3ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਅਜੇ ਤੱਕ ਕਾਂਗਰਸ ਸੂਬਾ ਪ੍ਰਧਾਨ ‘ਤੇ ਮੌਕਾਪ੍ਰਸਤ ਹੋਣਾ ਤੇ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਦਾ ਹੀ ਸੁਪਨਾ ਪਾਲਣ ਦਾ ਦੋਸ਼ ਸਿਆਸੀ ਦਲਾਂ ਤੇ ਉਨ੍ਹਾਂ ਨਾਲ ਮਤਭੇਦ ਰੱਖਣ ਵਾਲੇ ਕਾਂਗਰਸੀਆਂ ਵੱਲੋਂ ਹੀ ਲਾਇਆ ਜਾਂਦਾ ਸੀ ਪਰ ਹੁਣ ਕੈਪਟਨ ਅਮਰਿੰਦਰ ਨੇ ਖੁਦ ਇਕ ਟੀ. ਵੀ. ਇੰਟਰਵਿਊ ‘ਚ ਇਹ ਮੰਨਿਆ ਹੈ ਕਿ ਸੱਤਾ ਦਾ ਸੁੱਖ ਪਾਉਣ ਤੇ ਮੁੱਖ ਮੰਤਰੀ ਦੇ ਅਹੁਦੇ ਦਾ ਸੁਪਨਾ ਪੂਰਾ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫਰੰਸ ‘ਚ ਇਹ ਦੋਸ਼ ਲਾਉਂਦਿਆਂ ਕਿਹਾ ਕਿ ਆਪਣੇ ਮੌਕਾਪ੍ਰਸਤ ਸੁਪਨਿਆਂ ਨੂੰ ਪੂਰਾ ਕਰਨ ਲਈ ਕੈ. ਅਮਰਿੰਦਰ ਲਈ ਉਨ੍ਹਾਂ ਦੇ ਆਪਣੇ ਦਲ ਦੀ ਵਿਚਾਰਧਾਰਾ ਦਾ ਕੋਈ ਮਤਲਬ ਨਹੀਂ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਇੰਟਰਵਿਊ ਦੌਰਾਨ ਮੰਨਿਆ ਕਿ ਪੰਜਾਬ ਕਾਂਗਰਸ ਦੀ ਕਮਾਨ ਉਨ੍ਹਾਂ ਨੂੰ ਨਾ ਸੌਂਪੇ ਜਾਣ ਦੀ ਸਥਿਤੀ ‘ਚ ਉਨ੍ਹਾਂ ਨੇ ਨਵੇਂ ਰਾਜਨੀਤਿਕ ਦਲ ਦੇ ਗਠਨ ਦਾ ਮਨ ਬਣਾ ਲਿਆ ਸੀ ਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪੁੱਛੇ ਜਾਣ ‘ਤੇ ਉਨ੍ਹਾਂ ਨੇ ਰਾਹੁਲ ਨੂੰ ਆਪਣੀ ਸੋਚ ਤੋਂ ਜਾਣੂ ਵੀ ਕਰਵਾ ਦਿੱਤਾ ਸੀ।
ਉਨ੍ਹਾਂ ਕੈਪਟਨ ਤੋਂ ਪੁੱਛਿਆ ਕਿ ਇਹ 5 ਸਾਲ ਸਿਰਫ਼ ਕਾਂਗਰਸ ਦੀ ਜਿੱਤ ਦੀ ਸਥਿਤੀ ‘ਚ ਹੋਣਗੇ ਜਾਂ ਫਿਰ ਪਾਰਟੀ ਦੀ ਹਾਰ ਤੋਂ ਬਾਅਦ ਜੇਕਰ ਵਿਰੋਧ ‘ਚ ਬੈਠਣ ਦੀ ਮਜਬੂਰੀ ਹੋਈ, ਉਦੋਂ ਵੀ ਉਹ ਜਨਤਾ ਲਈ ਮੌਜੂਦ ਰਹਿਣਗੇ? ਖਹਿਰਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸੱਤਾ ਤੋਂ ਦੂਰ ਰਹਿ ਕੇ ਕੈਪਟਨ ਛੂ-ਮੰਤਰ ਹੋ ਜਾਂਦੇ ਹਨ।
ਇਸੇ ਇੰਟਰਵਿਊ ‘ਚ ਕੈਪਟਨ ਵੱਲੋਂ ਪੰਜਾਬੀ ਮੂਲ ਦੇ ਕੈਨੇਡੀਅਨ ਮੰਤਰੀਆਂ ਤੇ ਸੰਸਦ ਮੈਂਬਰਾਂ ‘ਤੇ ਅੱਤਵਾਦੀ ਪਿਛੋਕੜ ਹੋਣ ਦੀ ਟਿੱਪਣੀ ਨੂੰ ਪੰਜਾਬੀਅਤ ਤੇ ਸਿੱਖ ਕੌਮ ਦਾ ਅਪਮਾਨ ਕਰਾਰ ਦਿੰਦਿਆਂ ਪਾਰਟੀ ਦੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਨੇ ਕਿਹਾ ਕਿ ਆਪਣੇ ਕੈਨੇਡੀਅਨ ਦੌਰੇ ਦੀ ਆਗਿਆ ਨਾ ਮਿਲਣ ਕਰਕੇ ਤਿਲਮਿਲਾਏ ਕੈਪਟਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਥੋਂ ਦੀ ਸਰਕਾਰ ਨੇ ਆਪਣੇ ਕਾਨੂੰਨ ਤੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਇਸ ਦੀ ਆਗਿਆ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕੈਨੇਡਾ ਦਾ ਵਿਦੇਸ਼ ਮੰਤਰਾਲੇ ‘ਤੇ ਪੰਜਾਬੀ ਮੂਲ ਦੇ ਮੰਤਰੀਆਂ ਦੇ ਪ੍ਰਭਾਵ ਵਿਚ ਫੈਸਲਾ ਲੈਣ ਦੇ ਦੋਸ਼ ਲਾਉਣਾ ਕੈਪਟਨ ਵੱਲੋਂ ਦੂਸਰੇ ਦੇਸ਼ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣਾ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂ ਤਾਂ ਕੈਪਟਨ ਆਪਣੇ ਦੋਸ਼ਾਂ ਦੇ ਸਬੂਤ ਦੇਣ ਜਾਂ ਫਿਰ ਜਨਤਕ ਮੁਆਫ਼ੀ ਮੰਗਣ।
ਇਸ ਮੌਕੇ ਪਾਰਟੀ ਦੇ ਟ੍ਰੇਡਰ ਸੈੱਲ ਦੇ ਇੰਚਾਰਜ ਅਮਨ ਅਰੋੜਾ ਤੇ ਲੀਗਲ ਸੈੱਲ ਦੇ ਇੰਚਾਰਜ ਹਿੰਮਤ ਸਿੰਘ ਸ਼ੇਰਗਿੱਲ ਵੀ ਮੌਜੂਦ ਸਨ।
‘ਛੱਜ ਤਾਂ ਬੋਲੇ, ਛਾਣਨੀ ਵੀ ਬੋਲੇ’ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਪ੍ਰਦੇਸ਼ ਕਾਂਗਰਸ ਇੰਚਾਰਜ ਦੇ ਰੂਪ ਵਿਚ ਆਸ਼ਾ ਕੁਮਾਰੀ ਦੀ ਨਿਯੁਕਤੀ ‘ਤੇ ਕੀਤੀ ਗਈ ਟਿੱਪਣੀ ‘ਤੇ ਖਹਿਰਾ ਨੇ ਕਿਹਾ ਕਿ ‘ਛੱਜ ਤਾਂ ਬੋਲੇ, ਛਾਣਨੀ ਵੀ ਬੋਲੇ’। ਉਨ੍ਹਾਂ ਕਿਹਾ ਕਿ ਦਾਗੀ ਨੇਤਾ ਨੂੰ ਇੰਚਾਰਜ ਬਣਾਏ ਜਾਣ ਤੋਂ ਸਪੱਸ਼ਟ ਹੈ ਕਿ ਇਹ ਪਾਰਟੀ ਹੁਣ ਸਾਫ਼ ਅਕਸ ਵਾਲੇ ਨੇਤਾਵਾਂ ਦੇ ਮਾਮਲੇ ‘ਚ ਕੰਗਾਲ ਹੋ ਗਈ ਹੈ। ਕੈਪਟਨ ਵੱਲੋਂ ਆਸ਼ਾ ਕੁਮਾਰੀ ਦੀ ਨਿਯੁਕਤੀ ਦਾ ਬਚਾਅ ਕਰਨਾ ਉਨ੍ਹਾਂ ਦੀ ਮਜਬੂਰੀ ਹੋ ਸਕਦੀ ਹੈ ਪਰ ਹਰਸਿਮਰਤ ਕੌਰ ਨੂੰ ਅਜਿਹੀ ਪ੍ਰਤੀਕਿਰਿਆ ਦੇਣ ਤੋਂ ਪਹਿਲਾਂ ਆਪਣੇ ਸਿਆਸੀ ਘਰ ਅਕਾਲੀ ਦਲ ਦੇ ਅੰਦਰ ਵੀ ਝਾਕ ਕੇ ਦੇਖ ਲੈਣਾ ਚਾਹੀਦਾ ਹੈ, ਜਿਥੇ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਵੀ ਤੋਤਾ ਸਿੰਘ ਮੰਤਰੀ ਬਣੇ ਬੈਠੇ ਹਨ ਤੇ ਜਗੀਰ ਕੌਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣੀ ਬੈਠੀ ਹੈ।
ਕੇਜਰੀਵਾਲ ਨੇ ਨਹੀਂ ਰੱਦ ਕੀਤਾ ਪੰਜਾਬ ਦੌਰਾ : ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਤੇ ਉਸ ਤੋਂ ਬਾਅਦ ਭੜਕੀ ਹਿੰਸਾ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪ੍ਰੋਗਰਾਮ ‘ਚ ਬਦਲਾਅ ਨਹੀਂ ਕੀਤਾ ਗਿਆ ਹੈ। ਕੇਜਰੀਵਾਲ ਦੇ 3 ਜੁਲਾਈ ਨੂੰ ਪ੍ਰਸਤਾਵਿਤ ਦੌਰੇ ਦੌਰਾਨ ਹੀ ਉਨ੍ਹਾਂ ਦੇ ਮਾਲੇਰਕੋਟਲਾ ਜਾਣ ਦਾ ਵੀ ਐਲਾਨ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਕੇਜਰੀਵਾਲ ਅੰਮ੍ਰਿਤਸਰ ‘ਚ 3 ਜੁਲਾਈ ਨੂੰ ਯੂਥ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ 4 ਜੁਲਾਈ ਨੂੰ ਮਾਲੇਰਕੋਟਲਾ ਪਹੁੰਚਣਗੇ ਤੇ ਇਥੇ ਆਯੋਜਿਤ ਹੋਣ ਵਾਲੀ ਇਫ਼ਤਾਰੀ ‘ਚ ਹਿੱਸਾ ਲੈਣਗੇ।

LEAVE A REPLY