6ਕਾਬੁਲ -ਕਾਬੁਲ ਸ਼ਹਿਰ ਦੇ ਵਿਚਕਾਰ ਜਗਤਾਰ ਸਿੰਘ ਲਗਮਨੀ ਆਪਣੀ ਦੇਸੀ ਦਵਾਈਆਂ ਦੀ ਦੁਕਾਨ ‘ਤੇ ਬੈਠਾ ਹੋਇਆ ਸੀ ਜਦੋਂ ਇਕ ਆਦਮੀ ਨੇ ਉਨ੍ਹਾਂ ਕੋਲ ਆ ਕੇ ਚਾਕੂ ਕੱਢ ਕੇ ਕਿਹਾ ਕਿ ਜਾਂ ਤਾਂ ਮੁਸਲਮਾਨ ਬਣ ਜਾਂ ਫਿਰ ਉਹ ਉਸ ਦਾ ਗਲਾ ਵੱਢ ਦੇਵੇਗਾ | ਰਾਹਗੀਰਾਂ ਅਤੇ ਦੂਸਰੇ ਦੁਕਾਨਦਾਰਾਂ ਨੇ ਉਸ ਦੀ ਜਾਨ ਬਚਾਈ | ਇਸ ਮਹੀਨੇ ਦੇ ਸ਼ੁਰੂ ਵਿਚ ਵਾਪਰੀ ਇਹ ਘਟਨਾ ਅਫਗਾਨਿਸਤਾਨ ‘ਚੋਂ ਘੱਟ ਰਹੀ ਸਿੱਖਾਂ ਤੇ ਹਿੰਦੂਆਂ ਦੀ ਆਬਾਦੀ ‘ਤੇ ਤਾਜ਼ਾ ਹਮਲਾ ਹੈ | ਬਹੁਤ ਹੀ ਰੂੜ੍ਹੀਵਾਦੀ ਮੁਸਲਿਮ ਦੇਸ਼ ਅਫਗਾਨਿਸਤਾਨ ਵਿਚ ਇਸਲਾਮਿਕ ਬਗਾਵਤ ਅਤੇ ਆਰਥਿਕ ਚੁਣੌਤੀਆਂ ਕਾਰਨ ਘੱਟਗਿਣਤੀਆਂ ‘ਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ | ਕਿਸੇ ਸਮੇਂ ਅਫਗਾਨਿਸਤਾਨ ਵਿਚ ਸਿੱਖਾਂ ਤੇ ਹਿੰਦੂਆਂ ਦੀ ਚੋਖੀ ਆਬਾਦੀ ਸੀ ਪਰ ਹੁਣ ਮੁੱਠੀ ਭਰ ਸਿੱਖ ਤੇ ਹਿੰਦੂ ਪਰਿਵਾਰ ਹੀ ਉਥੇ ਰਹਿ ਗਏ ਹਨ | ਬਹੁਤੇ ਲੋਕ ਵਿਤਕਰੇ ਅਤੇ ਅਸਹਿਣਸ਼ੀਲਤਾ ਕਾਰਨ ਅਫਗਾਨਿਸਤਾਨ ਤੋਂ ਦੂਸਰੇ ਦੇਸ਼ਾਂ ਨੂੰ ਚਲੇ ਗਏ ਹਨ |
ਅਫਗਾਨਿਸਤਾਨ ‘ਚ ਭਾਵੇਂ ਬਹੁਤੇ ਮੁਸਲਮਾਨ ਹੀ ਵਸਦੇ ਹਨ ਪਰ ਤਾਲਿਬਾਨ ਸਰਕਾਰ ਨੂੰ 2001 ਨੂੰ ਸੱਤਾ ਤੋਂ ਹਟਾਉਣ ਪਿੱਛੋਂ ਬਣਾਇਆ ਸੰਵਿਧਾਨ ਘੱਟ ਗਿਣਤੀਆਂ ਨੂੰ ਸੁਤੰਤਰ ਪੂਜਾ ਦੀ ਗਰੰਟੀ ਦਿੰਦਾ ਹੈ | ਕਾਬੁਲ ਦੇ ਗੁਰਦੁਆਰੇ ਵਿਚ ਇਕ ਹੋਰ ਸਿੱਖ ਅਵਤਾਰ ਸਿੰਘ ਨੇ ਦੱਸਿਆ ਕਿ ਚੰਗੇ ਦਿਨ ਲੱਦ ਗਏ ਹਨ ਜਦੋਂ ਸਾਨੂੰ ਅਫਗਾਨ ਸਮਝਿਆ ਜਾਂਦਾ ਸੀ ਨਾ ਕਿ ਬਾਹਰੋਂ ਆਏ ਲੋਕ | ਉਸ ਨੇ ਦੱਸਿਆ ਕਿ ਸਰਕਾਰ ਵਿਚਲੇ ਲੋਕਾਂ ਖਾਸਕਰ ਸੈਨਾਪਤੀਆਂ (ਵਾਰਲਾਰਡਜ਼) ਨੇ ਸਾਥੋਂ ਆਜ਼ਾਦੀ ਖੋਹ ਲਈ ਹੈ | ਅਸੀਂ ਧਮਕੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਹ ਛੋਟਾ ਜਿਹਾ ਭਾਈਚਾਰਾ ਦਿਨ ਪ੍ਰਤੀ ਦਿਨ ਛੋਟਾ ਹੁੰਦਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਹੇਲਮੰਡ ਸੂਬੇ ‘ਚੋਂ ਦਰਜਨਾਂ ਹਿੰਦੂ ਤੇ ਸਿੱਖ ਪਰਿਵਾਰ ਹਿਜਰਤ ਕਰ ਗਏ ਹਨ ਜਿਥੇ ਤਾਲਿਬਾਨ ਬਾਗੀਆਂ ਨੇ ਭਾਈਚਾਰੇ ਤੋਂ 200000 ਅਫਗਾਨੀ ਕਰੰਸੀ (2800 ਡਾਲਰ) ਪ੍ਰਤੀ ਮਹੀਨਾ ਲੈਣ ਦੀ ਮੰਗ ਵਾਲਾ ਪੱਤਰ ਭੇਜਿਆ ਹੈ |
ਸ਼ਮਸ਼ਾਨਘਾਟ ਕਾਰਨ ਤਣਾਅ
ਕਾਬੁਲ ਦੇ ਬਾਹਰਵਾਰ ਕਲਾਚਾ ਇਲਾਕੇ ਵਿਚ ਵੀ ਤਣਾਅ ਫੈਲਿਆ ਹੋਇਆ ਹੈ ਜਿਥੇ ਸਿੱਖਾਂ ਤੇ ਹਿੰਦੂਆਂ ਦਾ ਉੱਚੀਆਂ ਕੰਧਾਂ ਵਾਲਾ ਸ਼ਮਸ਼ਾਨਘਾਟ ਹੈ | ਪਿਛਲੇ ਕੁਝ ਸਾਲਾਂ ਦੌਰਾਨ ਸ਼ਹਿਰ ਦੀ ਆਬਾਦੀ ਵਧੀ ਹੈ ਅਤੇ ਕਈ ਮੁਸਲਿਮ ਲੋਕ ਬਾਹਰ ਜਾ ਕੇ ਸ਼ਮਸ਼ਾਨਘਾਟ ਦੇ ਨੇੜੇ ਮਕਾਨ ਬਣਾ ਕੇ ਰਹਿਣ ਲੱਗ ਹਏ ਹਨ ਜਿਹੜੇ ਹੁਣ ਸ਼ਮਸ਼ਾਨਘਾਟ ਵਿਚ ਲਾਸ਼ਾਂ ਦਾ ਸਸਕਾਰ ਕਰਨ ਦਾ ਵਿਰੋਧ ਕਰ ਰਹੇ ਹਨ | ਕਲਾਚਾ ਵਾਸੀ ਮੁਸਲਮਾਨ ਅਹਿਮਦ ਤੋਮਰ ਨੇ ਕਿਹਾ ਕਿ ਜਦੋਂ ਲਾਸ਼ ਸੜਦੀ ਹੈ ਤਾਂ ਉਸ ਦੀ ਦੁਰਗੰਧ ਨਾਲ ਉਸ ਦਾ ਪਰਿਵਾਰ ਬਿਮਾਰ ਹੋ ਜਾਂਦਾ ਹੈ ਅਤੇ ਅਸੀਂ ਨਹੀਂ ਚਾਹੁੰਦੇ ਕਿ ਇਥੇ ਲਾਸ਼ਾਂ ਦਾ ਸਸਕਾਰ ਕੀਤਾ ਜਾਵੇ | ਸਿੱਖਾਂ ਦਾ ਕਹਿਣਾ ਹੈ ਕਿ ਸਥਾਨਕ ਮੁਸਲਿਮ ਕੱਟੜਪੰਥੀਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੋਇਆ ਹੈ ਅਤੇ ਦੋਵਾਂ ਭਾਈਚਾਰਿਆਂ ਨੂੰ ਹੁਣ ਅੰਤਿਮ ਸੰਸਕਾਰ ਦੀਆਂ ਰਸਮਾਂ ਲਈ ਪੁਲਿਸ ਦੀ ਸੁਰੱਖਿਆ ਲੈਣੀ ਪੈਂਦੀ ਹੈ | ਸ਼ਮਸ਼ਾਨਘਾਟ ਨੇੜੇ ਬਣੇ ਇਕ ਮਕਾਨ ਵੱਲ ਇਸ਼ਾਰਾ ਕਰਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤਾਂ ਉਹ ਸਾਡੇ ਇੱਟਾਂ-ਪੱਥਰ ਮਾਰਦੇ ਹਨ | ਉਧਰ ਹੱਜ ਤੇ ਧਾਰਮਿਕ ਮਾਮਲਿਆਂ ਦੇ ਉਪ ਮੰਤਰੀ ਦਹੀ-ਉਲ-ਹੱਕ ਆਬਿਦ ਨੇ ਕਿਹਾ ਕਿ ਸਰਕਾਰ ਹਿੰਦੂ ਤੇ ਸਿੱਖਾਂ ਦੀ ਰੋਜ਼ੀ ਰੋਟੀ ਵਿਚ ਜੋ ਸੁਧਾਰ ਕਰ ਸਕਦੀ ਹੈ ਉਸ ਨੇ ਕੀਤਾ ਹੈ | ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਜੰਗ ਕਾਰਨ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣਾ ਪਿਆ ਹੈ ਪਰ ਉਨ੍ਹਾਂ ਦੀ ਹਾਲਤ ਇੰਨੀ ਮਾੜੀ ਨਹੀਂ ਜਿੰਨਾ ਉਹ ਦਾਅਵਾ ਕਰਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਲਾਸ਼ਾਂ ਦੇ ਸਸਕਾਰ ਲਈ ਇਕ ਹੋਰ ਥਾਂ ਅਲਾਟ ਕੀਤੀ ਹੈ ਕਿਉਂਕਿ ਇਹ ਇਲਾਕਾ ਸ਼ਹਿਰ ਅੰਦਰ ਹੋਣ ਕਾਰਨ ਲੋਕ ਦੁਰਗੰਧ ਆਉਣ ਦੀਆਂ ਸ਼ਿਕਾਇਤਾਂ ਕਰਦੇ ਹਨ ਪਰ ਉਹ ਸਹਿਮਤ ਨਹੀਂ ਹੋਏ |
ਬੱਚਿਆਂ ਨਾਲ ਸਕੂਲਾਂ ‘ਚ ਵਿਤਕਰਾ
8 ਸਾਲਾ ਜਸਮੀਤ ਸਿੰਘ ਨੇ ਸਕੂਲ ਜਾਣਾ ਛੱਡ ਦਿੱਤਾ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਉਸ ਨੂੰ ਹਰ ਰੋਜ਼ ਪ੍ਰੇਸ਼ਾਨ ਕੀਤਾ ਜਾਂਦਾ ਹੈ | ਉਹ ਅਤੇ ਭਾਈਚਾਰੇ ਦੇ ਦੂਸਰੇ ਬੱਚੇ ਨਿੱਜੀ ਸਕੂਲਾਂ ਜਾਂ ਗੁਰਦੁਆਰੇ ਦੇ ਅੰਦਰ ਪੜ੍ਹਾਈ ਕਰਦੇ ਹਨ | ਜਸਮੀਤ ਸਿੰਘ ਨੇ ਦੱਸਿਆ ਕਿ ਉਹ ਜਦੋਂ ਸਕੂਲ ਹੁੰਦਾ ਹੈ ਤਾਂ ਦੂਸਰੇ ਬੱਚੇ ਮੇਰਾ ਮਖੌਲ ਉਡਾਉਂਦੇ ਹਨ | ਉਹ ਮੇਰੀ ਦਸਤਾਰ ਉਤਾਰ ਦਿੰਦੇ ਹਨ ਅਤੇ ਉਸ ਨੂੰ ਹਿੰਦੂ ਤੇ ਕਾਫਰ ਆਖਦੇ ਹਨ | ਦੂਸਰੇ ਲੜਕਿਆਂ ਨੇ ਜਸਮੀਤ ਦੀ ਗੱਲ ਨਾਲ ਸਹਿਮਤ ਹੁੰਦਿਆਂ ਹਾਂ ਵਿਚ ਸਿਰ ਹਿਲਾਇਆ | ਕਈ ਹਿੰਦੂ ਤੇ ਸਿੱਖ ਆਪਣੀ ਕਰਮਭੂਮੀ ਭਾਰਤ ਆ ਗਏ ਹਨ ਪਰ ਕੁਝ ਦਾ ਕਹਿਣਾ ਕਿ ਉਹ ਜਿਥੇ ਵੀ ਜਾਂਦੇ ਹਨ ਉਥੇ ਵਿਦੇਸ਼ੀ ਹੀ ਰਹਿੰਦੇ ਹਨ | ਕਾਬੁਲ ਵਿਚ ਇਕ ਹੋਰ ਦੁਕਾਨਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਭਾਰਤ ਜਾਂਦੇ ਹਾਂ ਤਾਂ ਸਾਨੂੰ ਅਫਗਾਨ ਕਰਕੇ ਜਾਣਿਆਂ ਜਾਂਦਾ ਹੈ ਪਰ ਜਦੋਂ ਅਸੀਂ ਇਥੇ ਹੁੰਦੇ ਹਾਂ ਤਾਂ ਸਾਨੂੰ ਬਾਹਰਲੇ ਲੋਕਾਂ ਵਜੋਂ ਦੇਖਿਆ ਜਾਂਦਾ ਹੈ ਹਾਲਾਂਕਿ ਅਸੀਂ ਜਨਮ ਤੋਂ ਅਫਗਾਨੀ ਹਾਂ |
ਸਿਰਫ 220 ਪਰਿਵਾਰ ਬਚੇ
ਕਾਬੁਲ ਵਿਚ ਛੋਟੀ ਜਿਹੀ ਦੁਕਾਨ ‘ਤੇ ਬੈਠੇ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਸਾਡਾ ਦਿਨ ਤਾਂ ਡਰ ਅਤੇ ਵਖਰੇਵੇਂ ਨਾਲ ਸ਼ੁਰੂ ਹੁੰਦਾ ਹੈ | ਉਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਕਰੀਏ ਜਾਂ ਕਿਥੇ ਜਾਈਏ | ਉਸ ਨੇ ਦੱਸਿਆ ਕਿ ਜਦੋਂ 1992 ਵਿਚ ਕਾਬੁਲ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਉਸ ਸਮੇਂ ਅਫਗਾਨਿਸਤਾਨ ਵਿਚ ਸਿੱਖਾਂ ਤੇ ਹਿੰਦੂਆਂ ਦੇ ਲੱਗਭੱਗ 220000 ਪਰਿਵਾਰ ਸਨ ਜਿਹੜੇ ਹੁਣ ਮਸਾਂ 220 ਪਰਿਵਾਰ ਰਹਿ ਗਏ ਹਨ | ਕਿਸੇ ਸਮੇਂ ਦੋਵਾਂ ਫਿਰਕਿਆਂ ਦੀ ਆਬਾਦੀ ਪੂਰੇ ਅਫਗਾਨਿਸਤਾਨ ਵਿਚ ਫੈਲੀ ਹੋਈ ਸੀ ਪਰ ਹੁਣ ਸਿਰਫ ਸੁੰਗੜ ਕੇ ਨੰਗਰਹਾਰ, ਗਜ਼ਨੀ ਸੂਬਿਆਂ ਤੇ ਰਾਜਧਾਨੀ ਕਾਬੁਲ ਵਿਚ ਰਹਿ ਗਈ ਹੈ |

LEAVE A REPLY