9ਚੰਡੀਗੜ੍ਹ: ਬੀਜੇਪੀ ਨੇ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਮੁੜ ਸੂਬਾਈ ਸਿਆਸਤ ਵਿੱਚ ਸਰਗਰਮ ਕਰਕੇ ਅਕਾਲੀ ਦਲ ਨੂੰ ਸਖ਼ਤ ਸੁਨੇਹਾ ਦੇ ਦਿੱਤਾ ਹੈ। ਬੀਜੇਪੀ ਨੇ ਸਿੱਧੂ ਨੂੰ ਭਾਜਪਾ ਦੀ ਕੋਰ ਕਮੇਟੀ ਵਿੱਚ ਸ਼ਾਮਲ ਕਰਦਿਆਂ ਅਨਿਲ ਜੋਸ਼ੀ ਦੀ ਛਾਂਟੀ ਕਰ ਦਿੱਤੀ ਹੈ।
ਕਾਬਲੇਗੌਰ ਹੈ ਕਿ ਸਿੱਧੂ ਤੇ ਉਨ੍ਹਾਂ ਦੀ ਪਤਨੀ ਤੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਦੀ ਪਾਰਟੀ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਨਿੱਤ ਖੜਕਦੀ ਰਹਿੰਦੀ ਹੈ। ਬੀਜੇਪੀ ਇੱਕ ਪਾਸੇ ਅਕਾਲੀ ਦਲ ਨਾਲ ਨਿੱਘੇ ਸਬੰਧ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਸਿੱਧੂ ਦੀ ਮੁੜ ਸੂਬਾ ਸਿਆਸਤ ਵਿੱਚ ਸਰਗਰਗਮੀ ਵਧਾਉਣਾ ਕਈ ਸਵਾਲ ਖੜ੍ਹੇ ਕਰਦਾ ਹੈ।
ਸਿੱਧੂ ਨੇ ਅਕਾਲੀ ਦਲ ਖ਼ਿਲਾਫ਼ ਕਾਫੀ ਸਮਾਂ ਬਗ਼ਾਵਤ ਦਾ ਝੰਡਾ ਚੁੱਕੀ ਰੱਖਿਆ ਹੈ। ਸਿੱਧੂ ਜੋੜੀ ਹਮੇਸ਼ਾ ਦੋਸ਼ ਲਾਉਂਦੀ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਕੁਝ ਪ੍ਰਾਜੈਕਟਾਂ ਨੂੰ ਸਰਕਾਰ ਨੇ ਜਾਣਬੁੱਝ ਕੇ ਲਟਕਾਇਆ ਹੈ। ਬੀਬੀ ਸਿੱਧੂ ਨੇ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨਾਲ ਗੱਠਜੋੜ ਨੂੰ ‘ਆਤਮਘਾਤੀ’ ਤੱਕ ਕਰਾਰ ਦੇ ਦਿੱਤਾ ਸੀ। ਉਨ੍ਹਾਂ ਭਾਜਪਾ ਵੱਲੋਂ ਅਕਾਲੀ ਦਲ ਨਾਲ ਮੁੜ ਗੱਠਜੋੜ ਕੀਤੇ ਜਾਣ ਦੀ ਸੂਰਤ ਵਿੱਚ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਸੀ।
ਇਸ ਦੌਰਾਨ ਸਿੱਧੂ ਦੇ ‘ਆਪ’ ਵਿੱਚ ਜਾਣ ਦੀਆਂ ਅਟਕਲਾਂ ਦੇ ਬਾਵਜੂਦ ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਉਨ੍ਹਾਂ ਦਾ ਸਿਆਸੀ ਮੁੜਵਸੇਬਾ ਕਰ ਦਿੱਤਾ। ਹੁਣ ਉਨ੍ਹਾਂ ਨੂੰ ਕੋਰ ਗਰੁੱਪ ਵਿੱਚ ਸ਼ਾਮਲ ਕਰ ਕੇ ਸੂਬਾਈ ਸਿਆਸਤ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਨਾਲ ਬੀਜੇਪੀ ਨੇ ਸੰਕੇਤ ਦਿੱਤਾ ਹੈ ਕਿ ਭਵਿੱਖ ਵਿੱਚ ਪਾਰਟੀ ਆਪਣੇ ਤੌਰ ‘ਤੇ ਕਿਸਮਤ ਅਜਮਾਉਣ ਲਈ ਜ਼ਮੀਨ ਤਿਆਰ ਕਰਨਾ ਜਾਰੀ ਰੱਖੇਗੀ।

LEAVE A REPLY