3ਅੰਮ੍ਰਿਤਸਰ: ਪੰਜਾਬ ‘ਚ ਨਸ਼ੇ ਦੀ ਸਮੱਸਿਆ ਓਨੀ ਵੱਡੀ ਸਮੱਸਿਆ ਨਹੀਂ ਹੈ, ਜਿੰਨੀ ਮੀਡੀਆ ਤੇ ਵਿਰੋਧੀ ਪਾਰਟੀਆਂ ਵੱਲੋਂ ਦੱਸੀ ਜਾ ਰਹੀ ਹੈ। ਪੰਜਾਬ ਦੇ ਸਿਹਤ ਮੰਤਰੀ ਕੁੱਝ ਅਜਿਹਾ ਹੀ ਦਾਅਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੱਸਿਆ ਨੂੰ ਜੜੋਂ ਖ਼ਤਮ ਕਰਨ ਲਈ ਸਰਕਾਰ ਤਨਦੇਹੀ ਨਾਲ ਕੰਮ ਕਰ ਰਹੀ ਹੈ। ਸਿਹਤ ਮੰਤਰੀ ਅੰਮ੍ਰਿਤਸਰ ‘ਚ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਰੱਖੇ ਗਏ ਰਾਜ ਪੱਧਰੀ ਸਮਾਗਮ ‘ਚ ਹਿੱਸਾ ਲੈਣ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ 10 ਜਿਲਿਆਂ ‘ਚ ਕਰਵਾਏ ਗਏ ਸਰਵੇਖਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਸਿਰਫ 1.8 ਫੀਸਦੀ ਨੌਜਵਾਨ ਹੀ ਨਸ਼ੇ ਦੀ ਚਪੇਟ ਵਿੱਚ ਹਨ। ਜੇਕਰ ਅਜਿਹਾ ਸਰਵੇਖਣ 22 ਜਿਲਿਆਂ ਵਿੱਚ ਕੀਤਾ ਜਾਵੇ ਤਾਂ ਇਹ ਆਂਕੜੇ ਹੋਰ ਘੱਟ ਹੋ ਜਾਣਗੇ। ਨਸ਼ਿਆਂ ‘ਤੇ ਬਣੀ ਫ਼ਿਲਮ ਉਡਤਾ ਪੰਜਾਬ ਵਿੱਚ ਵੀ ਪੰਜਾਬ ਦੀ ਗ਼ਲਤ ਤਸਵੀਰ ਦਿਖਾਈ ਗਈ ਹੈ ਕਿਂਉਕਿ ਫ਼ਿਲਮਾਂ ਵਿੱਚ ਕਦੇ ਵੀ ਸੱਚਾਈ ਨਹੀਂ ਦਿਖਾਈ ਜਾਂਦੀ।
ਅੱਜ ਅੰਮ੍ਰਿਤਸਰ ‘ਚ ਸਰਕਾਰ ਵੱਲੋਂ ਬਣਾਏ ਗਏ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਵਿੱਚ ਪਹੁੰਚੇ ਮੰਤਰੀ ਨੇ ਕਿਹਾ ਕਿ ਅਜਿਹੇ ਮੁੜ ਵਸੇਬਾ ਕੇਂਦਰ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫਤ ‘ਚੋਂ ਬਾਹਰ ਲਿਆਉਣ ਲਈ ਕਾਰਗਰ ਸਾਬਿਤ ਹੋ ਰਹੇ ਹਨ। ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਾਰਨ ਵਾਲਿਆਂ ਦੀ ਥਾਂ ਨਸ਼ਾ ਕਾਰਨ ਵਾਲਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰੀਆਂ ਨੂੰ ਵੀ ਵੱਡੀ ਗਿਣਤੀ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਕਿਉਂਕਿ ਇਹ ਨਸ਼ਾ ਬਹੁਤ ਮਹਿੰਗਾ ਹੁੰਦਾ ਹੈ। ਜੋ ਲੋਕ ਇਸ ਨਸ਼ੇ ਦੀ ਦਲਦਲ ‘ਚ ਫਸ ਜਾਂਦੇ ਹਨ ਉਹ ਬਾਅਦ ਵਿੱਚ ਨਸ਼ਾ ਲਿਆਉਣ ਲਈ ਇਸ ਕਾਲੇ ਕਾਰੋਬਾਰ ਵਿੱਚ ਫਸ ਜਾਂਦੇ ਹਨ।

LEAVE A REPLY