thudi-sahat-300x150ਰਮਜ਼ਾਨ ਦੇ ਦਿਨਾਂ ‘ਚ ਬਹੁਤ ਸਾਰੇ ਲੋਕ ਰੋਜ਼ੇ ਰੱਖਦੇ ਹਨ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਸਿਹਤ ‘ਤੇ ਪੈਂਦਾ ਹੈ। ਉਂਝ ਤਾਂ ਇੱਕ ਦਿਨ ਭੁੱਖੇ ਰਹਿਣ ਨਾਲ ਸਾਡੀ ਪਾਚਨ ਪ੍ਰਣਾਲੀ ਨੂੰ ਵੀ ਰਾਹਤ ਮਿਲਦੀ ਹੈ ਪਰ ਰਮਜ਼ਾਨ ਦੇ ਦਿਨਾਂ ‘ਚ ਇਸ ਦੇ ਕੁਝ ਨੁਕਸਾਨ ਵੀ ਹਨ ਕਿਉਂਕਿ ਜਵਾਨ ਅਤੇ ਸਿਹਤਮੰਦ ਲੋਕਾਂ ਲਈ ਸਾਰਾ ਦਿਨ ਭੁੱਖੇ ਰਹਿਣਾ ਓਨਾ ਔਖਾ ਨਹੀਂ ਹੁੰਦਾ, ਜਿੰਨਾ ਕਿ ਕਮਜ਼ੋਰ ਅਤੇ ਬੀਮਾਰ ਲੋਕਾਂ ਲਈ ਹੁੰਦਾ ਹੈ। ਜੇਕਰ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ ਤਾਂ ਆਪਣੀ ਡਾਈਟ ਦਾ ਖਾਸ ਖਿਆਲ ਰੱਖੋ, ਜਿਸ ਨਾਲ ਕਿ ਰੋਜ਼ੇ ਦੌਰਾਨ ਤੁਹਾਡੀ ਬਲੱਡ ਸ਼ੂਗਰ ਹੇਠਾਂ ਜਾਂ ਉੱਪਰ ਨਾ ਚਲੀ ਜਾਏ। ਇਥੇ ਦੱਸੇ ਕੁਝ ਤਰੀਕਿਆਂ ਨਾਲ ਤੁਸੀਂ ਰਮਜ਼ਾਨ ਦੇ ਰੋਜ਼ੇ ਅਸਾਨੀ ਨਾਲ ਰੱਖ ਸਕਦੇ ਹੋ।
ਆਪਣੇ ਡਾਕਟਰ ਨੂੰ ਮਿਲੋ
ਇਹ ਬਹੁਤ ਜ਼ਰੂਰੀ ਹੈ ਕਿ ਰੋਜ਼ੇ ਰੱਖਣ ਤੋਂ ਪਹਿਲਾਂ ਤੁਸੀਂ ਆਪਣੇ ਡਾਕਟਰ ਨੂੰ ਮਿਲ ਕੇ ਉਸ ਦੀ ਸਲਾਹ ਜ਼ਰੂਰ ਲੈ ਲਓ। ਕਿਸੇ ਵੀ ਬੀਮਾਰੀ ਨੂੰ ਬਿਲਕੁਲ ਵੀ ਹਲਕੇ ਤੌਰ ‘ਤੇ ਨਾ ਲਓ। ਆਪਣੇ ਡਾਕਟਰ ਨੂੰ ਮਿਲ ਕੇ ਉਸ ਤੋਂ ਆਪਣੇ ਲਈ ਡਾਈਟ ਪਲਾਨ ਬਣਵਾਓ। ਆਪਣੀ ਸਿਹਤ ਨਾਲ ਬਿਲਕੁਲ ਵੀ ਖਿਲਵਾੜ ਨਾ ਕਰੋ, ਨਹੀਂ ਤਾਂ ਕਾਫ਼ੀ ਨੁਕਸਾਨ ਹੋ ਸਕਦੈ।
ਡਾਕਟਰ ਦੀ ਸਲਾਹ ਮੰਨੋ
ਸਿਰਫ਼ ਡਾਕਟਰ ਕੋਲ ਜਾਣਾ ਹੀ ਕਾਫ਼ੀ ਨਹੀਂ ਹੈ। ਜੇਕਰ ਤੁਹਾਡੇ ਡਾਕਟਰ ਨੇ ਤੁਹਾਨੂੰ ਰੋਜ਼ੇ ਰੱਖਣ ਤੋਂ ਮਨ੍ਹਾ ਕੀਤਾ ਹੈ ਤਾਂ ਇਸ ਪਿੱਛੇ ਜ਼ਰੂਰ ਕੋਈ ਕਾਰਨ ਹੋਵੇਗਾ। ਖੁਦ ਕੋਈ ਫ਼ੈਸਲਾ ਨਾ ਲਓ, ਨਹੀਂ ਤਾਂ ਨਤੀਜੇ ਘਾਤਕ ਹੋ ਸਕਦੇ ਹਨ। ਆਖਿਰ ਸਿਹਤ ਹੀ ਤਾਂ ਸਭ ਤੋਂ ਵੱਡਾ ਧਨ ਹੈ।
ਠੀਕ ਤਰ੍ਹਾਂ ਖਾਓ
ਸਹਿਰੀ ਦੇ ਸਮੇਂ ਇੱਕਦਮ ਖਾਣੇ ‘ਤੇ ਟੁੱਟ ਨਾ ਪਓ। ਇਸ ਨਾਲ ਤੁਹਾਡੀ ਬਲੱਡ ਸ਼ੂਗਰ ਅਚਾਨਕ ਵੱਧ ਸਕਦੀ ਹੈ। ਹੌਲੀ-ਹੌਲੀ ਅਤੇ ਸੁਚੇਤ ਹੋ ਕੇ ਖਾਓ। ਤੁਹਾਡਾ ਖਾਣਾ ਇੱਕ ਬੈਲੰਸ ਮੀਲ ਹੋਣਾ ਚਾਹੀਦੈ।
ਉਦੋਂ ਕੀ ਕਰੀਏ, ਜਦੋਂ ਡਾਕਟਰ ਦੀ ਸਲਾਹ ਤੋਂ ਬਾਅਦ ਰੋਜ਼ੇ ਰੱਖਣ ਦਾ ਫ਼ੈਸਲਾ ਕਰੀਏ
1. ਹੋ ਸਕਦੈ ਕਿ ਆਮ ਤੌਰ ‘ਤੇ ਕੰਮ ਆਉਣ ਵਾਲਾ ਤੁਹਾਡਾ ਇੰਸੁਲਿਨ ਕੰਮ ਨਾ ਕਰੇ, ਇਸ ਲਈ ਆਪਣੇ ਡਾਕਟਰ ਨਾਲ ਗੱਲ ਕਰੋ।
2. ਰੋਜ਼ੇ ਦੌਰਾਨ ਪ੍ਰੀ ਮਿਕਸ ਇੰਸੁਲਿਨ ਦੀ ਵਰਤੋਂ ਨਾ ਕਰੋ।
3. ਅਜਿਹਾ ਭੋਜਨ ਖਾਓ, ਜੋ ਸਰੀਰ ਵਲੋਂ ਹੌਲੀ-ਹੌਲੀ ਜਜ਼ਬ ਕੀਤਾ ਜਾਏ, ਜਿਵੇਂ ਚੌਲ।
4. ਆਪਣੇ ਬਲੱਡ ਗੁਲੂਕੋਜ਼ ਲੈਵਲ ਨੂੰ ਦਿਨ ‘ਚ ਵਾਰ-ਵਾਰ ਚੈੱਕ ਕਰਦੇ ਰਹੋ।
5. ਖੂਬ ਸਾਰਾ ਤਰਲ ਪਦਾਰਥ ਪੀਓ। ਇਸ ਦੌਰਾਨ ਡੀਹਾਈਡ੍ਰੇਸ਼ਨ ਦੇ ਸ਼ਿਕਾਰ ਨਾ ਹੋਵੋ।
6. ਜ਼ਿਆਦਾ ਕੈਲੋਰੀ ਵਾਲੀਆਂ ਅਤੇ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਇਸ ਦੀ ਬਜਾਏ ਭਰਪੂਰ ਮਾਤਰਾ ‘ਚ ਰੇਸ਼ੇਦਾਰ  ਭੋਜਨ ਖਾਣਾ ਚਾਹੀਦੈ।
ਸ਼ੂਗਰ ਦੇ ਮਰੀਜ਼ ਨੂੰ ਰਮਜ਼ਾਨ ਦੌਰਾਨ ਹੋ ਸਕਦੈ ਇਹ ਖਤਰਾ
ਸਾਰਾ ਦਿਨ ਖਾਲੀ ਪੇਟ ਰਹਿਣ ਨਾਲ ਤੁਹਾਡਾ ਸ਼ੂਗਰ ਦਾ ਪੱਧਰ ਬੁਰੀ ਤਰ੍ਹਾਂ ਡਿੱਗ ਜਾਂਦਾ ਹੈ, ਇਸ ਲਈ ਸਾਰੇ ਮਰੀਜ਼ਾਂ ਨੂੰ ਲੋਅ ਬਲੱਡ ਸ਼ੂਗਰ ਦੇ ਲੱਛਣਾਂ ਤੋਂ ਵਾਕਫ਼ ਹੋਣਾ ਚਾਹੀਦੈ। ਜੇਕਰ ਤੁਹਾਨੂੰ ਲੱਛਣ ਸਾਫ਼ ਨਜ਼ਰ ਆਉਣ ਤਾਂ ਰੋਜ਼ੇ ਜਾਰੀ ਨਹੀਂ ਰੱਖਣੇ ਚਾਹੀਦੇ।
ਜੇਕਰ ਸ਼ੂਗਰ ਦੇ ਨਾਲ-ਨਾਲ ਤੁਹਾਨੂੰ ਦਿਲ ਜਾਂ ਗੁਰਦਿਆਂ ਦੀ ਵੀ ਕੋਈ ਬੀਮਾਰੀ ਹੈ ਤਾਂ ਤੁਹਾਨੂੰ ਰੋਜ਼ੇ ਰੱਖਣ ਤੋਂ ਬਚਣਾ ਚਾਹੀਦੈ। ਇਹ ਤੁਹਾਡੀ ਬੀਮਾਰੀ ਨੂੰ ਹੋਰ ਵੀ ਵਧਾ ਸਕਦਾ ਹੈ।
ਰਮਜ਼ਾਨ ਦੌਰਾਨ ਸ਼ੂਗਰ ਪੀੜਤ ਰੋਜ਼ੇਦਾਰਾਂ ਨੂੰ ਹਾਈਪੋਗਲਾਈਸੀਮੀਆ (ਬਲੱਡ ਸ਼ੂਗਰ ਦੇ ਪੱਧਰ ‘ਚ ਅਚਾਨਕ ਗਿਰਾਵਟ) ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਦੌਰੇ ਅਤੇ ਬੇਹੋਸ਼ੀ ਜਾਂ ਅਚਾਨਕ ਬਲੱਡ ਸ਼ੂਗਰ ਦਾ ਪੱਧਰ ਵਧਣ ਦਾ ਸਬੱਬ ਬਣ ਸਕਦਾ ਹੈ।

LEAVE A REPLY