5ਭਿੰਡੀ ਔਲਖ : ਰਾਜਾਸਾਂਸੀ ਹਲਕੇ ਵਿਚ ਲਗਾਤਾਰ ਦੂਸਰੇ ਦਿਨ ਸੰਗਤ ਦਰਸ਼ਨ ਵਿਚ ਆਮ ਲੋਕਾਂ ਦੀਆਂ ਮੁਸ਼ਿਕਲਾਂ ਸੁਣ ਕੇ ਉਨਾਂ ਦਾ ਮੌਕੇ ‘ਤੇ ਨਿਪਟਾਰਾ ਕਰ ਰਹੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਭਾਵੇਂ ਇਕ ਮੁੱਖ ਮੰਤਰੀ ਲਈ ਹਰ ਹਲਕੇ ਵਿਚ ਸੰਗਤ ਦਰਸ਼ਨ ਕਰਨਾ ਔਖਾ ਕਾਰਜ ਹੈ, ਪਰ ਲੋਕ ਪੱਖੀ ਪ੍ਰੋਗਰਾਮ ਹੋਣ ਕਾਰਨ ਮੈਂ ਇਸ ਵਿਚ ਕਦੀ ਕੁਤਾਹੀ ਨਹੀਂ ਕਰਦਾ। ਸ. ਬਾਦਲ ਨੇ ਕਿਹਾ ਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵਰਗੇ ਸੰਗਤ ਦਰਸ਼ਨ ਕਰਨ ਵਿਚ ਅਸਫਲ ਰਹੇ ਹਨ, ਉਥੇ ਮੈਂ ਹਫ਼ਤੇ ਵਿਚ ਚਾਰ ਦਿਨ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਿਹਾ ਹਾਂ।
ਸ. ਬਾਦਲ ਨੇ ਮੋਹਲਾ, ਵੇਹਰਾ, ਭਿੰਡੀ ਔਲਖ, ਭਿੰਡੀ ਸੈਦਾਂ ਅਤੇ ਹੋਰ ਪਿੰਡਾਂ ਵਿਚ ਸੰਗਤ ਦਰਸ਼ਨ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਕ ਵਾਰ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਸੱਤਾ ਹਾਸਲ ਕਰਨ ਮਗਰੋਂ ਨਾ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀ ਸਾਰ ਲਈ ਸੀ ਅਤੇ ਨਾ ਹੀ ਕੇਜਰੀਵਾਲ ਲੈ ਰਿਹਾ ਹੈ। ਉਨਾਂ ਕਿਹਾ ਕਿ ਸੰਗਤ ਦਰਸ਼ਨ ਇਕ ਨੁਕਾਤੀ ਪ੍ਰੋਗਰਾਮ ਹੈ, ਜਿਸ ਦਾ ਇਕੋ-ਇਕ ਅਰਥ ਲੋਕ ਮਸਲੇ ਹੱਲ ਕਰਨਾ ਹੈ। ਸ. ਬਾਦਲ ਨੇ ਕਿਹਾ ਕਿ ਮੇਰੇ ਤੋਂ ਬਗੈਰ ਦੇਸ਼ ਦਾ ਕੋਈ ਹੋਰ ਮੁੱਖ ਮੰਤਰੀ ਅਜਿਹਾ ਨਹੀਂ, ਜੋ ਭਰ ਗਰਮੀ ਅਤੇ ਕੜਾਕੇ ਦੀ ਸਰਦੀ ਵਿਚ ਵੀ ਪਿੰਡ-ਪਿੰਡ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਦਾ ਹੋਵੇ।
ਸ. ਬਾਦਲ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਦਿਨ ਜੰਤਰ-ਮੰਤਰ ‘ਤੇ ਸੰਗਤ ਦਰਸ਼ਨ ਲਗਾ ਕੇ ਅੱਧ-ਵਿਚਾਲੇ ਹੀ ਭੱਜ ਗਿਆ ਸੀ, ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਕਦੇ ਲੋਕ ਮਸਲੇ ਹੱਲ ਕਰਨ ਦਾ ਕੰਮ ਨਹੀਂ ਕੀਤਾ ਅਤੇ ਹੁਣ ਦਰਬਾਰ ਲਗਾਉਣ ਦੇ ਝੂਠੇ ਡਰਾਮੇ ਕਰ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਕੈਪਟਨ ਬਤੌਰ ਲੋਕ ਸਭਾ ਮੈਂਬਰ ਅੰਮ੍ਰਿਤਸਰ ਹਲਕੇ ਤੋਂ ਜਿਤ ਕੇ ਲੋਕ ਸਭਾ ਵਿਚ ਪਹੁੰਚ ਤਾਂ ਗਿਆ, ਪਰ ਲੋਕਾਂ ਦੀ ਸਾਰ ਲੈਣ ਕਦੇ ਨਹੀਂ ਬਹੁੜਿਆ ਅਤੇ ਅੱਜ ਇਸ ਹਲਕੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨਾਂ ਕਿਹਾ ਕਿ ਅਜਿਹੇ ਲੋਕ ਕੇਵਲ ਸੱਤਾ ਦਾ ਸੁੱਖ ਹੀ ਭੋਗ ਸਕਦੇ ਹਨ, ਲੋਕ ਮਸਲੇ ਹੱਲ ਨਹੀਂ ਕਰ ਸਕਦੇ।
ਸਰਹੱਦੀ ਖੇਤਰ ਦੇ ਲੋਕਾਂ ਨੂੰ ਸੱਚੇ ਦੇਸ਼ ਭਗਤ ਦੱਸਦੇ ਹੋਏ ਸ. ਬਾਦਲ ਨੇ ਕਿਹਾ ਕਿ ਜਿੰਨੀ ਕੁਰਬਾਨੀ ਦੇਸ਼ ਪ੍ਰਤੀ ਇੰਨਾ ਲੋਕਾਂ ਦੀ ਹੈ, ਉਸਦਾ ਕਰਜ਼ ਕਦੇ ਵੀ ਨਹੀਂ ਉਤਾਰਿਆ ਜਾ ਸਕਦਾ। ਉਨਾਂ ਕਿਹਾ ਕਿ ਦੇਸ਼ ਦੀ ਵੰਡ ਵੇਲੇ ਇੰਨਾ ਵੱਡਾ ਸੰਤਾਪ ਭੋਗਿਆ ਅਤੇ ਮਗਰੋਂ ਭਾਰਤ-ਪਾਕਿ ਜੰਗਾਂ ਵਿਚ ਉਜਾੜੇ ਦਾ ਸਾਹਮਣਾ ਇੰਨਾਂ ਨੂੰ ਕਰਨਾ ਪਿਆ। ਸ. ਬਾਦਲ ਨੇ ਕਿਹਾ ਕਿ ਜੇਕਰ ਦੇਸ਼ ਦੀ ਵੰਡ ਨਾ ਹੁੰਦੀ ਤਾਂ ਇਹ ਖਿੱਤਾ ਦੇਸ਼ ਭਰ ਵਿਚੋਂ ਸਭ ਤੋਂ ਵੱਧ ਖੁਸ਼ਹਾਲ ਹੋਣਾ ਸੀ। ਸ. ਬਾਦਲ ਨੇ ਕਿਹਾ ਕਿ ਇੰਨਾਂ ਲੋਕਾਂ ਦੀ ਮੁਸ਼ਿਕਲਾਂ ਨੂੰ ਸਮਝਦੇ ਹੋਏ ਰਾਜ ਸਰਕਾਰ ਇਸ ਖਿੱਤੇ ਦੀ ਖੁਸ਼ਹਾਲੀ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਮੈਂ ਇਸ ਖੇਤਰ ਦੇ ਮਸਲੇ ਕੇਂਦਰ ਸਰਕਾਰ ਕੋਲ ਵੀ ਗੰਭੀਰਤਾ ਨਾਲ ਉਠਾਏ ਹਨ ਅਤੇ ਆਸ ਹੈ ਕਿ ਰਾਸ਼ਟਰੀ ਜਮਹੂਰੀ ਗਠਜੋੜ ਦੀ ਸਰਕਾਰ ਇੰਨਾਂ ਲੋਕਾਂ ਦੀ ਸਾਰ ਲੈਣ ਲਈ ਸਾਡਾ ਸਾਥ ਦੇਵੇਗੀ।
ਇਸ ਮੌਕੇ ਪੱੱਤਰਕਾਰਾਂ ਨਾਲ ਗੱਲਬਾਤ ਕਰਦੇ ਸ. ਬਾਦਲ ਨੇ ਹਾਲ ਹੀ ਵਿਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਸੱਤਾ ਪ੍ਰਾਪਤੀ ਮਗਰੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਵਾਪਸ ਲੈਣ ਦੇ ਅਲਾਪੇ ਜਾ ਰਹੇ ਰਾਗ ਦੀ ਨਿੰਦਾ ਕਰਦੇ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਢਿੱਡ ਭਰਨ ਵਿਚ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ ਅਤੇ ਰਾਜ ਸਰਕਾਰ ਕਿਸਾਨਾਂ ਨੂੰ ਸਲਾਨਾ 5 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੇ ਕੇ ਉਨਾਂ ਦਾ ਉਤਸ਼ਾਹ ਵਧਾ ਰਹੀ ਹੈ। ਉਨਾਂ ਕਿਹਾ ਕਿ ਕਿਸਾਨਾਂ ਤੋਂ ਮੁਫ਼ਤ ਬਿਜਲੀ ਸਹੂਲਤ ਲੈਣ ਦਾ ਅਰਥ ਕਿਸਾਨਾਂ ‘ਤੇ ਸਿੱਧਾ 5000 ਕਰੋੜ ਰੁਪਏ ਦਾ ਵਿੱਤੀ ਬੋਝ ਪਾਉਣਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਅਤੇ ਲੋਕ ਵਿਰੋਧੀ ਪਾਰਟੀ ਹੈ, ਜਿਸਦਾ ਚਿਹਰਾ ਹੌਲੀ-ਹੌਲੀ ਨੰਗਾ ਹੋ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਜਿਹੜੇ ਲੋਕ ਦਿੱਲੀ ਵਿਚ ਸੱਤਾ ਪ੍ਰਾਪਤ ਕਰਨ ਮਗਰੋਂ ਆਪਣੇ ਵਾਅਦਿਆਂ ਤੋਂ ਭੱਜ ਗਏ ਹਨ, ਉਨਾਂ ‘ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਮੁੱਖ ਮੰਤਰੀ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ, ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਡਾ. ਐਸ ਕੁਰਣਾ ਰਾਜੂ, ਡੀ ਆਈ ਜੀ ਕੰਵਰ ਵਿਜੈ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ, ਐਸ. ਐਸ. ਪੀ ਜਸਦੀਪ ਸਿੰਘ, ਐਸ ਡੀ ਐਮ ਅਜਨਾਲਾ ਡਾ. ਅਨੂਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

LEAVE A REPLY