6ਥੰਡਰ ਬੇਅ : ਓਨਟਾਰੀਓ ਦੇ ਉੱਤਰ-ਪੱਛਮੀ ਸ਼ਹਿਰ ਥੰਡਰ ਬੇਅ ‘ਚ ਸ਼ਨੀਵਾਰ ਨੂੰ ਭਾਰੀ ਮੀਂਹ ਪਿਆ, ਜਿਸ ਕਾਰਨ ਘਰ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਸ਼ਹਿਰ ਅੰਦਰ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਹਿਰ ਅੰਦਰ 92 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਗੋਡੇ-ਗੋਡੇ ਪਾਣੀ ਆ ਗਿਆ ਅਤੇ ਜਨ-ਜੀਵਨ ਲਗਭਗ ਪੂਰੀ ਤਰ੍ਹਾਂ ਠੱਪ ਹੋ ਗਿਆ। ਉੱਧਰ ਮੀਂਹ ਕਾਰਨ ਸ਼ਹਿਰ ਅੰਦਰ ਜਿੰਨੇ ਵੀ ਸਮਾਰੋਹ ਬਾਹਰ ਖੁੱਲ੍ਹੇ ‘ਚ ਹੋਣ ਸਨ, ਉਨ੍ਹਾਂ ਨੂੰ ਜਾਂ ਤਾਂ ਚਾਰ-ਦੀਵਾਰੀ ਅੰਦਰ ਕੀਤਾ ਗਿਆ ਜਾਂ ਫਿਰ ਉਨ੍ਹਾਂ ਦੀ ਤਾਰੀਕ ਨੂੰ ਅੱਗੇ ਕਰ ਦਿੱਤਾ ਗਿਆ। ਮੀਂਹ ਕਾਰਨ ਸ਼ਹਿਰ ਦੇ ਬਹੁਤ ਸਾਰੇ ਘਰਾਂ ਅੰਦਰ ਪਾਣੀ ਆ ਗਿਆ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਮੀਂਹ ਦੇ ਪਾਣੀ ਨੂੰ ਦੇਖ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਆਪਣੇ ਘਰਾਂ ਅੰਦਰ ਨਹੀਂ, ਬਲਕਿ ਕਿਸੇ ਦਰਿਆ ‘ਤੇ ਚਲੇ ਗਏ ਹੋਣ। ਮੀਂਹ ਕਾਰਨ ਕਿਸੇ ਜਾਨੀ-ਮਾਲੀ ਨੁਕਸਾਨ ਦੀ ਅਜੇ ਤੱਕ ਕੋਈ ਖ਼ਬਰ ਨਹੀਂ ਹੈ। ਬਹੁਤ ਸਾਰੇ ਸ਼ਹਿਰ ਵਾਸੀਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਮੀਂਹ ਨੇ ਇੱਕ ਵਾਰ ਤਾਂ ਉਨ੍ਹਾਂ ਨੂੰ ਸਾਲ 2012 ਦੇ ਮੀਂਹ ਦੀ ਯਾਦ ਦਿਵਾ ਦਿੱਤੀ। ਜ਼ਿਕਰਯੋਗ ਹੈ ਕਿ ਸਾਲ 2012 ‘ਚ ਵੀ ਥੰਡਰ ਬੇਅ ‘ਚ ਭਾਰੀ ਮੀਂਹ ਪਿਆ ਸੀ ਅਤੇ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ, ਜਿਸ ਕਾਰਨ ਸਰਕਾਰ ਨੇ ਇੱਥੇ ਸੰਕਟਕਾਲ ਦੀ ਘੋਸ਼ਣਾ ਕਰ ਦਿੱਤੀ ਸੀ।

LEAVE A REPLY