3ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਹੋਰ ਦੋ ਪ੍ਰਾਈਵੇਟ ਟ੍ਰਾਂਸਪੋਰਟ ਕੰਪਨੀਆਂ ਕਬਜ਼ਾਉਣ ਲਈ ਬਾਦਲ ਪਰਿਵਾਰ ਦੀ ਨਿੰਦਾ ਕੀਤੀ ਹੈ, ਜਿਨ੍ਹਾਂ ਨੇ ਹੁਸ਼ਿਆਰਪੁਰ ਨਾਲ ਸਬੰਧਤ ਇਨ੍ਹਾਂ ਦੋ ਕੰਪਨੀਆਂ ਤੇ ਉਨ੍ਹਾਂ ਦੇ 120 ਬੱਸਾਂ ਦੇ ਪੂਰੇ ਬੇੜੇ ‘ਤੇ ਕਬਜ਼ਾ ਕਰ ਲਿਆ ਹੈ। ਅਜਿਹੇ ‘ਚ ਉਨ੍ਹਾਂ ਨੂੰ ਸ਼ੱਕ ਹੈ ਕਿ ਸ਼ਾਇਦ ਹੀ ਸੂਬੇ ‘ਚ ਕੋਈ ਅਜਿਹੀ ਟ੍ਰਾਂਸਪੋਰਟ ਕੰਪਨੀ ਹੋਵੇ, ਜਿਹੜੀ ਬਾਦਲਾਂ ਦੀ ਨਾ ਹੋਵੇ।
ਉਨ੍ਹਾਂ ਨੇ ਕਿਹਾ ਕਿ ਪ੍ਰਾਪਤੀਆਂ ਆਮ ਬਿਜਨੇਸ ਡੀਲਾਂ ਮੰਨੀਆਂ ਜਾਂਦੀਆਂ ਹਨ, ਲੇਕਿਨ ਅਸਲਿਅਤ ਤਾਂ ਇਹ ਹੈ ਕਿ ਬਾਦਲਾਂ ਨੇ ਉਹ ਹਾਲਾਤ ਪੈਦਾ ਕਰ ਦਿੱਤੇ, ਜਿਨ੍ਹਾਂ ਕਰਕੇ ਟ੍ਰਾਂਸਪੋਰਟ ਆਪਰੇਟਰਾਂ ਕੋਲ ਆਪਣੇ ਬਿਜਨੇਸ ਵੇਚਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਾ ਬੱਚਿਆ।
ਇਸ ਲੜੀ ਹੇਠ ਇਹ 2007 ‘ਚ ਸੱਤਾ ਸੰਭਾਲਣ ਵਾਲੇ ਦਿਨ ਤੋਂ ਅਜਿਹਾ ਕਰ ਰਹੇ ਹਨ। ਇਹੋ ਕਾਰਨ ਹੈ ਕਿ ਉਦੋਂ ਇਨ੍ਹਾਂ ਦੀਆਂ 30 ਬੱਸਾਂ ਦਾ ਬੇੜਾ ਅੱਜ 17 ਗੁਣਾਂ ਵੱਧ ਕੇ 500 ਤੋਂ ਵੱਧ ਪਹੁੰਚ ਚੁੱਕਾ ਹੈ। ਇਸੇ ਕਾਰਨ, ਅੱਜ ਪੰਜਾਬ ਦੀਆਂ ਸੜਕਾਂ ਬਾਦਲ ਪਰਿਵਾਰ ਦੀ ਮਲਕਿਅਤ ਵਾਲੀਆਂ ਡਬਵਾਲੀ ਟ੍ਰਾਂਸਪੋਰਟ ਕੰਪਨੀ ਜਾਂ ਓਰਬਿਟ ਟ੍ਰਾਂਸਪੋਰਟ ਕੰਪਨੀ ਦੀਆਂ ਬੱਸਾਂ ਨਾਲ ਭਰੀਆਂ ਪਈਆਂ ਹਨ।
ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ, ਜੋ ਇਨ੍ਹਾਂ ਦੀ ਬੇਹੱਦ ਲਾਲਚ ਨੂੰ ਦਰਸਾਉਂਦਾ ਹੈ। ਜਿਸ ਹੇਠ ਬਾਦਲ ਪਰਿਵਾਰ ਨੇ ਹੁਸ਼ਿਆਰਪੁਰ ਨਾਲ ਸਬੰਧਤ ਦੋ ਟ੍ਰਾਂਸਪੋਰਟ ਕੰਪਨੀਆਂ; ਅਜ਼ਾਦ ਹੁਸ਼ਿਆਰਪੁਰ ਐਕਸਪ੍ਰੈਸ ਬੱਸ ਸਰਵਿਸ ਤੇ ਰਾਜਧਾਨੀ ਟ੍ਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਿਟੇਡ ਨੂੰ ਕੁਝ ਦਿਨ ਪਹਿਲਾਂ ਹਾਸਿਲ ਕਰ ਲਿਆ ਹੈ।
ਇਸ ਦੌਰਾਨ, ਧਿਆਨਯੋਗ ਗੱਲ ਇਹ ਹੈ ਕਿ 120 ਬੱਸਾਂ ਦਾ ਬੇੜਾ ਹਾਸਿਲ ਕਰਨ ਤੋਂ ਬਾਅਦ ਸਰਕਾਰ ਨੇ ਤੁਰੰਤ 6 ਪੈਸੇ ਪ੍ਰਤੀ ਕਿਲੋਮੀਟਰ ਦਾ ਕਿਰਾਇਆ ਵਧਾ ਦਿੱਤਾ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬਾਦਲਾਂ ਦਾ 2007 ‘ਚ ਸਿਰਫ 30 ਬੱਸਾਂ ਦਾ ਬੇੜਾ ਅੱਜ ਵੱਧ ਕੇ 500 ਤੋਂ ਉੱਪਰ ਪਹੁੰਚ ਚੁੱਕਾ ਹੈ।
ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਬਾਦਲ ਪਰਿਵਾਰ ਵੱਲੋਂ ਸੱਤਾ ਦੀ ਤਾਕਤ ਦੀ ਦੁਰਵਰਤੋਂ ਕਰਦਿਆਂ ਟ੍ਰਾਂਸਪੋਰਟ ਖੇਤਰ ‘ਚ ਹਾਸਿਲ ਕੀਤੇ ਏਕਾਧਿਕਾਰ ਨੂੰ ਕਾਂਗਰਸ ਸਰਕਾਰ ਤੋੜੇਗੀ ਅਤੇ ਬਿਜਨੇਸ ‘ਚ ਸਾਰਿਆਂ ਨੂੰ ਬਰਾਬਰ ਦਾ ਹਿੱਸਾ ਦਿੱਤਾ ਜਾਵੇਗਾ।
ਉਹ ਇਹ ਵੀ ਪੁਖਤਾ ਕਰਨਗੇ ਕਿ ਜਿਨ੍ਹਾਂ ਟ੍ਰਾਂਸਪੋਰਟਰਾਂ ਨੂੰ ਆਪਣੀਆਂ ਬੱਸਾਂ ਬਾਦਲਾਂ ਕੋਲ ਵੇਚਣ ਲਈ ਮਜ਼ਬੂਰ ਕੀਤਾ ਗਿਆ ਸੀ, ਉਨ੍ਹਾਂ ਨੂੰ ਆਪਣੀਆਂ ਬੱਸਾਂ ਵਾਪਿਸ ਹਾਸਿਲ ਕਰਨ ਦਾ ਇਕ ਵਿਕਲਪ ਦਿੱਤਾ ਜਾਵੇ। ਇਸ ਤੋਂ ਇਲਾਵਾ, ਰੂਟਾਂ ਦੇ ਪਰਮਿਟ ਲਾਇਕ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਬੱਸਾਂ ਖ੍ਰੀਦਣ ਵਾਸਤੇ ਅਸਾਨ ਲੋਨ ਵੀ ਦਿੱਤੇ ਜਾਣਗੇ।
ਸਾਬਕਾ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਬਾਦਲ ਪਰਿਵਾਰ, ਦੋਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਬੇਟੇ ਸੁਖਬੀਰ ਬਾਦਲ, ਦਾ ਉਦੇਸ਼ ਸੂਬੇ ਦਾ ਵਿਕਾਸ ਕਰਨਾ ਨਹੀਂ, ਬਲਕਿ ਆਪਣਾ ਵਿਕਾਸ ਕਰਨਾ ਹੈ। ਜਿਨ੍ਹਾਂ ਦੀਆਂ ਜਾਇਦਾਦਾਂ ਕਈ ਕਰੋੜਾਂ ਰੁਪਇਆਂ ਨੂੰ ਪਾਰ ਕਰ ਚੁੱਕੀਆਂ ਹਨ, ਲੇਕਿਨ ਪੰਜਾਬ ਦੀਵਾਲੀਆ ਹੋ ਚੁੱਕਾ ਹੈ। ਨਹੀਂ ਤਾਂ, ਕਿਵੇਂ ਹੋ ਸਕਦਾ ਹੈ ਕਿ ਬਾਦਲਾਂ ਦੇ ਸਾਢੇ ਨੌ ਸਾਲਾਂ ਦੇ ਸ਼ਾਸਨਕਾਲ ਦੌਰਾਨ ਪੰਜਾਬ ਵਰਗਾ ਤਰੱਕੀਸ਼ੀਲ ਸੂਬਾ ਨੈਸ਼ਨਲ ਡਿਵਲਪਮੈਂਟ ਇੰਡੈਕਸ ‘ਚ ਨੰਬਰ ਇਕ ਦੀ ਪੁਜੀਸ਼ਨ ਤੋਂ ਹੇਠਾਂ ਡਿੱਗਦਿਆਂ ਅੱਜ 19ਵੇਂ ਸਥਾਨ ‘ਤੇ ਪਹੁੰਚ ਚੁੱਕਾ ਹੈ। ਟ੍ਰਾਂਸਪੋਰਟ ਇਨ੍ਹਾਂ ਦੇ ਵੱਡੇ ਮਹਿਮਾਨਨਵਾਜੀ, ਏਵੀਏਸ਼ਨ, ਕੇਬਲ, ਸ਼ਰਾਬ, ਰਿਅਲ ਅਸਟੇਟ ਤੇ ਅਜਿਹੀ ਹਰ ਚੀਜ਼ ਜਿਥੋਂ ਪੈਸਾ ਮਿੱਲੇ, ਤੱਕ ਫੈਲ੍ਹੇ ਬਿਜਨੇਸ ਸਾਮਰਾਜ ਦਾ ਸਿਰਫ ਇਕ ਹਿੱਸਾ ਹੈ।

LEAVE A REPLY