8ਕਰਾਚੀ :  ਪਾਕਿਸਤਾਨ ਵਿਚ ਸਰਕਾਰ ਵੱਲੋਂ ਸੰਚਾਲਿਤ ਨਿਊਜ਼ ਏਜੰਸੀ ਵਿਚ ਇਕ ਹਿੰਦੂ ਪੱਤਰਕਾਰ ਨੂੰ ਵੱਖਰੇ ਗਲਾਸ ਵਿਚ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ। ਉਸ ਦੀ ਜਾਤੀ-ਧਰਮ ਜਾਣਨ ਮਗਰੋਂ ਉਨ੍ਹਾਂ ਦੇ ਸਹਿਯੋਗੀਆਂ ਨੇ ਆਪਣੀ ਕੰਮ ਵਾਲੀ ਥਾਂ ‘ਤੇ ਦੂਸਰੇ ਮੁਸਲਮਾਨ ਮੁਲਾਜ਼ਮਾਂ ਨਾਲ ਬਰਤਨ ਸਾਂਝੇ ਕਰਨ ‘ਤੇ ਰੋਕ ਲਾ ਦਿੱਤੀ।
‘ਐਕਸਪ੍ਰੈੱਸ ਟ੍ਰਿਬਿਊਨ’ ਅਨੁਸਾਰ ਐਸੋਸੀਏਟਿਡ ਪ੍ਰੈੱਸ ਆਫ ਪਾਕਿਸਤਾਨ (ਏ. ਪੀ. ਪੀ.) ਦੇ ਸੀਨੀਅਰ ਪੱਤਰਕਾਰ ਸਾਹਿਬ ਖਾਨ ਓਦ ਨੂੰ ਦਫਤਰ ਵਿਚ ਦੂਸਰੇ ਮੁਸਲਿਮ ਮੁਲਾਜ਼ਮਾਂ ਨਾਲ ਇਕ ਗਲਾਸ ਵਿਚ ਪਾਣੀ ਪੀਣ ਅਤੇ ਬਰਤਨ ਸਾਂਝਾ ਕਰਨ ਤੋਂ ਰੋਕ ਦਿੱਤਾ ਗਿਆ। ਦਾਦੂ ਜ਼ਿਲੇ ਦੇ ਰਹਿਣ ਵਾਲੇ ਓਦ ਨੂੰ ਸ਼ੁਰੂਆਤ ਵਿਚ ‘ਏ. ਪੀ. ਪੀ.’ ਦੇ ਇਸਲਾਮਾਬਾਦ ਵਿਚ ਪੱਤਰਕਾਰ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ। ਫਿਰ ਹੈਦਰਾਬਾਦ ਅਤੇ ਇਸ ਸਾਲ ਅਪ੍ਰੈਲ ਵਿਚ ਕਰਾਚੀ ਦਾ ਤਬਾਦਲਾ ਕਰ ਦਿੱਤਾ ਗਿਆ। ਵਿਤਕਰੇ ਵਾਲਾ ਰੁਖ਼ ਉਦੋਂ ਸ਼ੁਰੂ ਹੋਇਆ ਜਦੋਂ ਇਕ ਦਿਨ ਓਦ ਦਾ ਛੋਟਾ ਪੁੱਤਰ ਰਾਜਕੁਮਾਰ ਉਨ੍ਹਾਂ ਦੇ ਦਫਤਰ ਆਇਆ ਤਾਂ ਹਰੇਕ ਨੂੰ ਪਤਾ ਲੱਗ ਗਿਆ ਕਿ ਉਹ ਹਿੰਦੂ ਹਨ।
ਅਖਬਾਰ ਦੇ ਹਵਾਲੇ ਨਾਲ ਓਦ ਨੇ ਕਿਹਾ, ”ਦਰਅਸਲ ਮੇਰੇ ਨਾਂ ਨਾਲ ਖਾਨ ਲੱਗਾ ਹੈ, ਇਸ ਲਈ ਦਫਤਰ ਵਿਚ ਹਰੇਕ ਨੂੰ ਜਾਪਿਆ ਕਿ ਮੈਂ ਮੁਸਲਮਾਨ ਹਾਂ।”
ਰਮਜ਼ਾਨ ਸ਼ੁਰੂ ਹੋਣ ਕਾਰਨ ਓਦ ਨੂੰ ਇਫਤਾਰ ਵੇਲੇ ਇਕ ਮੇਜ਼ ‘ਤੇ ਨਹੀਂ ਬੈਠਣ ਦਿੱਤਾ ਗਿਆ। ਸੀਨੀਅਰ ਸਹਿਯੋਗੀਆਂ ਨੇ ਸੁਝਾਅ ਦਿੱਤਾ ਕਿ ਜੇਕਰ ਉਹ ਦਫਤਰ ਵਿਚ ਆਉਣਾ ਚਾਹੁੰਦੇ ਹਨ ਤਾਂ ਆਪਣੀ ਪਲੇਟ ਤੇ ਗਲਾਸ ਖੁਦ ਲਿਆਉਣ।

LEAVE A REPLY