2ਲੰਡਨ : ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਤੋਂ ਬਾਅਦ ਦੇਸ਼ ਦੀ ਸਿਆਸਤ ਵਿਚ ਵੱਡਾ ਫੇਰਬਦਲ ਹੋ ਸਕਦਾ ਹੈ। ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਦੇ ਫੈਸਲੇ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਦੇਸ਼ ਨੂੰ ਹੁਣ ਨਵੇਂ ਪ੍ਰਧਾਨ ਮੰਤਰੀ ਦੀ ਲੋੜ ਹੈ ਅਤੇ ਅਗਲੇ ਤਿੰਨ ਮਹੀਨਿਆਂ ਵਿਚ ਉਹ ਆਪਣੇ ਅਸਤੀਫੇ ‘ਤੇ ਵਿਚਾਰ ਕਰਨਗੇ। ਅਕਤੂਬਰ ਤੱਕ ਬ੍ਰਿਟੇਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਸਕਦਾ ਹੈ। ਹਾਲਾਂਕਿ ਕੈਮਰੂਨ ਨੇ ਕਿਹਾ ਕਿ ਇੰਗਲੈਂਡ ਦੀ ਅਰਥ ਵਿਵਸਥਾ ਮਜ਼ਬੂਤ ਹੈ ਅਤੇ ਰਾਇਸ਼ੁਮਾਰੀ ਦੇ ਨਤੀਜਿਆਂ ਦਾ ਅਰਥ ਵਿਵਸਥਾ ‘ਤੇ ਮਾੜਾ ਪ੍ਰਭਾਵ ਨਹੀਂ ਪਵੇਗਾ। ਕੈਮਰੂਨ ਨੇ ਨਾਲ ਹੀ ਇਹ ਵੀ ਕਿਹਾ ਕਿ ਬ੍ਰਿਟੇਨ ‘ਚ ਰਹਿ ਰਹੇ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਦੀ ਸਥਿਤੀ ‘ਚ ਵੀ ਫਿਲਹਾਲ ਕੋਈ ਬਦਲਾਅ ਨਹੀਂ ਆਵੇਗਾ ਅਤੇ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਸਹੂਲਤਾਂ ਮਿਲਦੀਆਂ ਰਹਿਣਗੀਆਂ। ਕੈਮਰਨ ਦੇ ਰਾਇਸ਼ੁਮਾਰੀ ਦੇ ਨਤੀਜੇ ਆਉਣ ਤੋਂ ਬਾਅਦ ਕਿਹਾ ਕਿ ਉਹ ਲੋਕਾਂ ਦੇ ਫੈਸਲੇ ਦਾ ਸਨਮਾਨ ਕਰਦੇ ਹਨ ਅਤੇ ਬ੍ਰਿਟੇਨ ਹੁਣ ਇਸ ਮਾਮਲੇ ‘ਚ ਯੂਰਪੀਅਨ ਯੂਨੀਅਨ ਨਾਲ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਕੈਮਰਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਚੰਗੇ ਕੰਮ ਕੀਤੇ ਹਨ ਅਤੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ। ਲਿਹਾਜ਼ਾ ਬ੍ਰਿਟੇਨ ‘ਚ ਅਰਥ ਵਿਵਸਥਾ ਦਾ ਆਧਾਰ ਮਜ਼ਬੂਤ ਹੈ ਅਤੇ ਜਨਮਤ ਸੰਗ੍ਰਹਿ ਦੇ ਨਤੀਜਿਆਂ ਤੋਂ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ।

LEAVE A REPLY