4ਸ਼੍ਰੀਨਗਰ :  ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਐੱਨ.ਐੱਨ. ਵੋਹਰਾ ਨੇ ਹੋਰ ਸ਼ਰਧਾਲੂਆਂ ਨਾਲ ਸ਼ਨੀਵਾਰ ਨੂੰ ਦੱਖਣ ਕਸ਼ਮੀਰ ਹਿਮਾਲਿਆ ‘ਚ ਸਥਿਤ ਅਮਰਨਾਥ ਗੁਫਾ ‘ਚ ਪਵਿੱਤਰ ਹਿਮਲਿੰਗ ਦੇ ਦਰਸ਼ਨ ਕੀਤੇ ਅਤੇ ਇਸ ਦੇ ਨਾਲ ਹੀ ਸਾਲਾਨਾ ਯਾਤਰਾ ਸ਼ੁਰੂ ਹੋ ਗਈ। ਰਾਜਪਾਲ ਇਸ 48 ਦਿਨ ਦੀ ਤੀਰਥ ਯਾਤਰਾ ਦਾ ਪ੍ਰਬੰਧਨ ਸੰਭਾਲਣ ਵਾਲੇ ਸ਼੍ਰੀ ਅਮਰਨਾਥਜੀ ਸ਼ਰਾਇਣ ਬੋਰਡ (ਐੱਸ.ਏ.ਐੱਸ.ਬੀ.) ਦੇ ਚੇਅਰਮੈਨ ਵੀ ਹਨ। ਉਹ ਇੱਥੇ ਹੋਣ ਵਾਲੀ ‘ਪਹਿਲੀ ਪੂਜਾ’ ‘ਚ ਸ਼ਾਮਲ ਹੋਏ ਅਤੇ 3,880 ਮੀਟਰ ਦੀ ਉੱਚਾਈ ‘ਤੇ ਸਥਿਤ ਇਸ ਗੁਫਾ ‘ਚ ਬਣਨ ਵਾਲੇ ਕੁਦਰਤੀ ਸ਼ਿਵਲਿੰਗ ਦੀ ਪੂਜਾ ਕੀਤੀ। ਗ੍ਰਹਿ ਮੰਤਰੀ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ‘ਚ ਸ਼ਾਮਲ ਸਨ। ਪਿਛਲੇ ਸਾਲ ਵੀ ਸਿੰਘ ਨੇ ਅਮਰਨਾਥ ਯਾਤਰਾ ਦੇ ਪਹਿਲੇ ਹੀ ਦਿਨ ਬਾਬਾ ਅਮਰਨਾਥ ਦੇ ਦਰਸ਼ਨ ਕੀਤੇ ਸਨ। ਰਾਜਨਾਥ ਸਿੰਘ ਇੱਥੇ ਸ਼ੁੱਕਰਵਾਰ ਨੂੰ ਪੁੱਜੇ ਸਨ ਅਤੇ ਘਾਟੀ ‘ਚ ਹਾਲ ਹੀ ‘ਚ ਹੋਏ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਉਨ੍ਹਾਂ ਨੇ ਇਕ ਉੱਚ ਪੱਧਰੀ ਬੈਠਕ ‘ਚ ਇੱਥੇ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਵੀ ਲਿਆ।
ਇਸ ਬੈਠਕ ‘ਚ ਅਮਰਨਾਥ ਗੁਫਾ ਦੀ ਸੁਰੱਖਿਆ ‘ਤੇ ਵੀ ਵਿਸਥਾਰ ਨਾਲ ਚਰਚਾ ਹੋਈ। ਅਮਰਨਾਥ ਯਾਤਰਾ ਤੈਅ ਪ੍ਰੋਗਰਾਮ ਅਨੁਸਾਰ ਪੁਲਸ, ਸੀ.ਆਰ.ਪੀ.ਐੱਫ., ਬੀ.ਐੱਸ.ਐੱਫ. ਅਤੇ ਫੌਜ ਦੇ ਬਹੁ ਪੱਧਰੀ ਸੁਰੱਖਿਆ ਘੇਰੇ ‘ਚ 2 ਥਾਂਵਾਂ ਤੋਂ ਸ਼ੁਰੂ ਹੋਈ। ਇਸ ‘ਚ ਇਕ ਰਸਤਾ ਹੈ ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦਾ 42 ਕਿਲੋਮੀਟਰ ਲੰਬਾ ਰਵਾਇਤੀ ਪਹਿਲਗਾਮ ਮਾਰਗ ਅਤੇ ਦੂਜਾ ਰਸਤਾ ਹੈ ਸਿਰਫ 12 ਕਿਲੋਮੀਟਰ ਲੰਬਾ ਮੱਧ ਕਸ਼ਮੀਰ ਦੇ ਗੰਦੇਰਬਲ ਜ਼ਿਲੇ ਦੇ ਬਾਲਟਾਲ ਮਾਰਗ ਦਾ ਹੈ। ਸ਼ਰਧਾਲੂ ਬਾਲਟਾਲ ਦੇ ਰਸਤੇ ਯਾਤਰਾ ਕਰਨਾ ਪਸੰਦ ਕਰਦੇ ਹਨ, ਕਿਉਂਕਿ ਇਸ ਮਾਰਗ ਨਾਲ ਇਹ ਯਾਤਰਾ ਇਕ ਦਿਨ ‘ਚ ਪੂਰੀ ਹੋ ਜਾਂਦੀ ਹੈ। ਸ਼ਨੀਵਾਰ ਦੀ ਸਵੇਰ ਬਾਲਟਾਲ ਦੇ ਦੁਮੈਨ ‘ਚ ਸਥਿਤ ਇਕ ਕੈਂਪ ‘ਚ ਦਿੱਲੀ ਦੇ 53 ਸਾਲਾ ਸ਼ਰਧਾਲੂ ਵਿਨੋਦ ਕੁਮਾਰ ਮ੍ਰਿਤ ਪਾਏ ਗਏ। ਉਹ ਇੱਥੇ ਸ਼ੁੱਕਰਵਾਰ ਨੂੰ ਹੀ ਆਏ ਸਨ ਅਤੇ ਪਹਿਲੇ ਜੱਥੇ ‘ਚ ਜਾਣ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਯਾਤਰਾ 18 ਅਗਸਤ ਨੂੰ ਖਤਮ ਹੋਵੇਗੀ। ਇਸੇ ਦਿਨ ਰੱਖੜੀ ਵੀ ਹੈ।

LEAVE A REPLY