2‘ਸਟੂਡੈਂਟ ਆਫ਼ ਦਿ ਯੀਅਰ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਆਲੀਆ ਭੱਟ ਨੇ ਬੌਲੀਵੁੱਡ ਵਿੱਚ ਆਪਣੇ ਪੰਜ ਸਾਲ ਪੂਰੇ ਕਰ ਲਏ ਹਨ। ਉਸ ਦੇ ਹੁਣ ਤਕ ਦੇ ਫ਼ਿਲਮੀ ਕਰੀਅਰ ਦੀ ਖ਼ੂਬੀ ਇਹ ਰਹੀ ਹੈ ਕਿ ‘ਸ਼ਾਨਦਾਰ’ ਨੂੰ ਛੱਡ ਕੇ ਉਸ ਦੀਆਂ ਸਾਰੀਆਂ ਫ਼ਿਲਮਾਂ ਹਿੱਟ ਰਹੀਆਂ ਹਨ। ਫ਼ਿਲਮ ‘ਸ਼ਾਨਦਾਰ’ ਵਿੱਚ ਆਲੀਆ ਦਾ ਨਾਇੱਕ ਸ਼ਾਹਿਦ ਕਪੂਰ ਸੀ ਅਤੇ ਹੁਣ ਇੱਕ ਵਾਰ ਫ਼ਿਰ ਇਹ ਜੋੜੀ ‘ਉੜਤਾ ਪੰਜਾਬ’ ਵਿੱਚ ਨਜ਼ਰ ਆਈ ਹੈ। ਪੇਸ਼ ਹਨ ਆਲੀਆ ਨਾਲ ਫ਼ਿਲਮ ‘ਉੜਤਾ ਪੰਜਾਬ’ ਨੂੰ ਲੈ ਕੇ ਹੋਈ ਗੱਲਬਾਤ ਦੇ ਮੁੱਖ ਅੰਸ਼:
× ਫ਼ਿਲਮ ‘ਉੜਤਾ ਪੰਜਾਬ’ ਕਰਨ ਦੀ ਕੀ ਖ਼ਾਸ ਵਜ੍ਹਾ ਰਹੀ?
– ਅਸਲ ਵਿੱਚ ਮੈਂ ਫ਼ਿਲਮ ‘ਉੜਤਾ ਪੰਜਾਬ’ ਵਿੱਚ ਕੰਮ ਕਰਕੇ ਆਪਣੇ ਦਰਸ਼ਕਾਂ ਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦੇਣਾ ਚਾਹੁੰਦੀ ਸੀ। ਇਸ ਫ਼ਿਲਮ ਵਿੱਚ ਮੈਨੂੰ ਦੇਖ ਕੇ ਦਰਸ਼ਕਾਂਂ ਨੂੰ ਯਕੀਨ ਨਹੀਂ ਹੋ ਸਕਦਾ ਕਿ ਮੈਂ ਇਹੋ ਜਿਹਾ ਕਿਰਦਾਰ ਨਿਭਾ ਸਕਦੀ ਹਾਂ। ਉਂਜ ਵੀ ਮੈਂ ਲੰਮੇ ਸਮੇਂ ਤੋਂ ਅਜਿਹਾ ਕੋਈ ਸੰਜੀਦਾ ਕਿਰਦਾਰ ਨਹੀਂ ਨਿਭਾਇਆ ਸੀ। ਇਸ ਫ਼ਿਲਮ ਵਿੱਚਲਾ ਕਿਰਦਾਰ ਨਿਭਾਉਣਾ ਮੇਰੇ ਲਈ ਹੁਣ ਤਕ ਦੀ ਸਭ ਤੋਂ ਵੱਡੀ ਚੁਣੌਤੀ ਰਹੀ ਕਿਉਂਕਿ ਫ਼ਿਲਮ ਵਿੱਚ ਮੈਂ ਪੰਜਾਬ ਦੇ ਖੇਤਾਂ ‘ਚ ਕੰਮ ਕਰਨ ਵਾਲੀ ਬਿਹਾਰੀ ਕੁੜੀ ਕੁਮਾਰੀ ਪਿੰਕੀ ਦਾ ਕਿਰਦਾਰ ਨਿਭਾਇਆ ਹੈ ਜੋ ਮੇਰੇ ਲਈ ਬਹੁਤ ਮੁਸ਼ਕਿਲ ਰਿਹਾ ਕਿਉਂਕਿ ਇਸ ਕਿਰਦਾਰ ਨੂੰ ਨਿਭਾਉਣ ਲਈ ਮੇਰੇ ਕੋਲ ਕਿਸੇ ਤਰ੍ਹਾਂ ਦਾ ਵੀ ਅਨੁਭਵ ਨਹੀਂ ਸੀ। ਪਿੰਕੀ ਨੂੰ ਜਿੰਨਾਂ ਮੁਸ਼ਕਿਲਾਂ ‘ਚੋਂ ਲੰਘਣਾ ਪੈਂਦਾ ਹੈ, ਉਨ੍ਹਾਂ ਦਾ ਮੈਂ ਆਪਣੀ ਜ਼ਿੰਦਗੀ ਵਿੱਚ ਹੁਣ ਤਕ ਕਦੇ ਸਾਹਮਣਾ ਨਹੀਂ ਕੀਤਾ। ‘ਸਟੂਡੈਂਟ ਆਫ਼ ਦੀ ਯੀਅਰ’ ਫ਼ਿਲਮ ਦੌਰਾਨ ਮੈਂ ਆਪਣੇ ਅੰਦਰ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਸੀ ਪਰ ਉੜਤਾ ਪੰਜਾਬ ਦੇ ਕਿਰਦਾਰ ਨੂੰ ਮਹਿਸੂਸ ਕਰਨਾ ਤੇ ਕੁਦਰਤੀ ਹਾਵ-ਭਾਵਾਂ ਨੂੰ ਚਿਹਰੇ ‘ਤੇ ਲਿਆਉਣਾ ਮੇਰੇ ਲਈ ਟੇਢੀ ਖੀਰ ਹੋ ਗਿਆ ਸੀ। ਮੇਰੀ ਇਸ ਦੁਬਿਧਾ ਨੂੰ ਸਮਝ ਕੇ ਫ਼ਿਲਮ ਦੇ ਨਿਰਦੇਸ਼ਕ ਅਭਿਸ਼ੇਕ ਚੌਬੇ ਨੇ ਮੇਰੀ ਬਹੁਤ ਮਦਦ ਕੀਤੀ। ਇੱਕ ਪਾਸੇ ਜਿੱਥੇ ਸ਼ੂਟਿੰਗ ਦੌਰਾਨ ਮੈਂ ਖ਼ੁਦ ਨੂੰ ਪਿੰਕੀ ਦੇ ਕਿਰਦਾਰ ਵਿੱਚ ਨਹੀਂ ਢਾਲ ਪਾ ਰਹੀ ਸੀ, ਉੱਥੇ ਮੈਨੂੰ ਸ਼ਾਹਿਦ ਕਪੂਰ ਨੂੰ ਦੇਖ ਕੇ ਹੈਰਾਨੀ ਹੋ ਰਹੀ ਸੀ। ਸ਼ਾਹਿਦ ਨਿੱਜੀ ਤੌਰ ‘ਤੇ ਸ਼ਰਾਬ ਅਤੇ ਡਰੱਗਜ਼ ਦਾ ਸੇਵਨ ਨਹੀਂ ਕਰਦੇ ਪਰ ਫ਼ਿਲਮ ਵਿੱਚ ਉਹ ਡਰੱਗਜ਼ ਲੈਣ ਵਾਲੇ ਟੌਮੀ ਦਾ ਬਿਨਾਂ ਕਿਸੇ ਨਸ਼ੇ ਦੀ ਵਰਤੋਂ ਦੇ ਇੱਕਦਮ ਚੰਗੀ ਤਰ੍ਹਾਂ ਕਿਰਦਾਰ ਨਿਭਾ ਰਹੇ ਸੀ। ਸ਼ਾਹਿਦ ਤੋਂ ਹੀ ਮੈਨੂੰ ਕੁਮਾਰੀ ਪਿੰਕੀ ਦਾ ਕਿਰਦਾਰ ਨਿਭਾਉਣ ਦੀ ਪ੍ਰੇਰਨਾ ਮਿਲੀ ਅਤੇ ਮੈਂ ਇਹ ਕਿਰਦਾਰ ਪਰਦੇ ‘ਤੇ ਸਾਕਾਰ ਕਰ ਪਾਈ।
× ‘ਉੜਤਾ ਪੰਜਾਬ’ ਹੈ ਕੀ?
– ਇਹ ਫ਼ਿਲਮ ਡਰੱਗਜ਼ ਦੇ ਗ਼ੈਰਕਾਨੂੰਨੀ ਕਾਰੋਬਾਰ ਅਤੇ ਸੇਵਨ ਦੇ ਮਾੜੇ ਪ੍ਰਭਾਵਾਂ ‘ਤੇ ਚਰਚਾ ਕਰਦੀ ਹੈ। ਇਹ ਫ਼ਿਲਮ ਦੱਸਦੀ ਹੈ ਕਿ ਨਸ਼ਾ ਕਿਵੇਂ ਇਨਸਾਨ ਦੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ। ਫ਼ਿਲਮ ਵਿੱਚ ਸਿਰਫ਼ ਕੋਕੀਨ ਜਾਂ ਹੈਰੋਇਨ ਦੀ ਗੱਲ ਹੀ ਨਹੀਂ ਕੀਤੀ ਗਈ ਬਲਕਿ ਨਸ਼ੇ ਦੇ ਆਦੀ ਲੋਕਾਂ ਨਾਲ ਕੀ-ਕੀ ਤੇ ਕਿਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਜਦੋਂ ਉਹ ਨਸ਼ੇ ‘ਚ ਹੁੰਦੇ ਹਨ ਤਾਂ ਲੋਕ ਉਨ੍ਹਾਂ ਨਾਲ ਕਿਵੇਂ ਵਿਹਾਰ ਕਰਦੇ ਹਨ ਅਤੇ ਕਿਵੇਂ ਵਾਰ-ਵਾਰ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ, ਇਹ ਸਭ ਫ਼ਿਲਮ ਵਿੱਚ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਜੋ ਲੋਕ ਛੋਟੀ ਉਮਰ ਵਿੱਚ ਹੀ ਡਰੱਗਜ਼ ਲੈਣ ਲੱਗ ਜਾਂਦੇ ਹਨ, ਕਿਵੇਂ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪੈਂਦਾ ਹੈ ਅਤੇ ਉਸ  ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਕਿਹੜੀਆਂ ਮੁਸੀਬਤਾਂ ਨਾਲ ਜੂਝਣਾ ਪੈਂਦਾ ਹੈ, ਇਸ ਸਭ ਦੀ ਗੱਲ ਵੀ ਫ਼ਿਲਮ ਕਰਦੀ ਹੈ।
× ਪਿੰਕੀ ਦਾ ਕਿਰਦਾਰ ਨਿਭਾਉਣ ਲਈ ਕੀ ਖ਼ਾਸ ਤਿਆਰੀ ਕੀਤੀ?
– ਪਿੰਕੀ ਦੇ ਕਿਰਦਾਰ ਲਈ ਮੈਨੂੰ ਬਹੁਤ ਤਿਆਰੀ ਕਰਨੀ ਪਈ। ਸਭ ਤੋਂ ਪਹਿਲਾਂ ਬਿਹਾਰੀ ਭਾਸ਼ਾ ਅਤੇ ਉਸ ਦਾ ਉਚਾਰਨ ਤੇ ਲਹਿਜ਼ਾ ਸਿੱਖਿਆ। ਇਸ ਲਈ ਮੈਂ ਅਦਾਕਾਰ ਪੰਕਜ ਤ੍ਰਿਪਾਠੀ ਤੋਂ ਪੂਰੇ ਦੋ ਮਹੀਨੇ ਤਕ ਬਿਹਾਰੀ ਭਾਸ਼ਾ ਸਿੱਖੀ। ਇਸ ਤੋਂ ਇਲਾਵਾ ਫ਼ਿਲਮ ਵਿੱਚ ਮੇਰਾ ਕਿਰਦਾਰ ਹਾਕੀ ਖਿਡਾਰਨ ਦਾ ਹੋਣ ਕਰਕੇ ਮੈਂ ਹਾਕੀ ਖੇਡਣੀ ਵੀ ਸਿੱਖੀ ਅਤੇ ਮੇਕਅੱਪ ‘ਤੇ ਵੀ ਬਹੁਤ ਧਿਆਨ ਦਿੱਤਾ। ਬੇਸ਼ੱਕ ਕਈਆਂ ਨੇ ਮੇਰੀ ਉੜਤਾ ਪੰਜਾਬ ਵਿੱਚਲੀ ਦਿੱਖ ਦਾ ਮਜ਼ਾਕ ਵੀ ਬਣਾਇਆ ਪਰ ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਇੱਕ ਕਲਾਕਾਰ ਵਜੋਂ ਮੇਰੇ ਲਈ ਇਹ ਕਿਰਦਾਰ ਬਹੁਤ ਮਾਅਨੇ ਰੱਖਦਾ ਹੈ।
× ‘ਉੜਤਾ ਪੰਜਾਬ’ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ?
– ‘ਉੜਤਾ ਪੰਜਾਬ’ ਜਿਹੀ ਫ਼ਿਲਮ ਬਣਾਉਣ ਲਈ ਸਾਹਸ ਦੀ ਲੋੜ ਹੁੰਦੀ ਹੈ। ਜਿੱਥੋਂ ਤਕ ਰਹੀ ਇਸ ਦਾ ਵਿਰੋਧ ਹੋਣ ਦੀ ਗੱਲ ਤਾਂ ਇਸ ਫ਼ਿਲਮ ਵਿੱਚ ਪੰਜਾਬ ਵਿੱਚ ਨਸ਼ਿਆਂ ਦੇ ਵਧਦੇ ਕਾਰੋਬਾਰ ਅਤੇ ਮਾੜੇ ਪ੍ਰਭਾਵਾਂ ਦੀ   ਗੱਲ ਕੀਤੀ ਗਈ ਹੈ ਤਾਂ ਹੋ ਸਕਦਾ ਹੈ ਕਿ ਸ਼ਾਇਦ ਇਹ ਕੁਝ ਲੋਕਾਂ ਦੇ ਸੁਆਰਥ ‘ਤੇ ਵੀ ਸੱਟ ਮਾਰ ਰਹੀ ਹੋਵੇ ਅਤੇ ਇਸ ਲਈ ਉਨ੍ਹਾਂ ਇਸ ਦਾ ਵਿਰੋਧ ਕੀਤਾ ਹੋਵੇ।
× ਤੁਹਾਨੂੰ ਪੰਜਾਬ ਵਿੱਚ ਡਰੱਗਜ਼ ਦੀ ਸਮੱਸਿਆ ਦਾ ਮੂਲ ਕਾਰਨ ਕੀ ਲੱਗਿਆ?
– ਪੰਜਾਬ ਦੀਆਂ ਸੀਮਾਵਾਂ ਦੂਜੇ ਦੇਸ਼ਾਂ ਨਾਲ ਲੱਗਦੀਆਂ ਹੋਦ ਕਾਰਨ ਇੱਥੇ ਡਰੱਗਜ਼ ਦਾ ਕਾਰੋਬਾਰ ਵਧੇਰੇ ਵਧ-ਫ਼ੁੱਲ ਰਿਹਾ ਹੈ।
× ਇਸ ਫ਼ਿਲਮ ਨੇ ਤੁਹਾਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ?
– ਹਰ ਫ਼ਿਲਮ ਤੋਂ ਅਸੀਂ ਕੁਝ ਨਾ ਕੁਝ ਸਿੱਖਦੇ ਰਹਿੰਦੇ ਹਾਂ ਜਿਸ ਕਾਰਨ ਸਾਡੀ ਨਿੱਜੀ ਜ਼ਿੰਦਗੀ ‘ਚ ਵੀ ਹਰ ਫ਼ਿਲਮ ਨਾਲ ਕੋਈ ਨਾ ਕੋਈ ਬਦਲਾਓ ਆਉਂਦਾ ਰਹਿੰਦਾ ਹੈ। ਕਈ ਵਾਰ ਇਹ ਤਬਦੀਲੀਆਂ ਸਾਨੂੰ ਮਹਿਸੂਸ ਹੁੰਦੀਆਂ ਹਨ ਅਤੇ ਕਈ ਵਾਰ ਨਹੀਂ।
× ਸਿਨਮਾ ‘ਚ ਆ ਰਹੇ ਬਦਲਾਓ ਨੂੰ ਕਿਵੇਂ ਦੇਖਦੇ ਹੋ?
– ਸਿਨਮਾ ਵਿੱਚ ਆਇਆ ਬਦਲਾਓ ਦਰਅਸਲ ਦਰਸ਼ਕਾਂ ਦੀ ਸੋਚ ‘ਚ ਆਇਆ ਬਦਲਾਓ ਹੈ। ਹੁਣ ਦਰਸ਼ਕ ਸਿਰਫ਼ ਆਪਣੇ ਪਸੰਦੀਦਾ ਕਲਾਕਾਰ ਨੂੰ ਪਰਦੇ ‘ਤੇ ਹੀ ਦੇਖਣਾ ਨਹੀਂ ਚਾਹੁੰਦੇ ਬਲਕਿ ਉਨ੍ਹਾਂ ਨੂੰ ਵਧੀਆ ਕਹਾਣੀ ਤੇ ਪੇਸ਼ਕਾਰੀ ਵੀ ਚਾਹੀਦੀ ਹੈ। ਇਸ ਲਈ ਹੁਣ ਚੰਗੀਆਂ ਕਹਾਣੀਆਂ ਵਾਲੀਆਂ ਫ਼ਿਲਮਾਂ ਆ ਰਹੀਆਂ ਹਨ।
× ਹੋਰ ਕਿਹੜੀਆਂ ਫ਼ਿਲਮਾਂ ਕਰ ਰਹੇ ਹੋ?
– ਬਦਰੀਨਾਥ ਕੀ ਦੁਲਹਨੀਆ ਤੇ ਅੱਬਾਸ ਮੁਖਰਜੀ ਦੀ ਨਵੀਂ ਫ਼ਿਲਮ ਵੀ ਕਰ ਰਹੀ ਹਾਂ। ਗੌਰੀ ਸ਼ਿੰਦੇ ਦੇ ਨਿਰਦੇਸ਼ਨ ਵਿੱਚ ਇੱਕ ਬੇਨਾਮ ਫ਼ਿਲਮ ਦੀ ਸ਼ੂਟਿੰਗ ਹੁਣੇ ਪੂਰੀ ਕੀਤੀ ਹੈ ਜਿਸ ਵਿੱਚ ਮੇਰੇ ਨਾਲ ਸ਼ਾਹਰੁਖ ਖ਼ਾਨ ਹਨ। ਇਸ ਫ਼ਿਲਮ ਵਿੱਚ ਮੈਂ ਅਜਿਹਾ ਕਿਰਦਾਰ ਨਿਭਾਇਆ ਹੈ  ਜਿਸ ਨਾਲ ਮੈਂ     ਖ਼ੁਦ ਨੂੰ ਜੁੜਿਆ ਮਹਿਸੂਸ ਕਰਦੀ ਹਾਂ। ਮੈਂ ਹੀ ਕਿਉਂ ਹਰ ਲੜਕੀ ਖ਼ੁਦ ਨੂੰ ਇਸ ਫ਼ਿਲਮ ਨਾਲ ਜੁੜਿਆ ਮਹਿਸੂਸ ਕਰੇਗੀ।
× ਸ਼ਾਹਰੁਖ ਖ਼ਾਨ ਨਾਲ ਪਹਿਲੀ ਵਾਰ ਕੰਮ ਕਰਕੇ ਕਿਵੇਂ ਲੱਗਿਆ?
– ਬਹੁਤ ਹੀ ਵਧੀਆ। ਮੈਂ ਸ਼ਾਹਰੁਖ ਨਾਲ ਕੰਮ ਕਰਕੇ ਬਹੁਤ ਉਤਸ਼ਾਹਿਤ ਹਾਂ। ਸ਼ਾਹਰੁਖ ਖ਼ਾਨ ਦੁਨੀਆਂ ਦੇ ਅਜਿਹੇ ਇੱਕੱਲੇ ਅਜਿਹੇ ਇਨਸਾਨ ਹਨ ਜਿਨ੍ਹਾਂ ਨਾਲ ਮੈਂ ਸਵੇਰ ਦੇ ਤਿੰਨ ਵਜੇ ਤਕ ਵੀ ਰੁਕ ਸਕਦੀ ਹਾਂ।
× ਬਦਰੀਨਾਥ ਕੀ ਦੁਲਹਨੀਆ ਤਾਂ ਹੰਪਟੀ ਸ਼ਰਮਾ ਕੀ ਦੁਲਹਨੀਆ ਦਾ ਸੀਕੁਅਲ ਹੈ?
– ਨਹੀਂ, ਬਦਰੀਨਾਥ ਕੀ ਦੁਲਹਨੀਆ, ਹੰਪਟੀ ਸ਼ਰਮਾ ਕੀ ਦੁਲਹਨੀਆ ਦਾ ਸੀਕੁਅਲ ਨਹੀਂ ਹੈ। ਇਹ ਇੱਕ ਵੱਖਰੀ ਪ੍ਰੇਮ ਕਹਾਣੀ ਹੈ। ਉਂਜ, ਇਸ ਫ਼ਿਲਮ  ਵਿੱਚ ਵੀ ਮੇਰੇ ਨਾਇੱਕ ਵਰੁਣ ਧਵਨ   ਹਨ ਪਰ ਇਹ ਹੰਪਟੀ ਸ਼ਰਮਾ ਕੀ ਦੁਲਹਨੀਆ ਦਾ ਸੀਕੁਅਲ ਨਹੀਂ ਹੈ। ਦੋਵਾਂ ਫ਼ਿਲਮਾਂ ਦੇ ਕਿਰਦਾਰ ਤੇ ਕਹਾਣੀ ਬਹੁਤ ਵੱਖਰੀ ਹੈ।
× ‘ਆਸ਼ਿਕੀ-3’ ਵੀ ਕਰ ਰਹੇ ਹੋ?
– ਇਸ ਦੀ ਕਹਾਣੀ ਫ਼ਿਲਹਾਲ ਲਿਖੀ ਜਾ ਰਹੀ ਹੈ। ਇਸ ਲਈ ਮੈਂ ਆਪਣੇ ਵੱਲੋਂ ਹਾਲੇ ਹਾਂ ਨਹੀਂ ਕੀਤੀ ਅਤੇ ਸਭ ਕੁਝ ਫ਼ਿਲਮ ਦੀ ਕਹਾਣੀ ਪੂਰੀ ਹੋਣ ਬਾਅਦ ਹੀ ਤੈਅ ਹੋਵੇਗਾ।

LEAVE A REPLY