Editorial1ਪਿੱਛਲੇ ਹਫ਼ਤੇ, ਮੇਰੇ ਛੋਟੇ ਭਰਾ ਵਿਨੀ ਬੈਂਸ ਦੇ ਅਚਨਚੇਤ ਕੰਬੋਡੀਆ, ਜਿੱਥੇ ਉਹ ਇੱਕ ਵਪਾਰਕ ਫ਼ੇਰੀ ਦੌਰਾਨ ਮੌਜ ਮਸਤੀ ਕਰ ਰਿਹਾ ਸੀ, ਦੇ ਇੱਕ ਹੋਟਲ ਦੇ ਕਮਰੇ ਵਿੱਚ ਦਿਲ ਦੀ ਧੜਕਨ ਰੁੱਕ ਜਾਣ ਕਾਰਨ ਲੰਘੀ 25 ਜੂਨ ਨੂੰ ਇੰਤਕਾਲ ਕਰ ਜਾਣ ‘ਤੇ ਅਸੀਂ ਇਨ੍ਹਾਂ ਕਾਲਮਾਂ ਵਿੱਚ ਰੱਬ ਦੀ ਹੋਂਦ ਅਤੇ ਇਸ ਸੰਸਾਰ ਵਿੱਚ ਮਨੁੱਖ, ਜਿਸ ਦਾ ਅੰਤ ਕਬਰ ਵਿੱਚ ਦਫ਼ਨਾਏ ਜਾਣਾ ਜਾਂ ਸਵਾਹ ਹੋਣਾ ਹੈ, ਦੀ ਜ਼ਿੰਦਗੀ ਦੀ ਵੁੱਕਤ ਨੂੰ ਲੈ ਕੇ ਮਨੁੱਖੀ ਦੁਬਿਧਾ ਦਾ ਜ਼ਿਕਰ ਕੀਤਾ ਸੀ। ਸ਼ਾਇਦ ਪਾਠਕਾਂ ਨੂੰ ਪਿੱਛਲੇ ਹਫ਼ਤੇ ਦੇ ਮੇਰੇ ਲੇਖ ਵਿੱਚ ਵਿਲੀਅਮ ਲੇਨ ਕ੍ਰੇਗ ਦਾ ਜ਼ਿਕਰ ਵੀ ਚੇਤੇ ਹੋਵੇ। ਇੱਕ ਵਾਰ ਫ਼ਿਰ ਚੇਤੇ ਕਰਾਉਂਦਾ ਜਾਵਾਂ, ਵਿਲੀਅਮ ਕ੍ਰੇਗ ਲਾ ਮਿਰਾਡਾ ਕੈਲੇਫ਼ੋਰਨੀਆ ਦੇ ਟੈਲਬਟ ਸਕੂਲ ਔਫ਼ ਥਿਔਲੋਜੀ (ਧਰਮਸ਼ਾਸਤਰ) ਵਿੱਚ ਇੱਕ ਰੀਸਰਚ ਪ੍ਰੋਫ਼ੈਸਰ ਨਿਯੁਕਤ ਹੈ। ਉਹ ਕਿੱਤੇ ਤੋਂ ਇੱਕ ਅਪੌਲੋਜਿਸਟ (ਖ਼ਿਮਾਜਾਚਕ), ਬੁਲਾਰਾ ਅਤੇ ਡੀਬੇਟਰ ਹੈ, ਅਤੇ ਉਸ ਦੀ ਕਿਤਾਬ ‘ਰੀਜ਼ਨੇਬਲ ਫ਼ੇਥ’ ਧਰਮਸ਼ਾਸਤਰ ਦੇ ਪਿੜ ਵਿੱਚ ਕਾਫ਼ੀ ਚਰਚਿਤ ਹੈ। ਅਪੌਲੋਜੈਟਿਕਸ, ਧਰਮਸ਼ਾਸਤਰ ਦੀ ਉਹ ਸ਼ਾਖਾ ਹੈ ਜਿਸ ਦਾ ਸਰੋਕਾਰ ਇਸਾਈ ਮਤ ਦੇ ਸਿਧਾਂਤਾਂ ਦਾ ਸਮੱਰਥਨ ਕਰਨ ਅਤੇ ਲੋੜ ਪੈਣ ‘ਤੇ ਉਨ੍ਹਾਂ ਬਾਰੇ ਸਪੱਸ਼ਟੀਕਰਨ ਦੇਣ ਨਾਲ ਹੈ। ਇੱਕ ਅਪੌਲੋਜੈਟਿਕ ਸਵਾਲ ਜਿਸ ਨਾਲ ਕ੍ਰਿਸਚੀਅਨ ਧਰਮਸ਼ਾਸਤਰੀਆਂ ਨੂੰ ਨਜਿੱਠਣਾ ਹੀ ਪੈਣੈ ਉਹ ਹੈ ਮਨੁੱਖੀ ਦੁਬਿਧਾ ਜਿਸ ਦਾ ਜ਼ਿਕਰ ਮੈਂ ਉੱਪਰ ਕੀਤਾ ਹੈ, ਭਾਵ ਜੇਕਰ ਇਸ ਸੰਸਾਰ ਵਿੱਚ ਧਰਮ ਦੀ ਕੋਈ ਹੋਂਦ ਹੀ ਸਥਾਪਿਤ ਨਾ ਹੋ ਸਕੀ ਤਾਂ ਇੱਕ ਨਾਸਤਕ ਸਮਾਜ ਵਿੱਚ ਮਨੁੱਖੀ ਜੀਵਨ ਦੀ ਅਹਿਮੀਅਤ ਕੀ ਹੋਵੇਗੀ! ਤਰਕ ਨਾਲ ਵਿਚਾਰਿਆ ਜਾਵੇ ਤਾਂ ਇਸ ਸਵਾਲ ਦਾ ਜਵਾਬ ਰੱਬ ਦੀ ਹੋਂਦ ਸਵੀਕਾਰਣ ਜਾਂ ਅਸਵੀਕਾਰਣ ਤੋਂ ਵੀ ਪਹਿਲਾਂ ਦਿੱਤਾ ਜਾਣਾ ਬਣਦੈ।
ਖ਼ਿਮਾਜਾਚਕਾਂ ਦਾ ਇਤਿਹਾਸਕ ਪਿਛੋਕੜ
ਮਨੁੱਖੀ ਦੁਬਿਧਾ ਦੇ ਆਧਾਰ ‘ਤੇ ਇਸਾਈ ਮਤ ਵਿੱਚ ਅਪੌਲੋਜੈਟਿਕਸ ਦਾ ਉਭਾਰ ਮਨੁੱਖੀ ਇਤਿਹਾਸ ਦਾ ਇੱਕ ਬਹੁਤ ਹੀ ਤਾਜ਼ਾਤਰੀਨ ਰੁਝਾਨ ਮੰਨਿਆ ਜਾਂਦਾ ਹੈ ਜਿਸ ਦਾ ਸਬੰਧ ਫ਼ਰਾਂਸਿਸ ਸ਼ਾਇਫ਼ਰ (1912-1984) ਨਾਲ ਜੋੜਿਆ ਜਾਂਦਾ ਹੈ। ਫ਼ਰਾਂਸਿਸ ਇੱਕ ਇਵੈਂਜਲੀਕਲ ਇਸਾਈ ਧਰਮਸ਼ਾਸਤਰੀ, ਪਾਦਰੀ ਅਤੇ ਫ਼ਿਲੌਸਫ਼ਰ ਸੀ। ਅਕਸਰ ਇਨ੍ਹਾਂ ਲੋਕਾਂ ਨੂੰ ‘ਸਭਿਆਚਾਰਕ ਖ਼ਿਮਾਜਾਚਕ’ ਕਿਹਾ ਜਾਂਦਾ ਹੈ ਕਿਉਂਕਿ ਇਹ ਇਸਾਈ ਮਤ ਦੇ ਪਸਾਰ ਤੋਂ ਬਾਅਦ ਪਨਪਨ ਵਾਲੇ ਸਭਿਆਚਾਰ ਨੂੰ ਆਪਣੀ ਸਮੀਖਿਆ ਦਾ ਵਿਸ਼ਾ ਬਣਾਉਂਦੇ ਹਨ। ਖ਼ਿਮਾਜਾਚਕਾਂ ਦੀ ਇਹ ਪਹੁੰਚ ਧਾਰਮਿਕ ਖ਼ਿਮਾਜਾਚਕਾਂ ਦੇ ਰਸਮੀ ਮੌਡਲ ਤੋਂ ਬਿਲਕੁਲ ਵੱਖਰੀ ਇਸ ਲਿਹਾਜ਼ ਤੋਂ ਹੈ ਕਿ ਉਹ ਗਿਆਨਵਾਦ ਦੇ ਵਿਸ਼ੇ ਜਾਂ ਇਲਮ ਦੇ ਫ਼ਲਸਫ਼ੇ ‘ਤੇ ਕੋਈ ਗੱਲ ਨਹੀਂ ਕਰਦੇ। ਦਰਅਸਲ, ਉਨ੍ਹਾਂ ਦੀ ਇਹ ਪਹੁੰਚ ਕਿਸੇ ਵੀ ਪੱਖੋਂ ਇਸਾਈ ਮਤ ਨੂੰ ਸਾਕਾਰਾਤਮਕ ਰੂਪ ਵਿੱਚ ਸੱਚਾ ਦਿਖਾਉਣ ਦੀ ਕੋਸ਼ਿਸ ਨਹੀਂ ਕਰਦੀ; ਇਸਾਈ ਖ਼ਿਮਾਜਾਚਕ ਤਾਂ ਕੇਵਲ ਇਸ ਗੱਲ ਦੀ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਜੇਕਰ ਇਸਾਈ ਮਤ ਝੂਠਾ ਸਾਬਿਤ ਹੋ ਜਾਂਦਾ ਹੈ ਤਾਂ ਫ਼ਿਰ ਉਸ ਸੂਰਤ ਵਿੱਚ ਇਸ ਬ੍ਰਹਿਮੰਡ ਵਿੱਚ ਮਨੁੱਖੀ ਹੋਂਦ, ਸਮਾਜ ਅਤੇ ਸਭਿਆਚਾਰ ਦਾ ਕੀ ਅਰਥ ਰਹਿ ਜਾਵੇਗਾ। ਇਸ ਸੰਦਰਭ ਵਿੱਚ, ਉਨ੍ਹਾਂ ਦਾ ਇਹ ਖ਼ਿਆਲ ਜਾਂ ਸਵਾਲ ਕੁਝ ਹੱਦ ਤਕ ਆਸਤਿਤਵਵਾਦ (existentialism) ਨਾਲ ਰਲ਼ਦਾ ਮਿਲਦਾ ਲਗਦਾ ਹੈ: ਇਸ ਵਿਚਾਰਧਾਰਕ ਸਵਾਲ ਦੇ ਵੀ ਅਗਾਊਂ ਸੂਚਕ ਉਹੀ ਸਨ ਜਿਹੜੇ ਮਨੁੱਖੀ ਹੋਂਦ ਨੂੰ ਲੈ ਕੇ ਸ਼ੁਰੂ ਹੋਈ ਆਸਤਿਤਵਵਾਦ ਦੀ ਬਹਿਸ ਸ਼ੁਰੂ ਹੋਣ ਵਕਤ ਰਹੇ ਸਨ, ਅਤੇ ਕ੍ਰਿਸਚੀਅਨ ਅਪੌਲੋਜੈਟਿਕ ਸੋਚ ਤਹਿਤ ਮਨੁੱਖੀ ਦੁਬਿਧਾ ਨੂੰ ਲੈ ਕੇ ਕੀਤੀ ਗਈ ਬਹੁਤੀ ਸਮੀਖਿਆ ਆਪਣੀ ਪ੍ਰੇਰਨਾ 20ਵੀਂ ਸਦੀ ਦੇ ‘ਨਾਸਤਿਕ ਆਸਤਿਤਵਵਾਦ’ (atheist existentialism) ਤੋਂ ਹੀ ਲੈਂਦੀ ਹੈ।
ਬੇਲਜ਼ ਪਾਸਕਾਲ
ਮਨੁੱਖ ਦੇ ਜੀਵਨ ਦੀ ਅਹਿਮੀਅਤ ਨੂੰ ਲੈ ਕੇ ਮਨੁੱਖੀ ਦੁਬਿਧਾ ਬਾਰੇ ਇਸਾਈ ਖ਼ਿਮਾਜਾਚਨਾ ਦੀ ਪਹਿਲੀ ਉਦਾਹਰਣ ਫ਼ਰਾਂਸੀਸੀ ਹਿਸਾਬਦਾਨ ਅਤੇ ਭੌਤਿਕ ਵਿਗਿਆਨੀ, ਬਲੇਜ਼ ਪਾਸਕਾਲ (1632-1662), ਦੀ ਕਿਤਾਬ ‘ਪਾਂਸੇ’ (Pensées) ਵਿੱਚ ਦੇਖਣ ਨੂੰ ਮਿਲਦੀ ਹੈ। 17ਵੀਂ ਸਦੀ ਵਿੱਚ ਲਿਖੀ ਗਈ ਇਹ ਕਿਤਾਬ, ਦਰਅਸਲ, ਧਰਮਸ਼ਾਸਤਰ ਅਤੇ ਫ਼ਲਸਫ਼ੇ ‘ਤੇ ਪਾਸਕਾਲ ਦੇ ਟੁਕੜਿਆਂ ਵਿੱਚ ਲਿਖੇ ਗਏ ਨੋਟਸ ਦਾ ਇੱਕ ਸੰਗ੍ਰਹਿ ਹੈ। 1654 ਵਿੱਚ ਯਸੂ ਮਸੀਹ ਵਿੱਚ ਆਪਣੇ ਨਿੱਜੀ ਵਿਸ਼ਵਾਸ ਕਾਰਨ, ਪਾਸਕਾਲ ਨੇ ਇਸਾਈ ਮਤ ਦੇ ਹੱਕ ਵਿੱਚ ਕੁਝ ਲਿਖਣ ਦੀ ਯੋਜਨਾ ਬਣਾਈ ਅਤੇ ਉਸ ਦਾ ਸਿਰਲੇਖ ਰੱਖਿਆ ”ਲਾ’ਪੌਲੋਯੀ ਦ ਲਾ ਰਿਲੀਜੀਓਂ ਕ੍ਰੈਤੀਐੱਨ” (L’Apologie de la religion chrétienne), ਭਾਵ ਇਸਾਈ ਮਤ ਵਲੋਂ ਖ਼ਿਮਾਜਾਚਨਾ। ਪਾਸਕਾਲ 39 ਵਰ੍ਹਿਆਂ ਦੀ ਛੋਟੀ ਜਿਹੀ ਉਮਰ ਵਿੱਚ ਇੱਕ ਖ਼ਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਕੇ ਇਸ ਸੰਸਾਰ ਤੋਂ ਚੜ੍ਹਾਈ ਕਰ ਗਿਆ, ਅਤੇ ਆਪਣੇ ਪਿੱਛੇ ਇਸ ਵਿਸ਼ੇ ‘ਤੇ ਕੀਤੇ ਹੋਏ ਆਪਣੇ ਕੰਮ ਦੇ ਸੈਂਕੜੇ ਹੀ ਨੋਟਸ ਛੱਡ ਗਿਆ ਜਿਨ੍ਹਾਂ ਨੂੰ ਉਸ ਦੇ ਮਰਨ ਉਪਰੰਤ ‘ਪਾਂਸੇ’ ਦੇ ਸਿਰਲੇਖ ਹੇਠ ਇੱਕ ਕਿਤਾਬ ਦੀ ਸ਼ਕਲ ਵਿੱਚ ਛਾਪਿਆ ਗਿਆ। ਇਸ ਕਿਤਾਬ ਵਿੱਚ ਪਾਸਕਾਲ ਨੇ ਇਸਾਈ ਮਤ ਜਾਂ ਯਸੂ ਮਸੀਹ ਨੂੰ ਆਪਣੀ ਪਹੁੰਚ ਦਾ ਧੁਰਾ ਬਣਾ ਕੇ ਹੀ ਆਪਣਾ ਸਾਰਾ ਅਧਿਐਨ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਇਸਾਈ ਮਤ ਦੋ ਸੱਚ ਸਿਖਾਉਂਦੈ: ਇੱਕ ਤਾਂ ਇਹ ਕਿ ਇਸ ਸੰਸਾਰ ਦਾ ਕਰਤਾ ਧਰਤਾ ਇੱਕ ਰੱਬ ਹੈ ਜਿਸ ਨੂੰ ਬੰਦੇ ਸਮਝ ਸਕਣ ਦੇ ਕਾਬਿਲ ਹਨ, ਅਤੇ ਮਨੁੱਖਾਂ ਵਿੱਚ ਭ੍ਰਿਸ਼ਟਤਾ ਦੇ ਵਿਕਾਰ ਦਾ ਅਜਿਹਾ ਕਣ ਮੌਜੂਦ ਹੈ ਜਿਹੜਾ ਉਸ ਨੂੰ ਰੱਬ ਪ੍ਰਾਪਤੀ ਦੇ ਅਯੋਗ ਬਣਾਈ ਰੱਖਦਾ ਹੈ। ਬੰਦੇ ਦੀ ਦੁਰਦਸ਼ਾ ਜਾਂ ਦੁਬਿਧਾ ਨੂੰ ਸਮਝੇ ਬਗ਼ੈਰ ਰੱਬ ਬਾਰੇ ਗਿਆਨ ਪ੍ਰਾਪਤੀ ਗ਼ਰੂਰ ਜਾਂ ਹੰਕਾਰ ਨੂੰ ਜਨਮ ਦਿੰਦੀ ਹੈ, ਪਰ ਯਸੂ ਮਸੀਹ ਬਾਰੇ ਗਿਆਨ ਮਨੁੱਖ ਨੂੰ ਇੱਕੋ ਸਮੇਂ ਮਨੁੱਖ ਦੀ ਦੁਰਦਸ਼ਾ ਅਤੇ ਰੱਬ ਦੋਹਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਪਾਸਕਾਲ ਸਾਨੂੰ ਇਸ ਸੰਸਾਰ ਨੂੰ ਕ੍ਰਿਸਚੀਅਨ ਨਜ਼ਰੀਏ ਤੋਂ ਦੇਖਣ ਦਾ ਸੱਦਾ ਦਿੰਦਾ ਹੈ ਅਤੇ ਸਾਨੂੰ ਇਹ ਨਰੀਖਣ ਕਰਨ ਨੂੰ ਵੀ ਕਹਿੰਦਾ ਹੈ ਕਿ ਇਹ ਦੋਹੇਂ ਸੱਚ ਇਸਾਈ ਮਤ ਰਾਹੀਂ ਸਾਬਿਤ ਹੁੰਦੇ ਹਨ ਜਾਂ ਨਹੀਂ। ਪਾਸਕਾਲ ਦੇ ਮੁਆਫ਼ੀਨਾਮੇ ਦੇ ਦੋ ਭਾਗ ਹਨ: ਪਹਿਲੇ ਭਾਗ ਵਿੱਚ ਉਹ ਰੱਬ ਦੀ ਅਣਹੋਂਦ ਦੀ ਸੂਰਤ ਵਿੱਚ ਮਨੁੱਖ ਦੀ ਦੁਰਦਸ਼ਾ ਦਾ ਮੁਜ਼ਾਹਰਾ ਕਰਦਾ ਹੈ (ਕਿ ਮਨੁੱਖ ਦੀ ਖ਼ਸਲਤ ਕੁਦਰਤਨ ਭ੍ਰਿਸ਼ਟ ਹੈ) ਅਤੇ ਦੂਸਰੇ ਹਿੱਸੇ ਵਿੱਚ ਉਹ ਪ੍ਰਭੂ ਯਸੂ ਮਸੀਹ ਬਾਰੇ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ ਮਨੁੱਖ ਨੂੰ ਮਿਲਣ ਵਾਲੀ ਅਸੀਮਿਤ ਖ਼ੁਸ਼ੀ ਦਿਖਾਉਂਦੈ (ਕਿ ਇਨਸਾਨ ਨੂੰ ਇਹ ਜਾਣ ਕੇ ਅਤਿਅੰਤ ਪ੍ਰਸੰਨਤਾ ਮਹਿਸੂਸ ਹੁੰਦੀ ਹੈ ਕਿ ਪ੍ਰਭੂ ਯਸੂ ਮਸੀਹ ਦੇ ਰੂਪ ਵਿੱਚ ਉਸ ਦਾ ਕੋਈ ਮੁਕਤੀਦਾਤਾ ਇਸ ਸੰਸਾਰ ਵਿੱਚ ਅਤੇ ਇਸ ਤੋਂ ਬਾਅਦ ਵਾਲੇ ਜਹਾਨ ਵਿੱਚ ਵੀ ਮੌਜੂਦ ਹੈ ਤੇ ਸਦਾ ਰਹੇਗਾ)। ਇਸ ਆਖ਼ਰੀ ਨੁਕਤੇ ਦੇ ਸੰਦਰਭ ਵਿੱਚ ਪਾਸਕਾਲ ਸਾਨੂੰ ਪ੍ਰਭੂ ਦੀਆਂ ਕਰਾਮਾਤਾਂ ਅਤੇ ਖ਼ਾਸ ਤੌਰ ‘ਤੇ ਪਹਿਲਾਂ ਤੋਂ ਸੱਚੀਆਂ ਸਾਬਿਤ ਹੋ ਚੁੱਕੀਆਂ ਭਵਿੱਖਬਾਣੀਆਂ ‘ਤੇ ਗ਼ੌਰ ਕਰਨ ਦੀ ਬੇਨਤੀ ਕਰਦੈ। ਬੰਦੇ ਦੀ ਦੀਨਤਾ ਨੂੰ ਸਾਬਿਤ ਕਰਦਾ ਹੋਇਆ ਪਾਸਕਾਲ ਮਨੁੱਖ ਦੀ ਦੁਬਿਧਾ ਦੀਆਂ ਗੰਢਾਂ ਖੋਲ੍ਹਣ ਦਾ ਯਤਨ ਵੀ ਕਰਦੈ। ਉਸ ਲਈ ਮਨੁੱਖ ਦੀ ਇਹ ਅੱਧੋਗਤੀ ਵਾਲੀ ਸਥਿਤੀ ਇੱਕ ਤਰ੍ਹਾਂ ਦੀ ਬੁਝਾਰਤ ਹੈ। ਕਿਉਂਕਿ ਬੰਦਾ ਇੱਕੋ ਸਮੇਂ ‘ਤੇ ਅਤਿਅੰਤ ਦੁਖੀ ਅਤੇ ਮਹਾਨ ਦੋਹੇਂ ਚੀਜ਼ਾਂ ਹੈ। ਉਸ ਦੀ ਇਸ ਨਿਰਾਸ਼ਾਜਨਕ ਹਾਲਤ ਲਈ ਪ੍ਰਮੁੱਖ ਤੌਰ ‘ਤੇ ਉਸ ਦੇ ਮਨ ਅੰਦਰਲੀ ਅਨਿਸ਼ਚਿਤਤਾ ਅਤੇ ਨਿਰਅਰਥਤਾ ਜ਼ਿੰਮੇਵਾਰ ਹਨ।
ਪਾਸਕਾਲ ਕਹਿੰਦਾ ਹੈ ਕਿ ਤਰਕ ਅਤੇ ਕੁਦਰਤ ਇਸ ਗੱਲ ਬਾਰੇ ਸਾਨੂੰ ਕੋਈ ਵੀ ਫ਼ੈਸਲਾਕੁੰਨ ਸਬੂਤ ਨਹੀਂ ਦੇ ਸਕੇ ਕਿ ਰੱਬ ਦੀ ਸੱਚਮੁੱਚ ਕੋਈ ਹੋਂਦ ਹੈ ਜਾਂ ਫ਼ਿਰ ਕਿਤੇ ਇਹ ਮਨੁੱਖ ਦੇ ਸਿਰਜਣਾਤਮਕ ਦਿਮਾਗ਼ ਦੀ ਕਾਲਪਨਿਕ ਉਪਜ ਹੀ ਤਾਂ ਨਹੀਂ। ਜਦੋਂ ਮਨੁੱਖ ਆਪਣੇ ਆਲੇ ਦੁਆਲੇ ਨੂੰ ਦੇਖਦਾ ਹੈ ਤਾਂ ਉਸ ਨੂੰ ਆਪਣੇ ਚਾਰੇ ਪਾਸੇ ਹਨ੍ਹੇਰਾ ਅਤੇ ਅਸਪਸ਼ਟਤਾ ਹੀ ਪਸਰੇ ਦਿਖਾਈ ਦਿੰਦੇ ਹਨ। ਬੰਦੇ ਨੂੰ ਇਸ ਤੱਥ ਦੀ ਸਮਝ ਪੈ ਜਾਣੀ ਚਾਹੀਦੀ ਹੈ ਕਿ ਉਸ ਦੀ ਔਕਾਤ ਸਮੇਂ ਅਤੇ ਅੰਤ੍ਰਿਕਸ਼ ਦੇ ਪਸਾਰੇ ਵਿੱਚ ਗੁਆਚੇ ਹੋਏ ਇੱਕ ਤੁੱਛ ਜਿਹੇ ਕਿਣਕੇ ਤੋਂ ਵੱਧ ਹੋਰ ਕੁਝ ਵੀ ਨਹੀਂ। ਇਸ ਧਰਤੀ ਉੱਪਰ ਮਨੁੱਖ ਦੀ ਥੁੜ੍ਹਚਿਰੀ ਹੋਂਦ ਦੋਹਾਂ ਪਾਸਿਆਂ ਤੋਂ ਅਨੰਤਤਾ ਨਾਲ ਬੱਝੀ ਪਈ ਹੈ। ਇਸ ਬ੍ਰਹਿਮੰਡ ਵਿੱਚ ਉਸ ਦਾ ਵਜੂਦ ਇਸ ਦੀ ਨਾ ਮਿਣੀ ਜਾ ਸਕਣ ਵਾਲੀ ਅਸੀਮਤਾ ਵਿੱਚ ਕਿਤੇ ਗੁਆਚਿਆ ਫ਼ਿਰਦੈ, ਅਤੇ ਮਨੁੱਖ ਆਪਣੇ ਅੰਦਰ ਮੌਜੂਦ ਅਸੀਮਿਤ ਸੂਖਮ ਸੰਸਾਰ ਅਤੇ ਆਪਣੇ ਤੋਂ ਬਾਹਰ ਮੌਜੂਦ ਅਸੀਮਿਤ ਕਾਇਨਾਤ ਦਰਮਿਆਨ ਝੂਲਦਾ ਹੋਇਆ ਮਹਿਸੂਸ ਕਰਦੈ। ਅਨਿਸ਼ਚਿਤ ਪਰ ਆਜ਼ਾਦ, ਇਨਸਾਨ ਇਸ ਜਹਾਨ ਵਿੱਚ ਇੱਕ ਅਰਥਭਰਪੂਰ ਅਤੇ ਖ਼ੁਸ਼ੀ ਭਰਪੂਰ ਜ਼ਿੰਦਗੀ ਜਿਊਣ ਦੇ ਆਪਣੇ ਯਤਨਾਂ ਵਿੱਚ ਗੱਚਾ ਖਾ ਕੇ ਗ਼ਲਤੀਆਂ ਕਰਦੈ। ਉਸ ਦੀ ਇਸ ਹਾਲਤ ਦੇ ਲੱਛਣ ਹਨ ਰੱਬ ਦੀ ਗ਼ੈਰਹਾਜ਼ਰੀ ਵਿੱਚ ਬੇਯਕੀਨੀ ਦਾ ਆਲਮ, ਬੋਰੀਅਤ ਅਤੇ ਚਿੰਤਾ। ਸਹਿ-ਮਨੁੱਖਾਂ ਨਾਲ ਉਸ ਦੇ ਰਿਸ਼ਤੇ ਸਵੈ-ਪ੍ਰੇਮ ਕਾਰਨ ਪ੍ਰਭਾਵਿਤ ਹੁੰਦੇ ਹਨ, ਖ਼ਰਾਬ ਹੁੰਦੇ ਹਨ, ਕਿਉਂਕਿ ਇਸ ਤਰ੍ਹਾਂ ਨਾਲ ਸਿਰਜੇ ਸਮਾਜ ਦੀ ਹੋਂਦ ਪਰਸਪਰ ਧੋਖ਼ੇਬਾਜ਼ੀ (ਇੱਕ ਦੂਜੇ ਨੂੰ ਧੋਖ਼ਾ ਦੇ ਕੇ ਅੱਗੇ ਵਧਣ ਦੇ ਰੁਝਾਨ) ‘ਤੇ ਆਧਾਰਿਤ ਹੁੰਦੀ ਹੈ। ਮਨੁੱਖ ਦਾ ਇਨਸਾਫ਼ ਕਮਜ਼ੋਰ ਅਤੇ ਸਾਪੇਖ ਹੈ, ਭਾਵ ਉਸ ਦੀਆਂ ਕਦਰਾਂ ਕੀਮਤਾਂ ਦਾ ਇਸ ਸੰਸਾਰ ਵਿੱਚ ਕੋਈ ਸਰਵਪ੍ਰਵਾਨਿਤ ਸਟੈਂਡਰਡ ਸੈੱਟ ਨਹੀਂ। ਮਨੁੱਖੀ ਦੁਬਿਧਾ ਦਾ ਗਿਆਨ ਹੋਣ ਦੇ ਬਾਵਜੂਦ ਬਹੁਤੇ ਲੋਕ ਇਨ੍ਹਾਂ ਸਵਾਲਾਂ ਦੇ ਉੱਤਰ ਭਾਲਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਆਪਣੀ ਦੁਬਿਧਾ ਬਾਰੇ ਸੋਚਦੇ ਨਹੀਂ ਸਗੋਂ ਉਹ ਇਨ੍ਹਾਂ ਸਵਾਲਾਂ ਤੋਂ ਬੱਚ ਕੇ ਦੌੜਨ ਦੀ ਫ਼ਿਰਾਕ ਵਿੱਚ ਰਹਿੰਦੇ ਹਨ।
ਮਨੁੱਖੀ ਜੀਵਨ ਦਾ ਅੰਤ ਵਿੱਚ ਕੋਈ ਮੰਤਵ ਨਹੀਂ
ਜੇਕਰ ਹਰ ਮਨੁੱਖ ਨੇ ਮਰਨ ਉਪਰੰਤ ਇੱਕ ਦਿਨ ਇਸ ਮਿੱਟੀ ਵਿੱਚ ਹੀ ਮਿਲ ਜਾਣੈ ਤਾਂ ਫ਼ਿਰ ਉਸ ਦੇ ਜੀਵਨ ਦਾ ਅੰਤਿਮ ਮੰਤਵ ਕੀ ਸਮਝਿਆ ਜਾਣਾ ਚਾਹੀਦੈ ਜਾਂ ਉਸ ਦੇ ਜੀਵਨ ਨੂੰ ਕੀ ਅਰਥ ਦਿੱਤਾ ਜਾਣਾ ਚਾਹੀਦੈ? ਅੰਤ ਨੂੰ ਕੀ ਇਸ ਗੱਲ ਨਾਲ ਕੋਈ ਫ਼ਰਕ ਪੈਂਦੈ ਕਿ ਅਸੀਂ ਇਸ ਧਰਤੀ ‘ਤੇ ਕਦੇ ਜਨਮ ਲਿਆ ਵੀ ਸੀ? ਹਾਂ ਇਹ ਠੀਕ ਹੈ, ਮਰਨ ਵਾਲੇ ਬੰਦੇ ਦੀ ਜ਼ਿੰਦਗੀ ਕੁਝ ਖ਼ਾਸ ਘਟਨਾਵਾਂ ਦੇ ਸੰਦਰਭ ਵਿੱਚ ਮਹੱਤਵਪੂਰਨ ਰਹੀ ਹੋ ਸਕਦੀ ਹੈ, ਪਰ ਉਨ੍ਹਾਂ ਘਟਨਾਵਾਂ ਦਾ ਵੀ ਆਖ਼ਿਰ ਵਿੱਚ ਕੀ ਮਹੱਤਵ? ਜੇਕਰ ਹਰ ਸ਼ੈਅ ਨੇ ਇੱਕ ਦਿਨ ਖ਼ਤਮ ਹੀ ਹੋ ਜਾਣੈ ਤਾਂ ਫ਼ਿਰ ਇਸ ਨਾਲ ਕੀ ਫ਼ਰਕ ਪੈਂਦੈ ਕਿ ਤੁਸੀਂ ਕਿਸੇ ਚੀਜ਼ ਜਾਂ ਹਾਲਾਤ ਵਿੱਚ ਕੋਈ ਫ਼ਰਕ ਪਾਇਆ ਹੈ ਜਾਂ ਨਹੀਂ? ਅੰਤ ਨੂੰ, ਇਨ੍ਹਾਂ ਸਭ ਚੀਜ਼ਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਪਰੋਕਤ ਹਾਲਤ ਵਿੱਚ ਮਨੁੱਖ ਜਾਤੀ ਦੀ ਫ਼ਿਰ ਮੱਛਰਾਂ ਦੇ ਕਿਸੇ ਦਲ ਜਾਂ ਵਾੜੇ ਵਿੱਚ ਤਾੜੇ ਹੋਏ ਸੂਰਾਂ ਦੇ ਇੱਕ ਝੁੰਡ ਨਾਲੋਂ ਵੱਧ ਕੀਮਤ ਤਾਂ ਨਹੀਂ ਕਹੀ ਜਾ ਸਕਦੀ ਕਿਉਂਕਿ ਇਨ੍ਹਾਂ ਤਿੰਨੋਂ ਕਿਸਮਾਂ ਦੇ ਪ੍ਰਾਣੀਆਂ ਦਾ ਅੰਤ ਹੋਣਾ ਤੈਅ ਹੈ। ਉਹੀ ਅੰਨ੍ਹੀ ਬ੍ਰਹਿਮੰਡੀ ਪ੍ਰਕਿਰਿਆ ਜਿਸ ਨੇ ਖੰਗਾਰ ਕੇ ਇੱਕ ਦਿਨ ਇਨ੍ਹਾਂ ਨੂੰ ਇਸ ਧਰਤੀ ‘ਤੇ ਸੁੱਟਿਆ ਸੀ, ਉਹੀ ਇਨ੍ਹਾਂ ਸਾਰਿਆਂ ਨੂੰ ਅੰਤ ਵਿੱਚ ਇੱਕ ਦਿਨ ਡਕਾਰ ਜਾਵੇਗੀ। ਮਨੁੱਖੀ ਗਿਆਨ ਨੂੰ ਅੱਗੇ ਵਧਾਉਣ ਦੀਆਂ ਵਿਗਿਆਨੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ; ਡਾਕਟਰਾਂ ਦੀਆਂ ਮਨੁੱਖਤਾ ਨੂੰ ਪੀੜਾ ਤੇ ਕਸ਼ਟ ਤੋਂ ਮੁਕਤ ਕਰਨ ਲਈ ਕੀਤੀਆਂ ਜਾਂਦੀਆਂ ਸਾਰੀਆਂ ਖੋਜਾਂ; ਕੂਟਨੀਤਕਾਂ ਵਲੋਂ ਵਿਸ਼ਵ ਵਿੱਚ ਸ਼ਾਂਤੀ ਕਾਇਮ ਕਰਨ ਤੇ ਸਥਾਪਿਤ ਰੱਖਣ ਦੇ ਸਾਰੇ ਉਪਰਾਲੇ; ਮਨੁੱਖੀ ਨਸਲ ਦੀ ਬਿਹਤਰੀ ਲਈ ਸਭ ਥਾਂਈਂ ਭਲੇ ਲੋਕਾਂ ਵਲੋਂ ਦਿੱਤੀਆਂ ਗਈਆਂ ਅਤੇ ਦਿੱਤੀਆਂ ਜਾ ਰਹੀਆਂ ਸਾਰੀਆਂ ਕੁਰਬਾਨੀਆਂ, ਆਦਿ ਸਭ ਦਾ ਮੰਤਵ ਤੇ ਮਹੱਤਵ ਅੰਤ ਵਿੱਚ ਕੁਝ ਵੀ ਨਹੀਂ। ਇਹ ਅੱਜ ਦੇ ਆਧੁਨਿਕ ਮਨੁੱਖ ਦਾ ਸਭ ਤੋਂ ਵੱਡਾ ਭੈਅ ਹੈ: ਕਿਉਂਕਿ ਉਸ ਦੀ ਕੀਮਤ ਮਿੱਟੀ ਵਿੱਚ ਮਿਲ ਕੇ ਅੰਤ ਵਿੱਚ ਕੁਝ ਨਹੀਂ ਇਸ ਲਈ ਮਨੁੱਖੀ ਜੀਵਨ ਦਾ ਮੰਤਵ ਵੀ ਕੁਝ ਨਹੀਂ।
ਪਰ ਇਹ ਸਮਝਣਾ ਜ਼ਰੂਰੀ ਹੈ ਕਿ ਮਨੁੱਖ ਲਈ ਅਮਰਤਾ ਨਾਲੋਂ ਵੱਧ ਉਸ ਦੇ ਜੀਵਨ ਦਾ ਅਰਥਭਰਪੂਰ ਹੋਣਾ ਵਧੇਰੇ ਮਹੱਤਵਪੂਰਨ ਹੈ। ਉਸ ਦੀ ਇਸ ਧਰਤੀ ‘ਤੇ ਹੋਂਦ ਦੀ ਮਿਆਦ, ਭਾਵ ਸਾਲਾਂ ਦੀ ਗਿਣਤੀ, ਹੀ ਸਿਰਫ਼ ਉਸ ਦੀ ਜ਼ਿੰਦਗੀ ਨੂੰ ਅਰਥਭਰਪੂਰ ਨਹੀਂ ਬਣਾ ਸਕਦੀ। ਜੇਕਰ ਬੰਦਾ ਅਤੇ ਇਹ ਸ੍ਰਿਸ਼ਟੀ ਹਮੇਸ਼ਾ ਲਈ ਕਾਇਮ ਰਹਿ ਜਾਣ, ਪਰ ਇੱਥੇ ਰੱਬ ਦੀ ਕੋਈ ਹੋਂਦ ਨਾ ਹੋਵੇ ਤਾਂ ਵੀ ਮਨੁੱਖਾਂ ਦੀ ਹੋਂਦ ਦਾ ਕੋਈ ਮਹੱਤਵ ਨਹੀਂ ਰਹੇਗਾ। ਕ੍ਰੇਗ ਵਿਲੀਅਮ ਅੱਗੇ ਲਿਖਦੈ: ”ਇੱਕ ਵਾਰ ਮੈਂ ਇੱਕ ਸਾਇੰਸ ਫ਼ਿਕਸ਼ਨ ਦੀ ਕਹਾਣੀ ਪੜ੍ਹ ਰਿਹਾ ਸਾਂ ਜਿਸ ਵਿੱਚ ਇੱਕ ਪੁਲਾੜ ਯਾਤਰੀ ਅੰਤ੍ਰਿਕਸ਼ ਵਿੱਚ ਇੱਕ ਬੰਜਰ ਪੱਥਰ ਦੇ ਟੁਕੜੇ ‘ਤੇ ਅਟਕਿਆ ਪਿਆ ਸੀ। ਉਸ ਪਾਸ ਦੋ ਛੋਟੀਆਂ ਸ਼ੀਸ਼ੀਆਂ ਮੌਜੂਦ ਸਨ; ਇੱਕ ਵਿੱਚ ਜ਼ਹਿਰ ਸੀ ਅਤੇ ਦੂਸਰੀ ਵਿੱਚ ਅਮਰਤਾ ਦੇਣ ਵਾਲੀ ਇੱਕ ਕਰਾਮਾਤੀ ਔਸ਼ਧੀ। ਆਪਣੀ ਇਸ ਦੁਬਿਧਾ ਵਿੱਚ ਫ਼ਸੇ ਹੋਏ, ਉਸ ਪੁਲਾੜ ਯਾਤਰੀ ਨੇ ਜ਼ਹਿਰ ਵਾਲੀ ਸ਼ੀਸ਼ੀ ਗੱਟ ਗੱਟ ਕਰ ਕੇ ਆਪਣੇ ਸੰਘ ਤੋਂ ਹੇਠਾਂ ਰੋੜ੍ਹ ਲਈ। ਪਰ ਓਦੋਂ ਉਸ ਦੇ ਭੈਅ ਦੀ ਕੋਈ ਸੀਮਾ ਨਾ ਰਹੀ ਜਦੋਂ ਉਸ ਨੂੰ ਪਤਾ ਚਲਿਆ ਕਿ ਉਸ ਨੇ ਜਲਦਬਾਜ਼ੀ ਵਿੱਚ ਗ਼ਲਤੀ ਨਾਲ ਅਮਰਤਾ ਪ੍ਰਾਪਤ ਕਰਨ ਵਾਲੀ ਔਸ਼ਧੀ ਡਕਾਰ ਲਈ ਹੈ। ਸੋ ਇਸ ਦਾ ਅਰਥ ਇਹ ਸੀ ਕਿ ਉਸ ਨੂੰ ਹਮੇਸ਼ਾ ਲਈ ਜੀਵਿਤ ਰਹਿਣ ਦਾ ਇੱਕ ਤਰ੍ਹਾਂ ਦਾ ਸ਼ਰਾਪ ਮਿਲ ਚੁੱਕਾ ਸੀ – ਇੱਕ ਵਿਅਰਥ ਦੀ, ਕਦੇ ਨਾ ਮੁੱਕਣ ਵਾਲੀ ਜ਼ਿੰਦਗੀ ਜਿਊਣ ਦਾ ਸ਼ਰਾਪ। ਜੇਕਰ ਰੱਬ ਦੀ ਕੋਈ ਹੋਂਦ ਹੀ ਨਾ ਹੋਈ ਤਾਂ ਸਾਡੀਆਂ ਜ਼ਿੰਦਗੀਆਂ ਵੀ ਇਹੋ ਜਿਹੀਆਂ ਹੀ ਬਣ ਕੇ ਰਹਿ ਜਾਣਗੀਆਂ। ਉਹ ਸਦਾ ਲਈ ਇੰਝ ਹੀ ਚਲਦੀਆਂ ਰਹਿ ਸਕਦੀਆਂ ਹਨ ਅਤੇ ਫ਼ਿਰ ਵੀ ਬਿਲਕੁਲ ਹੀ ਬੇਮਤਲਬ ਰਹਿਣਗੀਆਂ। ਸੋ ਇਨਸਾਨ ਨੂੰ ਆਪਣੇ ਜੀਵਨ ਨੂੰ ਅਰਥਭਰਪੂਰ ਬਣਾਉਣ ਲਈ ਇਕੱਲੇ ਅਮਰਤਾ ਦੀ ਲੋੜ ਨਹੀਂ; ਉਸ ਨੂੰ ਰੱਬ ਅਤੇ ਅਮਰਤਾ ਦੋਹੇਂ ਇਕੱਠਿਆਂ ਦਰਕਾਰ ਹਨ। ਅਤੇ ਜੇਕਰ ਰੱਬ ਦੀ ਕੋਈ ਹੋਂਦ ਨਹੀਂ ਤਾਂ ਫ਼ਿਰ ਉਸ ਨੂੰ ਦੂਸਰੀ ਸ਼ੈਅ (ਅਮਰਤਾ) ਤਾਂ ਮਿਲ ਹੀ ਨਹੀਂ ਸਕਦੀ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਇਸ ਸੰਸਾਰ ਦਾ ਮਾਲਕ ਕੋਈ ਰੱਬ ਨਹੀਂ, ਕੋਈ ਖ਼ੁਦਾ ਨਹੀਂ, ਕੋਈ ਭਗਵਾਨ ਨਹੀਂ ਤਾਂ ਇਹ ਮਨੁੱਖੀ ਜੀਵਨ ਖ਼ੁਦ ਵਿੱਚ ਹੀ ਇੱਕ ਬੇਮਾਅਨੀ ਜਿਹੀ ਚੀਜ਼ ਬਣ ਕੇ ਰਹਿ ਜਾਵੇਗਾ। ਰੱਬ ਤੋਂ ਬਿਨਾ ਮਨੁੱਖ ਅਤੇ ਸ੍ਰਿਸ਼ਟੀ ਦੋਹੇਂ ਵਿਅਰਥ ਹਨ, ਬੇਅਰਥ ਹਨ!

LEAVE A REPLY