1ਫਤਿਹਗੜ੍ਹ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 1984 ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ। ਫ਼ਤਿਹਗੜ੍ਹ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਨੇ ਆਖਿਆ ਕਿ 1984 ਕਤਲੇਆਮ ਵਿੱਚ 286 ਕੇਸਾਂ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਗਠਿਤ ਕੀਤੀ ਐਸ ਆਈ ਟੀ ( SIT ) ਨੇ ਆਪਣੀ ਜਾਂਚ ਵਿੱਚ ਇਹ ਗੱਲ ਪਾਈ ਹੈ। ਰਾਜਨਾਥ ਸਿੰਘ ਅਨੁਸਾਰ ਪੂਰੇ ਮਾਮਲੇ ਵਿੱਚ 22 ਕੇਸਾਂ ਦੀ ਫਿਰ ਤੋਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ 1984 ਕਤਲੇਆਮ ਦੇ ਕਸੂਰਵਾਰਾਂ ਖ਼ਿਲਾਫ਼ ਪੂਰੀ ਕਾਰਵਾਈ ਕੀਤੀ ਜਾਵੇਗੀ।
ਯਾਦ ਰਹੇ ਕਿ ਗ੍ਰਹਿ ਮੰਤਰਾਲੇ ਵੱਲੋਂ 1984 ਕਤਲੇਆਮ ਦੀ ਜਾਂਚ ਲਈ 3 ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੋਇਆ ਹੈ। ਇਸ ਐਸ ਆਈ ਟੀ ਨੇ 6 ਮਹੀਨਿਆਂ ਵਿੱਚ ਸਰਕਾਰ ਨੂੰ ਆਪਣੀ ਰਿਪੋਰਟ ਦੇਣੀ ਸੀ ਪਰ 16 ਮਹੀਨੇ ਬਾਅਦ ਜਾਂਚ ਦਲ ਨੇ ਇਸ ਮੁੱਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਹੈ। ਫ਼ਿਲਹਾਲ ਐਸ ਆਈ ਟੀ ਨੇ ਕੁੱਝ ਕੇਸਾਂ ਦੀ ਜਾਂਚ ਫਿਰ ਤੋਂ ਸ਼ੁਰੂ ਕੀਤੀ ਹੈ। ਐਸ ਆਈ ਟੀ ਨੇ ਅਖ਼ਬਾਰ ਵਿੱਚ ਬਕਾਇਦਾ ਇਸ਼ਤਿਹਾਰ ਜਾਰੀ ਕਰ ਕੇ ਲੋਕਾਂ ਨੂੰ ਇਹਨਾਂ ਕੇਸਾਂ ਨਾਲ ਸਬੰਧਿਤ ਜਾਣਕਾਰੀ ਦੇਣ ਲਈ ਆਖਿਆ ਹੈ।

LEAVE A REPLY