walia-big‘ਅਜੀਤ ਵੀਕਲੀ’ ਦੇ ਸੰਸਥਾਪਕ ਡਾ. ਦਰਸ਼ਨ ਸਿੰਘ ਬੈਂਸ ਦੀ ਸਭਿਆਚਾਰਕ ਚੇਤਨਾ, ਸੰਗੀਆਂ-ਸਾਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਗੈਰ-ਸਾਹਿਤਕ ਲੋਕਾਂ ਨੂੰ ਸਦਾ ਸਾਹਿਤਕ ਕੰਮਾਂ ਲਈ ਆਹਰੇ ਜੋੜੀ ਰੱਖਣ ਦੀ ਕਲਿਆਣੀ ਰੁਚੀ, ਕਲਾ ਅਤੇ ਸਾਹਿਤਕ ਸਰਗਰਮੀਆਂ, ਧਰਮ ਤੇ ਮਾਤ-ਭਾਸ਼ਾਈ ਸਭਿਆਚਾਰ ਨੂੰ ਵਿਦੇਸ਼ਾਂ ਵਿੱਚ ਬੁਲੰਦ ਰੱਖਣ ਦੇ ਨਿਰੰਤਰ ਮਿਲਵਰਤਨੀ ਉਪਰਾਲਿਆਂ ਨਾਲ ਲਾਏ ਪੰਜਾਬੀ ਵਿਸ਼ਵ ਕਾਨਫ਼ਰੰਸ ਦੇ ਸਿਲਸਿਲੇ ਨੂੰ ਬਰਕਰਾਰ ਰੱਖਣ ਦੀ ਲੋਚਾ ਮਨ ਵਿੱਚ ਲੈ ਕੇ ਇੱਕ ਇਹ 13-14 ਜੂਨ 2015 ਨੂੰ ਰੀਕਰੀਏਸ਼ਨ ਸੈਂਟਰ ਬਰੈਂਪਟਨ ਵਿਖੇ ਤੀਸਰੀ ਵਿਸ਼ਵ ਕਾਨਫ਼ਰੰਸ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਮੈਂ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ, ਇੱਕ ਵਿਅਕਤੀ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ:
”ਮੈਂ ਅਜੀਤ ਹਿਰਖੀ ਹਾਂ। ਗਜ਼ਲ ਲਿਖਦਾ ਹਾਂ। ਆਹ ਮੇਰਾ ਗਜ਼ਲ ਸੰਗ੍ਰਹਿ ਹੈ ‘ਬਲਦੇ ਚਿਰਾਗ ਹੋਰ’। ਜਦੋਂ ਵਕਤ ਮਿਲੇ ਤਾਂ ਦੇਖ ਲੈਣਾ।”
”ਜ਼ਰੂਰ ਪੜ੍ਹਾਂਗਾ” ਮੈਂ ਕਿਤਾਬ ਲੈ ਲਈ। ਲੇਖਕਾਂ ਦੇ ਮੇਲੇ ਵਿੱਚ ਕਿਤਾਬਾਂ ਦਾ ਆਦਾਨ ਪ੍ਰਦਾਨ ਹੋਣਾ ਜ਼ਰੂਰੀ ਵੀ ਹੁੰਦਾ ਹੈ। ਮੈਂ ਆਪਣੀ ਪੁਸਤਕ ‘ਜਿੱਤ ਦਾ ਮੰਤਰ’ ਹਿਰਖੀ ਨੂੰ ਭੇਟ ਕਰਨਾ ਚਾਹੁੰਦਾ ਸਾਂ ਪਰ ਟਰਾਂਟੋ ਲਈ ਲਿਆਂਦੀਆਂ ਕਾਪੀਆਂ ਤਾਂ ਪਹਿਲੇ ਦਿਨ ਹੀ ਖਤਮ ਹੋ ਗਈਆਂ ਸਨ। ਬਚੀਆਂ ਹੋਈਆਂ ਕਾਪੀਆਂ ਐਡਮਿੰਟਨ ਅਤੇ ਕੈਲਗਰੀ ਲਈ ਸੰਭਾਲ ਕੇ ਰੱਖੀਆਂ ਹੋਈਆਂ ਸਨ। ਖੈਰ, ਇਹ ਅਜੀਤ ਹਿਰਖੀ ਨਾਲ ਮੇਰੀ ਪਹਿਲੀ ਮੁਲਾਕਾਤ ਸੀ।
ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਿੱਚਰਨ ਸਮੇਂ ਜਿੰਨੀਆਂ ਵੀ ਪੁਸਤਕਾਂ ਮੈਨੂੰ ਮਿੱਤਰਾਂ ਵੱਲੋਂ ਭੇਟ ਕੀਤੀਆਂ ਗਈਆਂ, ਉਹ ਸਾਰੀਆਂ ਮੈਂ ਇੱਕ ਵੱਖਰੇ ਬੈਗ ਵਿੱਚ ਆਪਣੇ ਨਾਲ ਲੈ ਆਇਆ ਸੀ। ਮਿਲੀ ਹੋਈ ਹਰ ਕਿਤਾਬ ਮੈਨੂੰ ਪੜ੍ਹਨ ਦੀ ਆਦਤ ਹੈ। ਮੇਰੀ ਜਾਚੇ ਪਿਆਰ ਨਾਲ ਭੇਂਟ ਕੀਤੀ ਕਿਤਾਬ ਨਾ ਪੜ੍ਹਨਾ ਲੇਖਕ ਨਾਲ ਇੱਕ ਕਿਸਮ ਦੀ ਬੇਫ਼ਵਾਈ ਹੈ ਅਤੇ ਵਫ਼ਾ ਨਿਭਾਉਣਾ ਮੇਰੀ ਸ਼ਖਸੀਅਤ ਦਾ ਹਿੱਸਾ ਹੈ। ਮੈਨੂੰ ਹੈਰਾਨੀ ਹੋਈ ਕਿ ਅਜੀਤ ਹਿਰਖੀ ਦੀ ਪੁਸਤਕ ‘ਬਲਦੇ ਚਿਰਾਗ ਹੋਰ’ ਇਹਨਾਂ ਪੜ੍ਹੇ-ਪੜ੍ਹੀਆਂ ਹੋਈਆਂ ਕਿਤਾਬਾਂ ਦੇ ਖਾਨੇ ਵਿੱਚ ਕਿਵੇਂ ਟਿਕ ਗਈ। ਫ਼ਿਰ ਅਚਾਨਕ ਇੱਕ ਦਿਨ ਕਿਤਾਬ ਨੂੰ ਤਲਾਸ਼ਦੇ ਹੋਏ ਇਹ ਕਿਤਾਬ ਮੇਰੇ ਹੱਥ ਲੱਗ ਗਈ ਅਤੇ ਵਿੱਚੋਂ ਇੱਕ ਪੰਤਰ ਵੀ ਮਿਲਿਆ। ਮੈਂ ਅਜੀਤ ਹਿਰਖੀ ਦੀ ਇਸ ਪੁਸਤਕ ਨੂੰ ਇੱਕੋ ਬੈਠਕ ਵਿੱਚ ਪੜ੍ਹ ਲਿਆ। ਨਾ ਸਿਰਫ਼ ਉਸਦੀਆਂ ਗਜ਼ਲਾਂ ਨੂੰ ਬਲਕਿ ਸਰ੍ਹੀ ਵਾਲੇ ਗੁਰਦਰਸ਼ਨ ਬਾਦਲ ਵੱਲੋਂ ‘ਠਰੰਮੇ ਵਾਲੇ ਕਦਮਾਂ ਦਾ ਗਜ਼ਲ ਸਫ਼ਰ’, ਉਂਕਾਰਪ੍ਰੀਤ ਸਿੰਘ ‘ਟਰਾਂਟੋ’ ਵੱਲੋਂ ਸਹਿਜ-ਸੁਭਾਅ ਦੀ ਸ਼ਾਇਰੀ ਬਲਦੇ ਚਿਰਾਗ ਹੋਰ ਅਤੇ ਖੁਦ ਅਜੀਤ ਹਿਰਖੀ ਵੱਲੋਂ ਲਿਖਿਆ ਚਿਰਾਗਾ ਜਿਹੇ ਸ਼ਿਅਰਾਂ ਦਾ ਗੁਲਦਸਤਾ ‘ਬਲਦੇ ਚਿਰਾਗ ਹੋਰ’ ਨੂੰ ਪੇਸ਼ ਕਰਦਿਆਂ ਆਦਿ ਲਿਖਤਾਂ ਨੂੰ ਵੀ ਅੱਖਰ ਅੱਖਰ ਪੜ੍ਹਿਆ। ਸਰਵਰਕ ਦੇ ਪਿਛਲੇ ਪੰਨੇ ‘ਤੇ ਉਂਕਾਰਪ੍ਰੀਤ ਵੱਲੋਂ ਲਿਖਿਆ ਕਵਿਤਾ ਦਾ ਨਿੱਘਾ ਹਸਤਾਖਰ ਅਜੀਤ ਹਿਰਖੀ ਪਾਠਕਾਂ ਨੂੰ ਹਿਰਖੀ ਦੀ ਸ਼ਖਸੀਅਤ ਨਾਲ ਰੂਬਰੂ ਕਰਾਉਣ ਲਈ ਕਾਫ਼ੀ ਹੈ। ਉਂਕਾਰਪ੍ਰੀਤ ਲਿਖਦਾ ‘ਅਜੀਤ ਹਿਰਖੀ ਦਾ ਖਿਆਲ ਆਉਂਦਿਆਂ ਕਵਿਤਾ ਦਾ ਨਿੱਘ ਮਹਿਸੂਸ ਹੋਣ ਲੱਗਦਾ ਹੈ। ਜਦ ਉਹ ਆਪਣੀ ਗਜ਼ਲ ਵਾਂਗ ਤਰਾਸ਼ੀ ਦਾੜ੍ਹੀ, ਤਰਾਜ਼ਲਮਈ ਤੱਕਣੀ ਤੇ ਨਿੱਕੀ ਪਹਿਰ ਵਾਂਗ ਖੂਬਸੂਰਤ ਸ਼ਖਸੀਅਤ ਦਾ ਹੱਥ ਤੁਹਾਡੇ ਵੱਲ ਵਧਾਉਂਦਾ ਹੈ ਤਾਂ ਉਸਦੇ ਹੱਥ ਦੀ ਘੁਟਣ ‘ਚੋਂ ਕਾਵਿਮਈ ਸਰੀਰ ਰੂਹ ਨੂੰ ਘੁੱਟ ਕੇ ਜੱਫ਼ੀ ਪਾਉਂਦਾ ਮਹਿਸੂਸ ਹੁੰਦਾ ਹੈ।
ਗਜ਼ਲ ਦੇ ਰੂਪ ਵਿਧਾਨ ਦੀ ਸਰਲ ਜਾਣਕਾਰੀ ਦੇਣ ਵਾਲੀ ਪੁਸਤਕ ਸੁਖੈਨ ਗਜ਼ਲ ਦੇ ਲੇਖਕ ਗੁਰਦਰਸ਼ਨ ਬਾਦਲ ਮੁਤਾਬਕ ਅਜੀਤ ਹਿਰਖੀ ਪਿਛਲੇ ਚਾਰ ਦਹਾਕਿਆਂ ਤੋਂ ਗਜ਼ਲਾਂ ਸਿਰਜ ਰਿਹਾ ਹੈ ਪਰ ਇਹਨਾਂ ਗਜ਼ਲਾਂ ਨੂੰ ਪੁਸਤਕੀ ਜਾਮਾ ਪਹਿਨਾਉਣ ਵਿੱਚ ਹਿਰਖੀ ਨੇ ਕਾਫ਼ੀ ਸੁਸਤੀ ਦਿਖਾਈ ਹੈ। ਠਰੰਮੇ ਨਾਲ ਲੰਮੇ ਗਜ਼ਲ ਸਫ਼ਰ ਨੂੰ ਤਹਿ ਕਰਨ ਵਾਲੇ ਅਜੀਤ ਹਿਰਖੀ ਦੀਆਂ ਗਜ਼ਲਾਂ ਬਾਰੇ ਗੁਰਦਰਸ਼ਨ ਬਾਦਲ ਲਿਖਦਾ ਹੈ ”ਉਹ ਗਜ਼ਲ ਕਾਹਦੀ ਗਜ਼ਲ ਹੋਈ ਜਿਸ ਵਿੱਚ ਜ਼ਦੀਦੀਅਤ (ਨਵੀਨਤਾ), ਤਕਾਬਲ, ਤਕਰਾਰ, ਡੂੰਘਾਈ, ਸਾਦਗੀ ਵਰਗੇ ਗੁਣ ਨਾ ਹੋਣ। ਅਜੀਤ ਦੀ ਗਜ਼ਲ, ਉਪਰ ਗਿਣਾਏ ਗਏ ਗੁਣਾਂ ਨਾਲ ਹੀ ਲਬਰੇਜ਼ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਗੁਣਾਂ ਉਪਰ ਆਧਾਰਿਤ ਹੈ” ਅਜੀਤ ਹਿਰਖੀ ਆਪਣੀਆਂ ਗਜ਼ਲਾਂ ਬਾਰੇ ਲਿਖਦਾ ਹੈ ‘ਮੇਰੀਆਂ ਬਹੁਤੀਆਂ ਗਜ਼ਲਾਂ ਦੇ ਮਤਲੇ ਆਮ ਗੱਲਬਾਤ ਦੀ ਤਰ੍ਹਾਂ ਸ਼ੁਰੂ ਹੁੰਦੇ ਹਨ ਅਤੇ ਜਿਉਂ-ਜਿਉਂ ਗਜ਼ਲ ਅੱਗੇ ਵਧਦੀ ਹੈ, ਤਿਉਂ-ਤਿਉਂ ਸ਼ਿਅਰ ਪਰਤਾਂ ਖੋਹਲਦੇ ਜਾਪਦੇ ਹਨ। ਮੈਂ ਗਜ਼ਲਾਂ ਵਿੱਚ ਸਰਲ ਸ਼ਬਦਾਂ ਦੀ ਵਰਤੋਂ, ਗਜ਼ਲ ਦੇ ਸ਼ਿਅਰਾਂ ਵਿੱਚ ਰਾਬਤਾ, ਸ਼ਿਅਰਾਂ ਦੀ ਰਵਾਨੀ, ਸ਼ਿਅਰਾਂ ਵਿੱਚ ਸਾਫ਼ ਬਿਆਨੀ, ਗਜ਼ਲ ਵਿੱਚ ਉਠਾਏ ਮੁੱਦੇ ਦਾ ਹੱਲ ਵੀ ਦਿੰਦਾ ਹਾਂ ਅਤੇ ਹਰ ਗਜ਼ਲ ਵਿੱਚ ਕੋਈ ਨਾ ਕੋਈ ਸੁਨੇਹਾ ਜ਼ਰੂਰ ਪੇਸ਼ ਕਰਦਾ ਹਾਂ, ਜੋ ਕਿ ਆਮ ਪਾਠਕ ਦੀ ਸਮਝ ਵਿੱਚ ਆਉਣ ਵਾਲਾ ਅਤੇ ਜਨ-ਸਧਾਰਨ ਲਈ ਰੋਜ਼ਾਨਾ ਦੇ ਜੀਵਨ ਵਿੱਚ ਨਿਰਸੰਦੇਹ ਕਲਿਆਣਕਾਰੀ ਵੀ ਜ਼ਰੂਰ ਹੁੰਦਾ ਹੈ।”
ਅਜੀਤ ਹਿਰਖੀ ਦੀ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਕੀਤੀ ਟਿੱਪਣੀ ਨੂੰ ਮਨ ਵਿੱਚ ਰੱਖ ਕੇ ਮੈਂ ‘ਬਲਦੇ ਚਿਰਾਗ ਹੋਰ’ ਪੁਸਤਕ ਨੂੰ ਨੀਝ ਲਾ ਕੇ ਪੜ੍ਹਿਆ। ਮੈਨੂੰ ਪਤਾ ਲੱਗਿਆ ਕਿ ਮਾਨਵੀ-ਕਲਾਵਾਂ ਮਨੁੱਖੀ ਲਗਨ ਦੇ ਕ੍ਰਿਸ਼ਮੇ ਹਨ, ਕਲਾ, ਚੇਤੰਨਤਾ ਦਾ ਸੁਰ-ਬੱਧ ਦਾ ਪ੍ਰਗਟਾਵਾ ਹੈ, ਇੱਕ ਤਰਤੀਬ ਵਿੱਚ ਉਗਮੀ ਸੁੰਦਰਤਾ, ਮਾਨਵਾ ਪ੍ਰਤਿਭਾ ਦੀ ਅਨੁਪਮਤਾ, ਰੂਹ ਦੀਆਂ ਡੂੰਘਾਈਆਂ ਤੇ ਬੁਲੰਦੀਆਂ ਦਾ ਸੁਮੇਲ, ਇੰਦਰਿਆਈ ਅਨੁਭੂਤੀਆਂ ਦਾ ਸ਼ਬਦ, ਰੇਖਾ, ਰੰਗ, ਮਹਿਕ, ਸਪਰਸ਼, ਦ੍ਰਿਸ਼ਟੀ, ਸਰੁਤੀ ਰਾਹੀਂ ਪੁਨਰ-ਪ੍ਰਗਟਾਵਾ ਅਤੇ ਲੈਅ, ਤਾਲ, ਸੁਰ, ਅਰਥਾਂ ਦੀ ਵਿਵਿਧਤਾ, ਕਲਾ ਮਨੁੱਖਤਾ ਦੀ ਅਜ਼ਮਤ ਦਾ ਖਮੀਰ ਹੈ। ਹਿਰਖੀ ਦੀਆਂ ਗਜ਼ਲਾਂ ਸਮਾਜਿਕ ਸਰੋਕਾਰਾਂ ਦੇ ਤਾਣੇ ਬਾਣੇ ਵਿੱਚ ਰਸੀਆਂ ਹੋਈਆਂ ਗਜ਼ਲਾਂ ਹਨ। ਹਿਰਖੀ ਦੀਆਂ ਗਜ਼ਲਾਂ ਵਿੱਚ ਸੂਖਮ ਅਨੁਭੂਤੀਆਂ ਹਨ ਜੋ ਉਸਦੇ ਮਨ ਨਾਲ ਖੇਡਦੀਆਂ ਹੋਈਆਂ ਪਾਠਕ ਨੂੰ ਮੰਤਰ ਮੁਗਧ ਕਰ ਦਿੰਦੀਆਂ ਹਨ। ਲੱਗਦਾ ਹੈ ਕਿ ਗਜ਼ਲ ਨੇ ਹਿਰਖੀ ਦੇ ਜੀਵਨ ਨੂੰ ਸਾਰਥਕ ਬਣਾ ਦਿੱਤਾ ਹੈ।
ਹਿਰਖੀ ਨੂੰ ਪਤਾ ਹੈ ਕਿ ਸ਼ਾਇਰੀ ਸਮਕਾਲੀਨ ਸਮਾਜ ਦਾ ਦਰਪਣ ਹੁੰਦੀ ਹੈ। ਪਰ ਉਹਨਾਂ ਹੀ ਉਸਦੇ ਮੋਢਿਆਂ ‘ਤੇ ਮਾਨਵੀ ਭਾਵਨਾਵਾਂ, ਅਨੁਭਵਾਂ, ਸੁਪਨਿਆਂ ਅਤੇ ਸੰਵੇਦਨਸ਼ੀਲ ਪਲਾਂ ਦੀ ਅਭਿਵਿਅਕਤੀ ਦਾ ਭਾਰ ਵੀ ਹੁੰਦਾ ਹੈ। ਸ਼ਾਇਰ ਦਾ ਸੁਪਨਾ ਵੇਖੋ:
ਜੀਵਨ ਵਿੱਚ ਚਾਨਣ ਹੀ ਚਾਨਣ ਹੋਵੇਗਾ ਉਸ ਰੋਜ਼,
ਆਪਾਂ ਨੇ ਮਿਲ ਜਾਣਾ ਹੈ ਜਿਸ ਰੋਜ਼ ਸਵੇਰੇ ਨਾਲ
ਸ਼ਾਇਰ ਅਜੀਤ ਹਿਰਖੀ ਆਪਣੇ ਸ਼ੇਅਰਾਂ ਨਾਲ ਡੁਬਦੇ ਅਤੇ ਹਾਰੇ ਹੋਏ ਮਨਾਂ ਵਿੱਚ ਜਿੱਤ ਦੀ ਆਸ ਦਾ ਸੁਪਨਾ ਬੀਜ ਕੇ ਉਹਨਾਂ ਨੂੰ ਪ੍ਰੇਰਦਾ ਹੈ:
ਸੰਘਰਸ਼ ਕਰਨ ਵੇਲੇ, ਜਿੱਤਣ ਦੀ ਆਸ ਰੱਖੋ,
ਇਹ ਜਾਨ ਹੈ ਜਦੋਂ ਤੱਕ, ਜੀਵਨ ਦਾ ਘੋਲ ਰਹਿਣਾ,
ਸ਼ਾਇਰ ਜਿੱਤ ਦੀ ਆਸ ਨਾਲ ਸੰਘਰਸ਼ ਕਰਨ ਦਾ ਹੋਕਾ ਦਿੰਦਾ ਹੋਇਆ ਲਿਖਦਾ ਹੈ:
ਜਿੱਤ ਦੀ ਆਸ ਹੈ, ਲੜਾਂਗਾ ਮੈਂ
ਬਿਨ ਲਡ ਹੀ ਹਰਾਂ, ਭਲਾ ਕਾਹਤੋਂ
ਅਜੀਤ ਹਿਰਖੀ ਨੇ ਅਨੁਭਵ ਦੀ ਦਹਿਲੀਜ਼ ਉਤੇ ਖੜ੍ਹ ਕੇ ਜੀਵਨ ਦੇ ਵੱਖ ਵੱਖ ਰੰਗਾਂ ਦਾ ਖੁਲਾਸਾ ਕਰਦੀਆਂ ਅਨੇਕਾਂ ਗਜ਼ਲਾਂ ਲਿਖੀਆਂ ਹਨ:
ਇਹ ਦਾਤਾਂ ਦਾਤਾਰ ਦੀਆਂ ਨੇ, ਇਨ੍ਹਾਂ ਸਹਾਰੇ ਗੁਜ਼ਰੇ ਜੀਵਨ,
ਨਾਲ ਨਾ ਆੲ.ਆਂ, ਨਾਲ ਨਾ ਜਾਵਣ, ਕਾਹਦਾ ਮਾਣ ਜਗੀਰਾਂ ਉਤੇ?
ਪਹਿਲੀ ਮਿਲਣੀ ਵਰਗਾ ‘ਹਿਰਖੀ’ ਤੇਰੇ ਵਿੱਚ ਉਹ ਨਿੱਘ ਨਹੀਂ ਹੈ
ਤੇਰੇ ‘ਚੋਂ ਜੋ ਮਨਫ਼ੀ ਹੋਇਆ, ਉਹ ਜਲਵਾ ਮੈਂ ਢੂੰਡ ਰਿਹਾ ਹਾਂ।
ਅਜੀਤ ਹਿਰਖੀ ਦੀ ਗਜ਼ਲਾਂ ਵਿੱਚ ਵਿਅੰਗ ਦਾ ਰੰਗ ਵੀ ਵੇਖਣ ਨੂੰ ਮਿਲਦਾ ਹੈ। ਜਦੋਂ ਵੀ ਉਹ ਵਿਅੰਗ ਕਰਦਾ ਹੈ, ਬਹੁਤ ਤਿੱਖਾ ਵਿਅੰਗ ਕਰਦਾ ਹੈ-
ਨੇਤਾ ਜੀ ਦਾ ਭਾਸ਼ਣ ਸੁਣ ਕੇ, ਕਰ ਲੈਂਦੇ ਨੇ ਮੁੜ ਵਿਸ਼ਵਾਸ
ਸਿੱਧੇ-ਸਾਦੇ ਹਨ ਇਹ ਤਾਂਹੀ, ਸੁਣ ਲੈਂਦੇ ਨੇ ਲਾਰੇ ਲੋਕ।
ਗਜ਼ਲ ਵਿੱਚ ਕਿਸੇ ਮੁਹਾਵਰੇ ਜਾਂ ਕਹਾਵਤ ਦਾ ਆ ਜਾਣਾ ਇੱਕ ਖੂਬੀ ਮੰਨੀ ਜਾਂਦੀ ਹੈ। ਜਿਹੜੇ ਸ਼ਬਦਾਂ ਅਤੇ ਵਾਕਾਂ ਨੂੰ ਲੋਕ ਧਾਰਾ ਵਿੱਚ ਪ੍ਰਵਾਨਗੀ ਮਿਲੀ ਹੋਵੇ, ਅਜਿਹੇ ਸ਼ਬਦਾਂ, ਵਾਕਾਂ ਅਤੇ ਮੁਹਾਵਰੇ ਕਿਸੇ ਸ਼ੇਅਰ ਨੂੰ ਚਾਰ ਚੰਨ ਲਾ ਦਿੰਦੇ ਹ ਨ। ਅਜੀਤ ਹਿਰਖੀ ਦੀਆਂ ਗਜ਼ਲਾਂ ਵਿੱਚ ਇਸ ਹੁਨਰਮੰਦੀ ਦਾ ਕਮਾਲ ਨਾਲ ਇਸਤੇਮਾਲ ਕੀਤਾ ਹੋਇਆ ਮਿਲਦਾ ਹੈ, ਜਿਵੇਂ:
ਖੂਨ ਖਰਾਬਾ ਹੋਣਾ ਹੀ ਸੀ, ਕਿਸਨੇ ਕੀਤਾ ਕੀ ਕਹੀਏ?
ਸਿਖਰਾਂ ਦੁਪਹਿਰ ਹਕੀਕਤ ਮੋਈ, ਸੁਪਨਾ ਮੋਇਆ ਰਾਤਾਂ ਨੂੰ।
ਬਾਪੂ ਰੋਇਆ, ਮਾਂ ਵੀ ਰੋਈ, ਭੈਣ-ਭਰਾ ਤੇ ਆਂਢ-ਗੁਆਂਢ
ਜੋ ਨਾ ਰੋਇਆ ਸਭ ਦੇ ਸਾਹਵੇਂ, ਉਹ ਵੀ ਰੋਇਆ ਰਾਤਾਂ ਨੂੰ।
ਹਿਰਖੀ ਨੂੰ ਆਪਣੇ ਸ਼ੇਅਰਾਂ ਵਿੱਚ ਸੱਚੀਆਂ ਅਤੇ ਖਰੀਆਂ ਕਹਿਣ ਦਾ ਹੌਸਲਾ ਵੀ ਹੈ ਅਤੇ ਬਲ ਵੀ। ਉਹ ਸਿਆਸੀ ਲੋਕਾਂ ‘ਤੇ ਵੀ ਕਟਾਖਸ਼ ਕਰਦਾ ਹੈ ਅਤੇ ਧਰਮ ਦਾ ਚੋਗਾ ਪਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਸੰਤਾਂ, ਪੰਡਤਾਂ ਅਤੇ ਮੁੱਲਿਆਂ ਨੂੰ ਨਹੀਂ ਬਖਸ਼ਦਾ।
ਉਪਰੋਂ ਦਿਸਦੇ ਬਗਲੇ ਵਰਗੇ, ਲੀਡਰ, ਮੁੱਲਾ, ਭਾਈ, ਸੰਤ,
ਲੋਕਾਂ ਦੇ ਸੇਵਕ ਅਖਵਾਉਂਦੇ, ਰੱਖਣ ਪਰ ਮੁਸ਼ਟੰਡੇ ਨਾਲ
ਹਿਰਖੀ ਸੰਘਰਸ਼ ਕਰਨ ਵਾਲੇ ਆਮ ਲੋਕਾਂ ਦੀ ਗੰਲ ਕਰਦਾ ਹੈ। ਕਿਸਾਨਾਂ ਕਿਰਤੀਆਂ ਦੀ ਗੱਲ ਕਰਦਾ ਹੈ। ਉਹ ਲੋਕਾਂ ਦੇ ਦੁੱਖ ਦਰਦ ਹਰਨਾ ਲੋਚਦਾ ਹੈ, ਉਥੇ ਉਹ ਕਿਸਾਨਾਂ ਵੱਲੋਂ ਹੱਥੀਂ ਕਿਰਤ ਕਰਨ ਵਾਲੀ ਬਿਰਤੀ ਦੇ ਘਟਾਅ ਵੰਲ ਵੀ ਸੰਕੇਤ ਕਰਦਾ ਹੈ।
ਅੰਨ ਉਗਾਉਣੇ ਵਾਲਾ ਦਾਤਾ, ਖੁਦ ਫ਼ਿਰਦਾ ਹੈ ਭੁੱਖਣ ਭਾਣਾ
ਕਰਜ਼ੇ ਥੱਲੇ ਆਈ ਜਾਵੇ, ਖੇਤੀ ਛੱਡੀ ਸੀਰਾਂ ਉਤੇ।
ਗਜ਼ਲ ਮਹਿਬੂਬ ਨਾਲ ਗੱਲਬਾਤ ਹੁੰਦੀ ਹੈ। ਗਜ਼ਲ ਵਿੱਚ ਪ੍ਰੇਮ ਮੁਹੱਬਤ ਦੀਆਂ ਬਾਤਾਂ ਪਾਈਆਂ ਜਾਂਦੀਆਂ ਹਨ। ਗਜ਼ਲ ਰੋਮਾਂਸ ਹੁੰਦੀ ਹੈ। ਗਜ਼ਲ ਮੁਹੱਬਤ ਹੁੰਦੀ ਹੈ। ਪ੍ਰੇਮ ਦਾ ਸੰਵਾਦ ਹੁੰਦੀ ਹੈ ਗਜ਼ਲ। ਅਜੀਤ ਹਿਰਖੀ ਦੇ ਹੱਥਲੇ ਗਜ਼ਲ ਸੰਗ੍ਰਹਿ ਦੀਆਂ ਅਨੇਕਾਂ ਗਜ਼ਲਾਂ ਨੂੰ ਇਸ ਨਜ਼ਰੀਏ ਤੋਂ ਵੇਖਿਆ ਜਾ ਸਕਦਾ ਹੈ।
ਭਾਵੇਂ ਤੇਰੇ ਬਾਝੋਂ ਹਨ ਇਹ ਲੋਕ ਬਥੇਰੇ ਨਾਲ।
ਮੇਰੀ ਦੁਨੀਆਂ ਤਾਂ ਇੱਕ ਤੇਰੇ ਨਾਲ ਹੈ, ਤੇਰੇ ਨਾਲ।
ਦਿਲ ਕਰਦਾ ਹੈ ਮੈਂ ਬੋਲ ਪੁਗਾਵਾਂ ਤੇਰੇ ਨਾਲ
ਜਿੱਦਾਂ ਅੱਜ ਤੰਕ ਬੋਲ ਪੁਗਾਏ ਤੂੰ ਮੇਰੇ ਨਾਲ।
ਅਜੀਤ ਹਿਰਖੀ ਸ਼ਾਇਰੀ ਵਿੱਚ ਪ੍ਰਪੱਕ ਸ਼ਾਇਰੀ ਸਾਹਿਤ ਹਾਜ਼ਰ ਹੋਇਆ ਹੈ। ਉਸਦੇ ਬੋਲਾਂ ਨਾਲ ਅਸੀਂ ਸ਼ਾਇਰੀ ਦੇ ਸਾਖਸ਼ਾਤ ਦਰਸ਼ਨ ਹੀ ਨਹੀਂ ਕਰਦੇ ਸਗੋਂ ਆਪਣੇ ਆਪ ਨੂੰ ਭਾਵ ਜਗਤ ਵਿੱਚ ਪ੍ਰਵੇਸ਼ ਕਰਦੇ ਹੋਏ ਮਹਿਸੂਸ ਕਰਦੇ ਹਾਂ। ਉਹ ਸਾਡੇ ਸਾਹਮਣੇ ਬਿੰਬ ਪ੍ਰਸਤੁਤ ਕਰਦਾ ਹੈ ਜੋ ਪਾਠਕ ਨੂੰ ਕਲਪਨਾ ਦੀ ਮਧੂਸ਼ਾਲਾ ਵਿੱਚ ਲੈ ਜਾਂਦੇ ਹਨ। ਉਸਦੀਆਂ ਗਜ਼ਲਾਂ ਕੋਮਲਤਾ, ਸੰਗੀਤ, ਰੋਮਾਂਚ ਅਤੇ ਸਨੇਹ ਦੇ ਗਹਿਰੇ ਵਿਸ਼ਾਦ ਨੂੰ ਮਧੁਰ ਉਨਮਾਦ ਵਿੱਚ ਪਰਿਵਰਤਿਤ ਕਰ ਦਿੰਦਾ ਹੈ। ਅਜੀਤ ਹਿਰਖੀ ਦੇ ਇਸ ਗਜ਼ਲ ਸੰਗ੍ਰਹਿ ਦੀ ਆਮਦ ਕੈਨੇਡੀਅਨ ਪੰਜਾਬੀ ਸਾਹਿਤ ਲਈ ਇੱਕ ਸ਼ੁਭ ਸ਼ਗਨ ਹੈ। ਇਸ ਨਾਲ ਕੈਨੇਡੀਅਨ ਪੰਜਾਬੀ ਸ਼ਾਇਰੀ ਨੇ ਪ੍ਰੋੜ੍ਹਤਾ ਵੱਲ ਇੱਕ ਹੋਰ ਕਦਮ ਵਧਾਇਆ ਹੈ। ਬਲਦ ਚਿਰਾਗ ਹੋਰ ਅਜੀਤ ਹਿਰਖੀ ਦਾ ਪਹਿਲਾ ਗਜ਼ਲ ਸੰਗ੍ਰਹਿ ਹੈ। ਅੱਲਾ ਕਰੇ ਜ਼ੋਰੇ ਕਲਮ ਔਰ ਜ਼ਿਆਦਾ। ਖੁਸ਼ਆਮਦੀਦ।
‘ਉਚ ਦਾ ਪੀਰ’
‘ਉਚ ਦਾ ਪੀਰ’ ਗੁਰੂ ਗੋਬਿੰਦ ਸਿੰਘ ਦੀ ਇੱਕ ਉਪਾਧੀ। ਚਮਕੌਰ ਦੀ ਲੜਾਈ ਮਗਰੋਂ ਗੁਰੂ ਗੋਬਿੰਦ ਸਿੰਘ ਕੁਝ ਦਿਨ ਮਾਛੀਵਾੜੇ ਵਿੱਚ ਰਹੇ। ਸ਼ਾਹੀ ਫ਼ੌਜ ਉਹਨਾਂ ਦਾ ਪਿੱਛਾ ਕਰਦੀ ਜਦੋਂ ਇਸ ਇਲਾਕੇ ਵਿੱਚ ਪਹੁੰਚੀ ਤਾਂ ਇੱਥੋਂ ਗੁਪਤ ਰੂਪ ਵਿੱਚ ਬਾਹਰ ਨਿਕਲਣ ਲਈ ਗੁਰੂ ਗੋਬਿੰਦ ਸਿੰਘ ਨੇ ‘ਉਚ ਦਾ ਪੀਰ’ ਦਾ ਸਵਾਂਗ ਰਚਿਆ। ਨੱਬੀ ਖਾਂ ਅਤੇ ਗਨੀ ਖਾਂ ਨੇ ਉਹਨਾਂ ਨੂੰ ਇੱਕ ਪਾਲਕੀ ਵਿੱਚ ਬਿਠਾ ਲਿਆ। ਰਾਹ ਵਿੱਚ ਮੁਗਲ ਅਧਿਕਾਰੀਆਂ ਦੇ ਪੁੱਛਣ ਤੇ ਕਿ ਪਾਲਕੀ ਵਿੱਚ ਕੌਣ ਬਿਰਾਜਮਾਨ ਹਨ, ਨਬੀ ਖਾਂ ਅਤੇ ਗਨੀ ਖਾਂ ਨੇ ਦਸਿਆ ਕਿ ਪਾਲਕੀ ਵਿੱਚ ‘ਉਚ ਦਾ ਪੀਰ’ ਹਨ। ਮੁੱਢ ਤੋਂ ਹੀ ਉਚ ਨਗਰ ਦੇ ਪੀਰਾਂ ਦਾ ਮੁਸਲਮਾਨਾਂ ਵਿੱਚ ਬੜਾ ਆਦਰ ਮਾਣ ਰਿਹਾ ਹੈ, ਸੋ ਮੁਗਲ ਅਧਿਕਾਰੀਆਂ ਨੇ ਬਹੁਤੀ ਪੁੱਛ ਪ੍ਰਤੀਤ ਨਾ ਕੀਤੀ ਅਤੇ ਗੁਰੂ ਜੀ ਨੂੰ ਅੱਗੇ ਜਾਣ ਦਿੱਤਾ। ਉਦੋਂ ਤੋਂ ਸਿੱਖਾਂ ਵਿੱਚ ਇਹ ਉਪਾਧੀ ਜਗਤ ਗੁਰੂ ਦੀ ਬੌਧਿਕ ਹੈ।              (ਪੰਜਾਬੀ ਲੋਕਧਾਰਾ ‘ਚੋਂ)

LEAVE A REPLY