flimy-duniya1 ਸੰਜੀਵ ਕੁਮਾਰ ਝਾਅ
ਜ਼ਿੰਦਗੀ ਵਿੱਚ ਸਫ਼ਲ ਓਹੀ ਹੁੰਦਾ ਹੈ, ਜੋ ਜੋਖ਼ਮ ਉਠਾਉਂਦਾ ਹੈ ਅਤੇ ਮਿਲੇ ਹੋਏ ਮੌਕੇ ਨੂੰ ਸਮੇਂ ਸਿਰ ਸਾਂਭ ਲੈਂਦਾ ਹੈ। ਬਾਲੀਵੁੱਡ ਦੀ ਇਸ ਚਮਕ-ਦਮਕ ਵਾਲੀ ਦੁਨੀਆਂ ਵਿੱਚ ਅਜਿਹੇ ਬਹੁਤ ਕਲਾਕਾਰ ਮਿਲ ਜਾਣਗੇ ਜਿਨ੍ਹਾਂ ਦੇ ਪਰਿਵਾਰ ਦਾ ਫ਼ਿਲਮਾਂ ਨਾਲ ਨੇੜੇ-ਤੇੜੇ ਦਾ ਵੀ ਵਾਸਤਾ ਨਹੀਂ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਫ਼ਿਲਮੀ ਦੁਨੀਆਂ ‘ਚ ਖ਼ੂਬ ਨਾਮ ਕਮਾਇਆ। ਅਜਿਹਾ ਹੀ ਇੱਕ ਨਾਂ ਹੈ ਅਕਸ਼ੈ ਕੁਮਾਰ। ਰੋਮਾਂਸ, ਕਾਮੇਡੀ ਅਤੇ ਐਕਸ਼ਨ, ਹਰ ਤਰ੍ਹਾਂ ਦੇ ਕਿਰਦਾਰ ਵਿੱਚ ਫਿੱਟ ਬੈਠਣਾ ਹੀ ਅਕਸ਼ੈ ਦੀ ਸਫ਼ਲਤਾ ਦਾ ਰਾਜ਼ ਹੈ। ਅਕਸ਼ੈ ਨੇ ਸਾਲ 2016 ਦੀ ਸ਼ੁਰੂਆਤ ਫ਼ਿਲਮ ‘ਏਅਰਲਿਫਟ’ ਤੋਂ ਕੀਤੀ ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਬੀਤੇ ਦਿਨੀਂ ਆਈ ਉਸ ਦੀ ਫ਼ਿਲਮ ‘ਹਾਊਸਫੁੱਲ-3’, ਜਿਸ ਵਿੱਚ ਉਸ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਅਭਿਸ਼ੇਕ ਬੱਚਨ, ਜੈਕੁਲਿਨ ਫਰਨਾਂਡੇਜ਼, ਨਰਗਿਸ ਫਾਖਰੀ ਅਤੇ ਲੀਜ਼ਾ ਹੇਡਨ ਨੇ ਵੀ ਅਹਿਮ ਕਿਰਦਾਰ ਨਿਭਾਏ, ਨੇ ਵੀ ਚੰਗੀ ਕਮਾਈ ਕੀਤੀ ਹੈ। ਪੇਸ਼ ਹਨ ਅਕਸ਼ੈ ਨਾਲ ਇਸ ਫ਼ਿਲਮ ਅਤੇ ਆਗਾਮੀ ਫ਼ਿਲਮਾਂ ਨੂੰ ਲੈ ਕੇ ਹੋਈ ਗੱਲਬਾਤ ਦੇ ਮੁੱਖ ਅੰਸ਼:
ਦ ‘ਹਾਊਸਫੁੱਲ-3’ ਦੀ ਸਫ਼ਲਤਾ ਤੋਂ ਖ਼ੁਸ਼ ਹੋ?
– ‘ਹਾਊਸਫੁੱਲ’ ਸੀਰੀਜ਼ ਦੀਆਂ ਫ਼ਿਲਮਾਂ ਆਪਣੀ ਕਹਾਣੀ ਕਾਰਨ ਹਮੇਸ਼ਾਂ ਹੀ ਚਰਚਾ ਵਿੱਚ ਰਹੀਆਂ ਹਨ। ‘ਹਾਊਸਫੁੱਲ-3’ ਦੀ ਖ਼ਾਸੀਅਤ ਇਹ ਰਹੀ ਕਿ ਇਹ ਇੱਕ ਪਰਿਵਾਰਕ ਕਾਮੇਡੀ ਫ਼ਿਲਮ ਹੈ। ਉਂਜ ਵੀ ਸਾਲ 2015 ਤੋਂ ਬਾਅਦ ਕੋਈ ਵੀ ਕਾਮੇਡੀ ਫ਼ਿਲਮ ਰਿਲੀਜ਼ ਨਹੀਂ ਹੋਈ ਸੀ ਅਤੇ ਦਰਸ਼ਕਾਂ ਨੂੰ ਜ਼ਿਆਦਾਤਰ ਗੰਭੀਰ ਫ਼ਿਲਮਾਂ ਹੀ ਦੇਖਣ ਨੂੰ ਮਿਲ ਰਹੀਆਂ ਸਨ। ਇਸ ਦੌਰਾਨ ਮੈਨੂੰ ਖ਼ੁਸ਼ੀ ਹੈ ਕਿ ਸਾਡੀ ਫ਼ਿਲਮ ‘ਹਾਊਸਫੁੱਲ-3’ ਇੱਕ ਵਾਰ ਫਿਰ ਲੋਕਾਂ ਦਾ ਮਨੋਰੰਜਨ ਕਰਨ ਵਿੱਚ ਸਫ਼ਲ ਰਹੀ ਹੈ।
ਦ ਤੁਹਾਨੂੰ ਨਹੀਂ ਲੱਗਦਾ ਕਿ ਫ਼ਿਲਮਾਂ ਅਤੇ ਕਾਮੇਡੀ ਫ਼ਿਲਮਾਂ ਦਾ ਮਿਆਰ ਲਗਾਤਾਰ ਡਿੱਗ ਰਿਹਾ ਹੈ?
– ਇੱਕ ਹੱਦ ਤਕ ਤੁਹਾਡੀ ਗੱਲ ਸਹੀ ਹੈ। ਸਮੇਂ-ਸਮੇਂ ‘ਤੇ ਫ਼ਿਲਮਾਂ ਦੇ ਫ਼ਿਲਮਾਂਕਣ ਅਤੇ ਵਿਸ਼ਾ-ਵਸਤੂ ਨੂੰ ਲੈ ਕੇ ਇਤਰਾਜ਼ ਵੀ ਉੱਠੇ ਹਨ ਪਰ ਹਰ ਕਾਮੇਡੀ ਫ਼ਿਲਮ ਇਸ ਤਰ੍ਹਾਂ ਦੀ ਨਹੀਂ ਹੁੰਦੀ। ਕਾਮੇਡੀ ਦਾ ਮਤਲਬ ਹੈ ਹੱਸਣਾ ਤੇ ਹਸਾਉਣਾ ਅਤੇ ਇਹ ਹਰੇਕ ਦੇ ਆਪਣੇ ਨਜ਼ਰੀਏ ਉੱਤੇ ਨਿਰਭਰ ਕਰਦਾ ਹੈ। ਜਿਵੇਂ ਜੇ ਤੁਹਾਨੂੰ ਕੋਈ ਚੀਜ਼ ਪਸੰਦ ਨਹੀਂ ਤਾਂ ਜ਼ਰੂਰੀ ਨਹੀਂ ਕਿ ਉਹ ਮੈਨੂੰ ਵੀ ਪਸੰਦ ਨਾ ਹੋਵੇ। ਜੇ ਅਜਿਹਾ ਹੁੰਦਾ ਤਾਂ ਫਿਰ ਕਈ ਕਿਰਦਾਰਾਂ ਵਾਲੀ ਕਾਮੇਡੀ ਫ਼ਿਲਮ ਇਤਰਾਜ਼ਾਂ ਦੇ ਬਾਵਜੂਦ ‘ਸੌ ਕਰੋੜ ਦੇ ਕਲੱਬ’ ਵਿੱਚ ਸ਼ੁਮਾਰ ਨਾ ਹੁੰਦੀ।
ਦ ਰਿਤੇਸ਼ ਦੇਸ਼ਮੁਖ ਨਾਲ ਕੰਮ ਕਰਕੇ ਕਿਵੇਂ ਲੱਗਿਆ?
-ਰਿਤੇਸ਼ ਅਤੇ ਮੈਂ ਪਹਿਲਾਂ ਵੀ ਕਈ ਕਾਮੇਡੀ ਫ਼ਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਾਂ ਜੋ ਬਹੁਤ ਸਫ਼ਲ ਰਹੀਆਂ ਹਨ। ਕਾਮੇਡੀ ਫ਼ਿਲਮਾਂ ਵਿੱਚ ਸਾਥੀ ਕਲਾਕਾਰਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਸਾਡੇ ਦੋਵਾਂ ਵਿੱਚ ਅਜਿਹੀ ਸਮਝ ਹੈ। ਜੇ ਸਭ ਕੁਝ ਸਹੀ ਰਿਹਾ ਤਾਂ ਅੱਗੇ ਵੀ ਸਾਨੂੰ ਅਜਿਹੀਆਂ ਫ਼ਿਲਮਾਂ ਵਿੱਚ ਇਕੱਠੇ ਦੇਖਿਆ ਜਾਵੇਗਾ।
ਦ ‘ਰੁਸਤਮ’ ਦਾ ਕੀ ਬਣਿਆ?
-‘ਹਾਊਸਫੁੱਲ-3’ ਤੋਂ ਬਾਅਦ ਸ਼ਾਇਦ ਮੇਰੀ ਅਗਲੀ ਫ਼ਿਲਮ ‘ਰੁਸਤਮ’ ਹੀ ਹੋਵੇਗੀ। ਹਾਲ ਹੀ ਵਿੱਚ ਇਸ ਫ਼ਿਲਮ ਦਾ ਪਹਿਲਾ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਮੈਂ ਇੱਕ ਜਲ ਸੈਨਾ ਅਫ਼ਸਰ ਦਾ ਕਿਰਦਾਰ ਨਿਭਾ ਰਿਹਾ ਹਾਂ। ‘ਰੁਸਤਮ’ 12 ਅਗਸਤ ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਸ ਦਾ ਨਿਰਦੇਸ਼ਨ ਨੀਰਜ ਪਾਂਡੇ ਕਰ ਰਹੇ ਹਨ ਜਿਨ੍ਹਾਂ ਨਾਲ ਮੈਂ ਪਹਿਲਾਂ ‘ਸਪੈਸ਼ਲ 26’ ਅਤੇ ‘ਬੇਬੀ’ ਫ਼ਿਲਮਾਂ ਕਰ ਚੁੱਕਿਆ ਹਾਂ।
ਦ ਰਜਨੀਕਾਂਤ ਨਾਲ ਆ ਰਹੀ ਤੁਹਾਡੀ ਫ਼ਿਲਮ ‘ਐਂਥੀਰਨ-2’ ਵਿੱਚ ਤੁਹਾਡੀ ਦਿੱਖ ਨੂੰ ਬੜਾ ਖੌਫ਼ਨਾਕ ਦੱਸਿਆ ਜਾ ਰਿਹਾ ਹੈ?
-ਜੀ ਹਾਂ, ਇਸ ਫ਼ਿਲਮ ਵਿੱਚ ਮੇਰਾ ਰੂਪ ਬੜਾ ਖੌਫ਼ਨਾਕ ਹੋਵੇਗਾ ਕਿਉਂਕਿ ਮੈਂ ਇਸ ‘ਚ ਖਲਨਾਇਕ ਦੀ ਭੂਮਿਕਾ ਨਿਭਾ ਰਿਹਾ ਹਾਂ। ਫ਼ਿਲਮ ਵਿੱਚ ਮੇਰੇ ਕਿਰਦਾਰ ਦਾ ਨਾਮ ‘ਡਾ. ਰਿਚਰਡ’ ਹੈ ਜੋ ਇੱਕ ਵਿਗਿਆਨੀ ਹੈ ਅਤੇ ਆਪਣੀ ਇੱਕ ਖੋਜ ਕਾਰਨ ਉਹ ਇੱਕ ਕਾਂ ਬਣ ਗਿਆ ਹੈ।
ਦ ਕੀ ਤੁਸੀਂ ਆਪਣਾ ਐਕਸ਼ਨ ਵਾਲਾ ਗੁਣ ਆਪਣੇ ਪੁੱਤ ਆਰਵ ਨੂੰ ਵੀ ਦਿੱਤਾ ਹੈ?
– ਸੱਚ ਆਖਾਂ ਤਾਂ ਆਰਵ ਨੂੰ ਮਿਲਿਆ ਜਪਾਨੀ ਮਾਰਸ਼ਲ ਆਰਟ ਕੂਡੋ ‘ਚ ‘ਫਸਟ ਡਿਗਰੀ ਬਲੈਕ ਬੈਲਟ’ ਮੇਰੀ ਜ਼ਿੰਦਗੀ ਦਾ ਸਭ ਤੋਂ ਉੱਤਮ ਇਨਾਮ ਹੈ। ਤੁਹਾਨੂੰ ਦੱਸ ਦਿਆਂ ਕਿ ਆਰਵ ਨੇ ਚਾਰ ਸਾਲ ਦੀ ਉਮਰ ਵਿੱਚ ਹੀ ਇਸ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਕਰੀਬ ਨੌਂ ਸਾਲ ਦੀ ਮਿਹਨਤ ਤੋਂ ਬਾਅਦ ਉਸ ਨੂੰ ਬਲੈਕ ਬੈਲਟ ਮਿਲੀ ਹੈ। ਮੈਨੂੰ ਆਰਵ ‘ਤੇ ਬਹੁਤ ਮਾਣ ਹੋ ਰਿਹਾ ਹੈ।
ਦ ਕੀ ਬਾਲੀਵੁੱਡ ਨੂੰ ਇੱਕ ਹੋਰ ਐਕਸ਼ਨ ਹੀਰੋ ਮਿਲਣ ਜਾ ਰਿਹਾ ਹੈ?
– ਹੁਣੇ ਤੋਂ ਅਜਿਹੇ ਅੰਦਾਜ਼ੇ ਨਾ ਲਾਓ। ਆਰਵ ਨੇ ਭਵਿੱਖ ਵਿੱਚ ਕੀ ਕਰਨਾ ਹੈ, ਸ਼ਾਇਦ ਉਹ ਚੰਗੀ ਤਰ੍ਹਾਂ ਜਾਣਦਾ ਹੈ। ਮੈਂ ਸਿਰਫ਼ ਇੰਨਾ ਚਾਹੁੰਦਾ ਹਾਂ ਕਿ ਆਰਵ ਆਪਣੇ ਸੁਪਨੇ ਪੂਰੇ ਕਰੇ, ਨਾ ਕਿ ਮੇਰੇ। ਸਾਨੂੰ ਨਹੀਂ ਬਿਲਕੁਲ ਲੱਗਦਾ ਕਿ ਆਰਵ ਨੂੰ ਗਲੈਮਰ ਦੀ ਦੁਨੀਆਂ ‘ਚ ਕੋਈ ਦਿਲਚਸਪੀ ਹੈ ਕਿਉਂਕਿ ਬਾਕੀ ਅਦਾਕਾਰਾਂ ਦੇ ਬੱਚਿਆਂ ਵਾਂਗ ਉਹ ਸੋਸ਼ਲ ਮੀਡੀਆ ‘ਤੇ ਵੀ ਐਕਟਿਵ ਨਹੀਂ ਰਹਿੰਦਾ। ਨਾ ਪਾਰਟੀਆਂ ਕਰਦਾ ਹੈ ਅਤੇ ਨਾ ਹੀ ਦੋਸਤਾਂ ਦੇ ਨਾਲ ਜ਼ਿਆਦਾ ਘੁੰਮਦਾ-ਫਿਰਦਾ ਹੈ। ਮੈਂ ਇਹੀ ਕਹਾਂਗਾ ਕਿ ਆਰਵ ਦਾ ਬਲੈਕ ਬੈਲਟ ਜਿੱਤਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਇੰਨੀ ਖ਼ੁਸ਼ੀ ਤਾਂ ਮੈਨੂੰ ਖ਼ੁਦ ਬਲੈਕ ਬੈਲਟ ਜਿੱਤਣ ‘ਤੇ ਵੀ ਨਹੀਂ ਹੋਈ ਸੀ।
ਦ ਅੱਜ-ਕੱਲ੍ਹ ਜਿਸ ਨੂੰ ਵੀ ਦੇਖੋ, ਓਹੀ ਹਾਲੀਵੁੱਡ ਵੱਲ ਜਾ ਰਿਹਾ। ਤੁਹਾਡਾ ਕੀ ਇਰਾਦਾ ਹੈ?
– ਮੇਰਾ ਅਜਿਹਾ ਕੋਈ ਇਰਾਦਾ ਨਹੀਂ। ਜਦੋਂ ਦੁਨੀਆਂ ਭਰ ਦੇ ਕਲਾਕਾਰ ਭਾਰਤੀ ਫ਼ਿਲਮਾਂ ‘ਚ ਆ ਕੇ ਕੰਮ ਕਰ ਰਹੇ ਹਨ ਤਾਂ ਭਲਾ ਮੈਨੂੰ ਬਾਹਰ ਜਾਣ ਦੀ ਕੀ ਲੋੜ ਹੈ। ਮੈਂ ਇੱਥੇ ਵੱਖ-ਵੱਖ ਭਾਸ਼ਾਵਾਂ ਦੀਆਂ ਫ਼ਿਲਮਾਂ ਕਰ ਰਿਹਾ ਹਾਂ।

LEAVE A REPLY