10ਮਲੇਰਕੋਟਲਾ : ਮਲੇਰਕੋਟਲਾ ਵਿੱਚ ਪਿਛਲੇ ਦਿਨੀਂ ਪਵਿੱਤਰ ਕੁਰਾਨ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪਟਿਆਲਾ ਜ਼ੋਨ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਦਾਅਵਾ ਕੀਤਾ ਹੈ ਕਿ ਬੇਅਦਬੀ ਕਰਨ ਵਾਲੇ ਨੌਜਵਾਨ ਪਠਾਨਕੋਟ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਇਹ ਕਾਰਵਾਈ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਹਮਲਿਆਂ ਤੋਂ ਦੁਖੀ ਆ ਕੇ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮਰਾਨੰਗਲ ਨੇ ਆਖਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਵਿੱਚ ਨੰਦ ਕਿਸ਼ੋਰ ਤੇ ਉਸ ਦਾ ਬੇਟਾ ਗੌਰਵ ਤੇ ਜੀਂਦ ਵਾਸੀ ਵਿਜੇ ਕੁਮਾਰ ਵਜੋਂ ਹੋਈ ਹੈ। ਨੰਦ ਕਿਸ਼ੋਰ ਤੇ ਗੌਰਵ ਪਿਉ-ਪੁੱਤਰ ਹਨ। ਉਮਰਾਨੰਗਲ ਨੇ ਦੱਸਿਆ ਕਿ ਪਠਾਨਕੋਟ ਵਾਸੀ ਨੰਦ ਕਿਸ਼ੋਰ ਪਾਕਿਸਤਾਨ ਵੱਲੋਂ ਦੇਸ਼ ਵਿੱਚ ਕੀਤੇ ਜਾ ਰਹੇ ਹਮਲਿਆਂ ਤੋਂ ਪ੍ਰੇਸ਼ਾਨ ਸੀ।
ਇਸ ਲਈ ਉਸ ਨੇ ਆਪਣੇ ਬੇਟੇ ਤੇ ਇੱਕ ਹੋਰ ਸਾਥੀ ਨਾਲ ਮਿਲਕੇ ਪਵਿੱਤਰ ਗ੍ਰੰਥ ਦੀ ਬੇਅਦਬੀ ਕੀਤੀ ਹੈ। ਪੁਲਿਸ ਨੇ ਤਿੰਨਾਂ ਕੋਲੋਂ ਲਾਈਟਰ, ਜੀਪ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਮਲੇਰਕੋਟਲਾ ਵਿੱਚ ਪਵਿੱਤਰ ਕੁਰਾਨ ਦੀ ਹੋਈ ਬੇਅਦਬੀ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਤਣਾਅ ਦਾ ਮਾਹੌਲ ਸੀ। ਇਸ ਘਟਨਾ ਤੋਂ ਗ਼ੁੱਸੇ ਵਿੱਚ ਆ ਕੇ ਲੋਕਾਂ ਨੇ ਮਲੇਰਕੋਟਲਾ ਦੀ ਅਕਾਲੀ ਵਿਧਾਇਕਾ ਫਰਜ਼ਾਨਾ ਆਲਮ ਦੇ ਘਰ ਦੀ ਭੰਨਤੋੜ ਕਰਨ ਦੇ ਨਾਲ-ਨਾਲ ਕਈ ਗੱਡੀਆਂ ਨੂੰ ਅੱਗ ਲਾ ਦਿੱਤੀ ਸੀ।

LEAVE A REPLY