3ਚੰਡੀਗੜ : ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਪੰਜਾਬ ਵਿੱਚ ਬੱਚਿਆਂ ਵਲੋਂ ਭੀਖ ਮੰਗਣ ਦੇ ਧੰਦੇ ਨੂੰ ਜੜੋਂ ਖਤਮ ਕਰਨ  ਲਈ ਐਕਸ਼ਨ ਪਲਾਨ ਬਣਾਇਆ ਗਿਆ ਹੈ। ਇਸ ਸਬੰਧੀ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਜਾਰੀ ਕੀਤੇ ਗਏ ਹਨ ਅਤੇ ਇਸ ਐਕਸ਼ਨ ਪਲਾਨ  ਨੂੰ ਯਕੀਨੀ ਤੋਰ ‘ਤੇ ਲਾਗੂ ਕਰਨ ਲਈ ਵੀ ਹੁਕਮ ਜਾਰੀ ਕੀਤੇ ਗਏ ਹਨ। ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਨੇ ਇਕ ਪੱਤਰ ਰਾਹੀਂ ਸਮੂਹ ਜਿਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਮੁੱਖ ਸਥਾਨਾਂ,ਬਜ਼ਾਰਾਂ ਦੀ ਨਿਰੰਤਰ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਮਾਫਿਆ ਦਾ ਪਤਾ ਲਗਾਇਆ ਜਾ ਸਕੇ।
ਚੇਅਰਮੈਨ ਕਾਲੀਆ ਨੇ ਦੱਸਿਆ ਐਕਸ਼ਨ ਪਲਾਨ ਨੂੰ ਯਕੀਨੀ ਤੋਰ ‘ਤੇ ਲਾਗੂ ਕਰਨ ਲਈ ਜਿਲਾ ਪੱਧਰ ‘ਤੇ ਟਾਸਕ ਫੋਰਸਾਂ ਬਣਾਇਆਂ ਗਈਆਂ ਹਨ ਜਿਹਨਾਂ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਤਿੰਨ ਮਹੀਨਿਆਂ ਬਾਅਦ ਕਮਿਸ਼ਨ ਨੂੰ ਦਿੱਤੀ ਜਾਵੇਗੀ। ਸ਼੍ਰੀ ਕਾਲੀਆ ਨੇ ਅੱਗੇ ਦੱਸਿਆ ਕਿ ਉਹਨਾਂ ਵਲੋਂ ਸੁਝਾਅ ਦਿੱਤਾ ਗਿਆ ਹੈ ਕਿ ਸੂਬੇ ਵਿੱਚ ਡਵੀਜ਼ਨ ਪੱਧਰ ਦੇ ਪੁਲਿਸ ਟੀਮਾਂ ਬਣਾਇਆ ਜਾਣ ਤਾਂ ਜੋ ਬੱਚਿਆਂ ਨੂੰ ਭੀਖ ਮੰਗਵਾਉਣ ਵਾਲੇ ਮਾਫੀਆ ਤੋਂ ਛੁਡਵਾਇਆ ਜਾਵੇ।ਉਹਨਾਂ ਦੱਸਿਆ ਕਿ ਉਹਨਾਂ ਵਲੋਂ ਸੂਬੇ ਦੇ ਸਮੂਹ ਨਿਜੀ ਅਤੇ ਸਰਕਾਰੀ  ਬਾਲ ਸੁਰੱਖਿਆ ਘਰਾਂ ਨੂੰ ਪੱਤਰ ਰਾਹੀਂ ਲਿਖਿਆ ਗਿਆ ਹੈ ਕਿ ਮਾਫੀਆ ਸਰਗਨਾਂ ਤੋਂ ਬਚਾਏ ਗਏ ਜਰੂਰਤਮੰਦ ਬੱਚਿਆਂ ਨੂੰ ਰਹਿਣ ਲਈ ਥਾਂ ਪਹਿਲ ਦੇ ਅਧਾਰ ‘ਤੇ ਮੁਹੱਈਆ ਕਰਵਾਈ ਜਾਵੇ ਅਤੇ ਉਹਨਾਂ ਇਹ ਵੀ ਦੱਸਿਆ ਕਿ ਜੋ ਬੱਚੇ ਭੀਖ ਮੰਗਣ ਦੇ ਇਸ ਕਾਲੇ ਧੰਦੇ ਤੋਂ ਬਚਾ ਲਏ ਜਾਣਗੇ ਤਾਂ ਚਾਹਵਾਨ ਬੱਚਿਆਂ ਨੂੰ  ਸਰਵ-ਸਿੱਖਿਆ ਅਭਿਆਨ ਅਧੀਨ ਸਿੱਖਿਆ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਉਮਰ ਅਨੁਸਾਰ  ਹੁਨਰ ਸਿਖਾਉਣ ਦੇ ਪ੍ਰਬੰਧ ਕੀਤੇ ਜਾਣਗੇ।
ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਭੀਖ ਮੰਗਣ ਵਾਲੇ ਉਹ ਬੱਚੇ ਜੋ ਗੁੰਮ ਹੋ ਜਾਂਦੇ ਹਨ ਉਹਨਾਂ ਦੀ ਤਾਲਾਸ਼ ਲਈ ਟਰੈਕਿੰਗ ਅਤੇ ਕੂਨੈਕਟਿੰਗ ਪ੍ਰਣਾਲੀ ਨੂੰ ਦੇਸ਼ ਵਿਚ ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਅੋਰਤਾਂ ਜੋ ਛੋਟੇ ਬੱਚਿਆਂ ਨਾਲ ਭੀਖ ਮੰਗਦੀਆਂ ਹਨ ਉਹਨਾਂ ਦੇ ਅਸਲ ਮਾਂ-ਬੱਚਾ ਹੋਣ ਸਬੰਧੀ ਪੜਤਾਲ ਕਰਨ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ।

LEAVE A REPLY