕਰ ਸਕਦਾ ਹੈ ਜੋ ਭਵਿੱਖ ਵਿਚ ਹੋਣ ਜਾ ਰਹੀਆਂ ਹਨ। ਇਹ ਅਜਿਹਾ ਸੁਪਨਿਆਂ ਦੇ ਮਾਧਿਅਮ ਨਾਲ ਕਰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਆਪਣੇ ਅਤੀਤ ਨੂੰ ਰੀ-ਪਲੇ ਕਿਵੇਂ ਕੀਤਾ ਜਾਵੇ ਪਰ ਬਹੁਤ ਘੱਟ ਲੋਕ ਜਾਣਦੇ ਹ ਨ ਕਿ ਭਵਿੱਖ ਨੂੰ ਪ੍ਰੀ-ਪਲੇ ਕਿਵੇਂ ਕੀਤਾ ਜਾਂਦਾ ਹੈ ਅਤੇ ਸੁਪਨਿਆਂ ਨੂੰ ਕਿਵੇਂ ਸੱਚ ਕੀਤਾ ਜਾ ਸਕਦਾ ਹੈ। ਜੇ ਅਸੀਂ ਸੁਪਨੇ ਵੇਖਣ ਸਿੱਖ ਸਕੀਏ ਅਤੇ ਉਹਨਾਂ ਸੁਪਨਿਆਂ ਦਾ ਪਿੱਛਾ ਕਰਨ ਦਾ ਹੌਸਲਾ ਕਰ ਸਕੀਏ ਤਾਂ ਅਸੀਂ ਮਹਾਨ ਕੰਮ ਕਰ ਸਕਦੇ ਹਾਂ।

LEAVE A REPLY