Editorial1ਪਿੱਛਲੇ ਹਫ਼ਤੇ ਮੈਂ ਇਸ ਕਾਲਮ ਵਿੱਚ ਇਸ ਖ਼ਿਆਲ ਨਾਲ ਤੁਹਾਨੂੰ ਛੱਡ ਕੇ ਗਿਆ ਸੀ ਕਿ ਜੇਕਰ ਇਸ ਸੰਸਾਰ ਵਿੱਚ ਰੱਬ ਹੀ ਮੌਜੂਦ ਨਹੀਂ ਤਾਂ ਇਨਸਾਨ ਦੀ ਜ਼ਿੰਦਗੀ ਆਪਣੇ ਆਪ ਵਿੱਚ ਵਿਅਰਥ, ਬੇਅਰਥ ਬਣ ਜਾਂਦੀ ਹੈ। ਫ਼ਿਰ ਮਨੁੱਖ ਅਤੇ ਇਸ ਬ੍ਰਹਿਮੰਡ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। 20ਵੀਂ ਸਦੀ ਦੇ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ। ਇੱਕ ਅਗਾਂਹਵਧੂ ਆਇਰਿਸ਼ ਨਾਟਕਕਾਰ, ਨਾਵਲਕਾਰ, ਥੀਏਟਰ ਨਿਰਦੇਸ਼ਕ ਅਤੇ ਕਵੀ, ਸੈਮੂਅਲ ਬਾਰਕਲੇ ਬੈਕੇਟ, ਜਿਸ ਨੇ ਆਪਣੀ ਬਹੁਤੀ ਬਾਲਗ ਉਮਰ ਪੈਰਿਸ ਸ਼ਹਿਰ ਵਿੱਚ ਬਿਤਾਈ ਅਤੇ ਜਿਸ ਨੇ ਅੰਗ੍ਰੇਜ਼ੀ ਤੇ ਫ਼ਰੈਂਚ ਦੋਹਾਂ ਭਾਸ਼ਾਵਾਂ ਵਿੱਚ ਲਿਖਿਆ, 1953 ਵਿੱਚ ਪਰੀਮੀਅਰ ਕੀਤੇ ਗਏ ਆਪਣੇ ਨਾਟਕ ‘ਵੇਟਿੰਗ ਫ਼ੌਰ ਗੋਡੌਟ’ ਵਿੱਚ ਦੋ ਬੰਦਿਆਂ ਨੂੰ ਫ਼ਿਜ਼ੂਲ ਦੀਆਂ ਗੱਲਾਂ ਕਰਦਿਆਂ ਪ੍ਰਦਰਸ਼ਿਤ ਕਰਦੈ ਜਦੋਂ ਕਿ ਉਹ ਇੱਕ ਤੀਸਰੇ ਬੰਦੇ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਜੋ ਕਿ ਕਦੇ ਨਹੀਂ ਬਹੁੜਦਾ। ਬੈਕੇਟ ਆਪਣੇ ਇਸ ਨਾਟਕ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕਰਦੈ ਕਿ ਇਨਸਾਨੀ ਜ਼ਿੰਦਗੀਆਂ ਅਜਿਹੀਆਂ ਹੀ ਹੁੰਦੀਆਂ ਹਨ; ਅਸੀਂ ਇੱਥੇ ਧਰਤੀ ‘ਤੇ ਬੱਸ ਆਪਣਾ ਸਮਾਂ ਜ਼ਾਇਆ ਕਰ ਰਹੇ ਹਾਂ, ਕਿਸ ਚੀਜ਼ ਦੀ ਇੰਤਜ਼ਾਰ ਵਿੱਚ, ਸਾਡੇ ‘ਚੋਂ ਕਿਸੇ ਨੂੰ ਵੀ ਇਹ ਨਹੀਂ ਪਤਾ।
ਬੈਕੇਟ ਨੇ ਬੰਦੇ ਦੀ ਇਸ ਸੰਸਾਰ ਵਿੱਚ ਅਤਿਅੰਤ ਦੁਖਦਾਈ ਹਾਲਤ ਦਾ ਚਿਤਰਣ ਕਰਦਿਆਂ ਬਾਅਦ ਵਿੱਚ ਇੱਕ ਹੋਰ ਨਾਟਕ ਦਾ ਮੰਚਨ ਵੀ ਕੀਤਾ ਜਿਸ ਵਿੱਚ ਨਾਟਕ ਦੇ ਸ਼ੁਰੂ ਵਿੱਚ ਜਦੋਂ ਪਰਦਾ ਉਠਦੈ ਤਾਂ ਪੂਰੀ ਸਟੇਜ ‘ਤੇ ਕੂੜਾ ਕਰਕਟ ਤੇ ਜੰਕ ਖਿਲਰਿਆ ਪਿਆ ਦਿਖਾਈ ਦਿੰਦੈ। ਪੂਰੇ ਤੀਹ ਲੰਬੇ ਸੈਕਿੰਡ, ਦਰਸ਼ਕ ਆਪਣੀਆਂ ਕੁਰਸੀਆਂ ‘ਤੇ ਬੈਠੇ ਹੋਏ ਮੁਕੰਮਲ ਖ਼ਾਮੋਸ਼ੀ ਵਿੱਚ ਕੂੜੇ ਨਾਲ ਭਰੀ ਸਟੇਜ ਨੂੰ ਨਿਹਾਰਦੇ ਰਹਿੰਦੇ ਹਨ। ਫ਼ਿਰ ਪਰਦਾ ਹੇਠਾਂ ਗਿਰਦਾ ਹੈ। ਤੇ ਬੱਸ ਨਾਟਕ ਖ਼ਤਮ। ਇਸੇ ਤਰ੍ਹਾਂ ਦੀ ਹੀ ਇੱਕ ਹੋਰ ਬਹੁਤ ਹੀ ਸਦਮਾਗ੍ਰਸਤ ਕਰਨ ਵਾਲੀ ਕਿਤਾਬ ਸੀ ਹਰਮਨ ਹੈੱਸ ਦਾ ਲਿਖਿਆ ਨਾਵਲ ‘ਸਟੈਪਨਵੌਲਫ਼’। ਇਸ ਨਾਵਲ ਦੇ ਅੰਤ ਵਿੱਚ, ਇਸ ਦਾ ਪ੍ਰਮੁੱਖ ਕਿਰਦਾਰ ਹੈਰੀ ਹਾਲਰ ਇੱਕ ਸ਼ੀਸ਼ੇ ਮੂਹਰੇ ਖੜ੍ਹਾ ਹੋ ਕੇ ਆਪਣੇ ਆਪ ਨੂੰ ਨਿਹਾਰਦੈ। ਆਪਣੇ ਪੂਰੇ ਜੀਵਨ ਦੌਰਾਨ ਉਸ ਨੇ ਸੰਸਾਰ ਦੀਆਂ ਬਹੁਤ ਸਾਰੀਆਂ ਨੇਮ੍ਹਤਾਂ ਦਾ ਆਨੰਦ ਮਾਣਿਆ ਹੁੰਦੈ। ਅਤੇ ਨਾਵਲ ਦੇ ਅੰਤ ਵਿੱਚ ਉਹ ਆਪਣੇ ਆਪ ਨੂੰ ਦੇਖਦਾ ਹੋਇਆ ਬੁੜਬੁੜਾਉਂਦੈ, ”ਆਹ, ਕਿੰਨਾ ਕੌੜਾ ਸੁਆਦ ਐ ਸਾਲੀ ਜ਼ਿੰਦਗੀ ਦਾ! ਆ … ਥੂਹ!” ਉਹ ਸ਼ੀਸ਼ੇ ਵਿੱਚ ਆਪਣੇ ਆਪ ‘ਤੇ ਥੁਕਦੈ ਅਤੇ ਫ਼ਿਰ ਉਸ ਸ਼ੀਸ਼ੇ ਨੂੰ ਲੱਤ ਮਾਰ ਕੇ ਟੁਕੜੇ ਟੁਕੜੇ ਕਰ ਦਿੰਦੈ। ਉਸ ਦੀ ਸਾਰੀ ਜ਼ਿੰਦਗੀ ਫ਼ਿਜ਼ੂਲ ਅਤੇ ਬੇਅਰਥ ਸੀ।
ਫ਼ਰਾਂਸੀਸੀ ਆਸਤਿਤਵਵਾਦੀ, ਯਾਂ ਪੌਲ ਸਾਰਤ੍ਰ ਅਤੇ ਐਲਬਰ ਕੈਮਿਊ ਨੂੰ ਵੀ ਇਸ ਤੱਥ ਦੀ ਸਮਝ ਲੱਗ ਚੁੱਕੀ ਸੀ। ਸਾਰਤ੍ਰ ਨੇ ਆਪਣੇ ਨਾਟਕ ‘ਨੋ ਐਗਜ਼ਿਟ’ ਵਿੱਚ ਮਨੁੱਖੀ ਜੀਵਨ ਨੂੰ ਨਰਕ ਦਰਸਾਉਂਦਿਆਂ ਨਾਟਕ ਦੇ ਆਖ਼ਰੀ ਫ਼ਿਕਰੇ ਵਿੱਚ ਮਨੁੱਖ ਦੀ ਹਤਾਸ਼ ਹਾਲਤ ਬਿਆਨਦਿਆਂ ਆਪਣੇ ਪ੍ਰਮੁੱਖ ਕਿਰਦਾਰ ਦੇ ਮੂੰਹੋਂ ਕਹਾਇਐ: ”ਚਲੋ, ਇਹ ਜ਼ਿੰਦਗੀ ਕਿਵੇਂ ਨਾ ਕਿਵੇਂ ਤਾਂ ਬਿਤਾਉਣੀ ਹੀ ਪੈਣੀ ਹੈ।” ਇਸੇ ਤਰ੍ਹਾਂ ਇੱਕ ਹੋਰ ਜਗ੍ਹਾ ਸਾਰਤ੍ਰ ਮਨੁੱਖੀ ਜੀਵਨ ਨੂੰ ਹੋਂਦ ਦੀ ‘ਉਲਟੀ’ ਦਸਦੈ। ਕੈਮਿਊ ਨੂੰ ਵੀ ਮਨੁੱਖੀ ਜੀਵਨ ਵਿਅਰਥ ਦਿਖਾਈ ਦਿੱਤਾ। ਆਪਣੇ ਨਾਵਲ ‘ਦਾ ਸਟਰੇਂਜਰ’ (ਇੱਕ ਅਜਨਬੀ) ਦੇ ਅੰਤ ਵਿੱਚ ਕੈਮਿਊ ਦੇ ਨਾਇਕ ਨੂੰ ਅੱਖ ਦੇ ਝਪਕਾਰੇ ਵਿੱਚ ਹੀ ਇਸ ਗੱਲ ਦਾ ਅਹਿਸਾਸ ਹੋ ਜਾਂਦੈ ਕਿ ਇਸ ਸੰਸਾਰ ਦਾ ਕੋਈ ਅਰਥ ਨਹੀਂ ਅਤੇ ਇੱਥੇ ਕੋਈ ਅਜਿਹਾ ਰੱਬ ਮੌਜੂਦ ਨਹੀਂ ਜਿਹੜਾ ਇਸ ਨੂੰ ਕੋਈ ਅਰਥ ਦੇ ਸਕੇ। ਫ਼ਰਾਂਸੀਸੀ ਬਾਇਓਕੈਮਿਸਟ ਯਾਕ ਮੋਨੋ ਇਨ੍ਹਾਂ ਵਿਚਾਰਾਂ ਨੂੰ ਹੀ ਵਿਅਕਤ ਕਰਦਾ ਹੋਇਆ 1970 ਵਿੱਚ ਲਿਖੀ ਆਪਣੀ ਕਿਤਾਬ ‘ਚਾਂਸ ਐਂਡ ਨਸੈੱਸਿਟੀ’ ਵਿੱਚ ਲਿਖਦੈ, ”ਬੰਦੇ ਨੂੰ ਹੁਣ ਅੰਤ ਵਿੱਚ ਇਹ ਪਤਾ ਲੱਗ ਚੁੱਕੈ ਕਿ ਇਸ ਬ੍ਰਹਿਮੰਡ ਦੀ ਵਿਸ਼ਾਲਤਾ ਵਿੱਚ ਉਹ ਇਕੱਲਾ ਹੈ।” ਲਿਹਾਜ਼ਾ, ਜੇਕਰ ਇਸ ਸੰਸਾਰ ਦਾ ਕੋਈ ਰੱਬ ਨਹੀਂ ਤਾਂ ਫ਼ਿਰ ਮਨੁੱਖੀ ਜ਼ਿੰਦਗੀ ਆਪਣੇ ਆਪ ਵਿੱਚ ਬੇਮਾਅਨੀ ਹੋ ਕੇ ਰਹਿ ਜਾਵੇਗੀ। ਮਨੁੱਖ ਅਤੇ ਕੁਦਰਤ, ਦੋਹਾਂ ਦਾ ਅੰਤ ਵਿੱਚ ਕੋਈ ਮੰਤਵ ਨਹੀਂ।
ਅਮਰਤਾ ਅਤੇ ਰੱਬ ਬਿਨਾਂ ਮਨੁੱਖੀ ਜੀਵਨ ਦੀ ਕੋਈ ਕੀਮਤ ਨਹੀਂ
ਜੇਕਰ ਜੀਵਨ ਨੇ ਅੰਤ ਨੂੰ ਮਿੱਟੀ ਵਿੱਚ ਹੀ ਮਿਲ ਜਾਣੈ ਤਾਂ ਫ਼ਿਰ ਇਸ ਨਾਲ ਕੀ ਫ਼ਰਕ ਪੈਂਦੈ ਕਿ ਕੋਈ ਇਨਸਾਨ ਇੱਕ ਸ਼ੈਤਾਨ ਵਾਂਗ ਆਪਣਾ ਜੀਵਨ ਬਤੀਤ ਕਰਦੈ ਜਾਂ ਕਿਸੇ ਸੰਤ ਮਹਾਤਮਾ ਵਾਂਗ। ਜੇ ਬੰਦੇ ਦੀ ਕਿਸਮਤ ਦਾ ਉਸ ਦੇ ਵਿਹਾਰ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਤਾਂ ਫ਼ਿਰ ਜਿਵੇਂ ਤੁਹਾਡਾ ਦਿਲ ਕਰੇ ਜੀਓ। ਜਿਵੇਂ 19ਵੀਂ ਸਦੀ ਦੇ ਰੂਸੀ ਨਾਵਲਕਾਰ, ਪੱਤਰਕਾਰ ਤੇ ਫ਼ਿਲਾਸਫ਼ਰ ਫ਼ਿਓਦੋਰ ਦੋਸਤੋਵਸਕੀ ਕਹਿੰਦੈ: ”ਜੇਕਰ ਇਸ ਸੰਸਾਰ ਵਿੱਚ ਕੋਈ ਅਮਰਤਾ ਨਹੀਂ ਤਾਂ ਫ਼ਿਰ ਇਸ ਦਾ ਮਤਲਬ ਇਹ ਹੋਇਆ ਕਿ ਇੱਥੇ ਹਰ ਚੀਜ਼ ਕਰਨ ਦੀ ਖੁਲ੍ਹ ਹੈ।” ਇਸੇ ਆਧਾਰ ‘ਤੇ ਆਇਨ ਰੈਂਡ ਵਰਗਾ ਲੇਖਕ ਜਦੋਂ ਸਵਾਰਥੀਪੁਣੇ ਜਾਂ ਖ਼ੁਦਗ਼ਰਜ਼ੀ ਨੂੰ ਇੱਕ ਗੁਣ ਕਹਿੰਦੈ ਤਾਂ ਉਹ ਬਿਲਕੁਲ ਸਹੀ ਹੈ। ਕੇਵਲ ਆਪਣੇ ਆਪ ਲਈ ਜੀਓ; ਕੋਈ ਵੀ ਤੁਹਾਡੇ ਤੋਂ ਕਿਸੇ ਵੀ ਗੱਲ ਦਾ ਜਵਾਬ ਨਹੀਂ ਮੰਗ ਸਕਦਾ! ਸੱਚਮੁੱਚ, ਕੁਝ ਵੀ ਹੋਰ ਕਰਨਾ ਬੇਵਕੂਫ਼ੀ ਹੋਵੇਗੀ ਕਿਉਂਕਿ ਜ਼ਿੰਦਗੀ ਇੰਨੀ ਛੋਟੀ ਹੈ ਕਿ ਇਸ ਨੂੰ ਨਿੱਜੀ ਸਵਾਰਥ ਤੋਂ ਛੁੱਟ ਕਿਸੇ ਹੋਰ ਸ਼ੈਅ ‘ਤੇ ਜ਼ਾਇਆ ਨਹੀਂ ਕੀਤਾ ਜਾ ਸਕਦਾ। ਕਿਸੇ ਦੂਸਰੇ ਵਿਅਕਤੀ ਲਈ ਕੁਰਬਾਨੀ ਕਰਨਾ ਬੇਵਕੂਫ਼ੀ ਹੈ। ਕਾਏ ਨੀਲਸਨ, ਇੱਕ ਨਾਸਤਕ ਪ੍ਰੋਫ਼ੈਸਰ, ਜਿਹੜਾ ਰੱਬ ਦੀ ਗ਼ੈਰਹਾਜ਼ਰੀ ਵਿੱਚ ਵੀ ਇਨਸਾਨੀ ਇਖ਼ਲਾਕ ਕਾਇਮ ਰੱਖਣ ਦੀ ਆਪਣੀਆਂ ਲੇਖਣੀਆਂ ਵਿੱਚ ਪ੍ਰੌੜ੍ਹਤਾ ਕਰਦੈ ਵੀ ਅੰਤ ਵਿੱਚ ਇਹ ਮੰਨਦੈ, ”ਅਸੀਂ ਇਹ ਦਿਖਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ ਕਿ ਤਰਕ ਨੂੰ ਕਾਇਮ ਰਹਿਣ ਲਈ ਇਖ਼ਲਾਕੀ ਨਜ਼ਰੀਏ ਦੀ ਵੀ ਲੋੜ ਹੁੰਦੀ ਹੈ ਜਾਂ ਤਰਕਸ਼ੀਲ, ਜਿਹੜੇ ਕਿਸੇ ਵੀ ਤਰ੍ਹਾਂ ਦੇ ਮਿਥਿਹਾਸ ਜਾਂ ਵਿਚਾਰਧਾਰਾ ਦੇ ਬਹਿਲਾਵੇ ਵਿੱਚ ਨਹੀਂ ਆਉਂਦੇ, ਹੋਣ ਦਾ ਇਹ ਮਤਲਬ ਹਰਗ਼ਿਜ਼ ਨਹੀਂ ਕਿ ਉਹ ਨਿੱਜੀ ਤੌਰ ‘ਤੇ ਉੱਕਾ ਹੀ ਹੰਕਾਰੀ ਜਾਂ ਗ਼ੈਰਇਖ਼ਲਾਕੀ ਨਹੀਂ ਹੋ ਸਕਦੇ। ਇੱਥੇ ਫ਼ੈਸਲਾ ਤਰਕ ਦੇ ਹੱਥ ਵਿੱਚ ਹੈ ਹੀ ਨਹੀਂ। ਜਿਹੜੀ ਤਸਵੀਰ ਮੈਂ ਇੱਥੇ ਚਿਤ੍ਰਿਤ ਕਰ ਰਿਹਾਂ ਉਹ ਕੋਈ ਬਹੁਤੀ ਰਮਣੀਕ ਤਸਵੀਰ ਨਹੀਂ। ਇਸ ‘ਤੇ ਗ਼ੌਰ ਕਰਨ ਨਾਲ ਮੈਂ ਤਨਾਅਗ੍ਰਸਤ ਹੋ ਜਾਂਦਾਂ … ਸ਼ੁੱਧ ਵਿਹਾਰਕ ਤਰਕ, ਬੇਸ਼ੱਕ ਉਸ ਪਿੱਛੇ ਚੰਗੇ ਤਥਾਂ ਦੀ ਠੋਸ ਜਾਣਕਾਰੀ ਹੀ ਕਿਉਂ ਨਾ ਹੋਵੇ, ਤੁਹਾਨੂੰ ਇਖ਼ਲਾਕ ਵਾਲਾ ਮਨੁੱਖ ਬਣਨ ‘ਤੇ ਮਜਬੂਰ ਨਹੀਂ ਕਰ ਸਕਦਾ।
ਪਰ ਮਸਲਾ ਅੱਗੇ ਜਾ ਕੇ ਹੋਰ ਵੀ ਵਿਗੜ ਜਾਂਦਾ ਹੈ ਕਿਉਂਕਿ, ਜੇ ਅਸੀਂ ਇਖ਼ਲਾਕ ਜਾਂ ਗ਼ੈਰਖ਼ਿਲਾਕੀ ਵਤੀਰੇ ਦੀ ਬਹਿਸ ਵਿੱਚ ਨਾ ਵੀ ਪਈਏ ਤਾਂ ਵੀ, ਜੇਕਰ ਕੋਈ ਰੱਬ ਹੈ ਹੀ ਨਹੀਂ ਤਾਂ ਫ਼ਿਰ ਸਹੀ ਜਾਂ ਗ਼ਲਤ ਦਾ ਕੋਈ ਵੀ ਨਿਰਪੱਖ ਮਾਪਦੰਡ ਕਾਇਮ ਨਹੀਂ ਕੀਤਾ ਜਾ ਸਕਦਾ। ਸਾਨੂੰ ਜੋ ਵੀ ਇਸ ਧਰਤੀ ‘ਤੇ ਨਸੀਬ ਹੁੰਦੈ, ਪੌਲ ਸਾਰਤ੍ਰ ਦੇ ਸ਼ਬਦਾਂ ਵਿੱਚ, ਉਹ ਹੈ ਸਿਰਫ਼ ਬੇਕਾਰ ਅਤੇ ਵਿਅਰਥ ਦੀ ਹੋਂਦ। ਇਖ਼ਲਾਕੀ ਕਦਰਾਂ ਕੀਮਤਾਂ ਤਾਂ ਕੇਵਲ ਤੁਹਾਡੇ ਨਿੱਜੀ ਸੁਆਦ ਦਾ ਪ੍ਰਗਟਾਵਾ ਮਾਤਰ ਜਾਂ ਤੁਹਾਡੇ ਸਮਾਜਕ ਤੇ ਜੈਵਿਕ ਵਿਕਾਸ ਅਤੇ ਟ੍ਰੇਨਿੰਗ ਦਾ ਕੁਦਰਤੀ ਹਿੱਸਾ ਹੀ ਹੁੰਦੀਆਂ ਹਨ। ਇੱਕ ਮਨੁੱਖਤਾਵਾਦੀ ਫ਼ਿਲੌਸਫ਼ਰ ਦੇ ਸ਼ਬਦਾਂ ਵਿੱਚ, ”ਜਿਹੜੇ ਇਖ਼ਲਾਕੀ ਸਿਧਾਂਤ ਸਾਡੇ ਵਤੀਰੇ ਨੂੰ ਕੰਟਰੋਲ ਕਰਦੇ ਹਨ ਉਨ੍ਹਾਂ ਦੀਆਂ ਜੜ੍ਹਾਂ ਮਨੁੱਖ ਦੀਆਂ ਆਦਤਾਂ ਤੇ ਰੀਤੀ ਰਿਵਾਜਾਂ, ਭਾਵਨਾਵਾਂ ਤੇ ਫ਼ੈਸ਼ਨ ਵਿੱਚ ਜੰਮੀਆਂ ਹੋਈਆਂ ਹੁੰਦੀਆਂ ਨੇ।” ਰੱਬ ਵਿਹੂਣੇ ਸੰਸਾਰ ਵਿੱਚ, ਇਹ ਕੌਣ ਕਹਿ ਸਕਦੈ ਕਿ ਕਿਹੜੀਆਂ ਕਦਰਾਂ ਕੀਮਤਾਂ ਸਹੀ ਹਨ ਅਤੇ ਕਿਹੜੀਆਂ ਗ਼ਲਤ। ਇਸ ਦਾ ਫ਼ੈਸਲਾ ਕੌਣ ਕਰੇਗਾ ਕਿ ਐਡੌਲਫ਼ ਹਿਟਲਰ ਦੀਆਂ ਕਦਰਾਂ ਕੀਮਤਾਂ ਕਿਸੇ ਸੰਤ ਮਹਾਤਮਾ ਦੀਆਂ ਕਦਰਾਂ ਕੀਮਤਾਂ ਨਾਲੋਂ ਹੌਲੀਆਂ ਸਨ? ਰੱਬ ਤੋਂ ਬਿਨਾਂ ਸੰਸਾਰ ਵਿੱਚ ਇਖ਼ਲਾਕ ਦਾ ਸਾਰਾ ਅਰਥ ਹੀ ਖ਼ਤਮ ਹੋ ਜਾਂਦੈ। ਇੱਕ ਨਾਸਤਕ ਨੀਤੀਸ਼ਾਸਤਰੀ ਇੱਕ ਜਗ੍ਹਾ ਲਿਖਦੈ, ”ਇਹ ਕਹਿਣਾ ਕਿ ਕੋਈ ਚੀਜ਼ ਗ਼ਲਤ ਹੈ ਕਿਉਂਕਿ … ਰੱਬ ਵਲੋਂ ਅਜਿਹਾ ਕਰਨ ਦੀ ਮਨਾਹੀ ਹੈ … ਇਹ ਗੱਲ ਉਸ ਮਨੁੱਖ ਦੀ ਤਾਂ ਸਮਝ ਵਿੱਚ ਆ ਸਕਦੀ ਹੈ ਜਿਹੜਾ ਇੱਕ ਕਾਨੂੰਨਘਾੜੇ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਰੱਖਦਾ ਹੋਵੇ। ਪਰ ਇਹ ਕਹਿਣਾ ਕਿ ਕੋਈ ਸ਼ੈਅ ਗ਼ਲਤ ਹੈ ਬੇਸ਼ੱਕ ਉਸ ਤੋਂ ਮਨ੍ਹਾ ਕਰਨ ਵਾਲਾ ਕੋਈ ਵੀ ਰੱਬ ਇਸ ਸੰਸਾਰ ਵਿੱਚ ਮੌਜੂਦ ਨਹੀਂ, ਕਿਸੇ ਦੀ ਵੀ ਸਮਝ ਵਿੱਚ ਨਹੀਂ ਆ ਸਕਦਾ … ਰੱਬ ਤੋਂ ਬਿਨਾਂ ਸੰਸਾਰ ਵਿੱਚ ਇਖ਼ਲਾਕ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸ਼ਬਦ ਰਹਿ ਜਾਣਗੇ, ਪਰ ਉਨ੍ਹਾਂ ਦੇ ਅਰਥ ਖ਼ਤਮ ਹੋ ਜਾਣਗੇ।” ਰੱਬ ਤੋਂ ਬਿਨਾਂ ਇਸ ਸੰਸਾਰ ਵਿੱਚ ਕੁਝ ਵੀ ਨਿਰਪੱਖ ਤੌਰ ‘ਤੇ ਸਹੀ ਜਾਂ ਗ਼ਲਤ ਨਹੀਂ ਕਿਹਾ ਜਾ ਸਕਦਾ; ਇਹ ਕੇਵਲ ਸਾਡੀ ਸਭਿਆਚਾਰਕ ਅਤੇ ਨਿੱਜੀ ਸੋਚ ‘ਤੇ ਨਿਰਭਰ ਕਰਦੈ ਕਿ ਅਸੀਂ ਘਟਨਾਵਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹਾਂ। ਇਸ ਦਾ ਅਰਥ ਇਹ ਹੋਇਆ ਕਿ ਫ਼ਿਰ ਜੰਗ, ਜਬਰ ਜਾਂ ਜੁਰਮ ਨੂੰ ਪਾਪ ਕਹਿ ਕੇ ਉਸ ਦੀ ਨਿੰਦਾ ਕਰਨੀ ਅਸੰਭਵ ਹੋ ਜਾਵੇਗੀ। ਫ਼ਿਰ ਕੋਈ ਵੀ ਬੰਦਾ ਸਮਾਜਕ ਭਾਈਚਾਰੇ, ਬਰਾਬਰਤਾ ਅਤੇ ਪ੍ਰੇਮ ਨੂੰ ਚੰਗਾ ਕਹਿ ਕੇ ਉਨ੍ਹਾਂ ਦੀ ਪ੍ਰਸ਼ੰਸਾ ਨਹੀਂ ਕਰ ਸਕੇਗਾ ਕਿਉਂਕਿ ਰੱਬ ਤੋਂ ਬਿਨਾਂ ਇਸ ਸੰਸਾਰ ਵਿੱਚ ਚੰਗਿਆਈ ਤੇ ਬੁਰਾਈ ਦੀ ਵੀ ਕੋਈ ਹੋਂਦ ਨਹੀਂ ਹੋ ਸਕਦੀ। ਫ਼ਿਰ ਕੋਈ ਵੀ ਇੱਥੇ ਇਹ ਨਹੀਂ ਕਹਿ ਸਕੇਗਾ ਕਿ ਤੁਸੀਂ ਠੀਕ ਹੋ ਅਤੇ ਮੈਂ ਗ਼ਲਤ।
ਅਮਰਤਾ ਤੇ ਰੱਬ ਦੇ ਬਿਨਾਂ ਮਨੁੱਖੀ ਜੀਵਨ ਦਾ ਕੋਈ ਉਦੇਸ਼ ਨਹੀਂ
ਜੇਕਰ ਜੀਵਨ ਦੇ ਰਸਤੇ ਵਿੱਚ ਹਮੇਸ਼ਾ ਮੌਤ ਬਾਹਾਂ ਅੱਡੀ ਖੜ੍ਹੀ ਰਹਿੰਦੀ ਹੈ ਤਾਂ ਫ਼ਿਰ ਸਾਡੇ ਇਸ ਜੀਵਨ ਦਾ ਅੰਤ ਵਿੱਚ ਟੀਚਾ ਕੀ ਹੋਇਆ? ਫ਼ਿਰ ਅਸੀਂ ਆਪਣੀ ਸਾਰੀ ਜ਼ਿੰਦਗੀ ਕਿਸ ਮੰਤਵ ਹੇਠ ਗੁਜ਼ਾਰੀ? ਕੀ ਸਾਡਾ ਇਹ ਜੀਣਾ ਕਿਸੇ ਉਦੇਸ਼ ਹਿਤ ਨਹੀਂ ਸੀ? ਤੇ ਫ਼ਿਰ ਇਸ ਬ੍ਰਹਿਮੰਡ ਦਾ ਕੀ? ਕੀ ਇਹ ਵੀ ਬਿਲਕੁਲ ਵਿਅਰਥ ਹੈ? ਬੇਕਾਰ ਹੈ? ਜੇਕਰ ਇਸ ਸੰਸਾਰ ਦੀ ਅੰਤਿਮ ਮੰਜ਼ਿਲ ਅੰਤ੍ਰਿਕਸ਼ ਦੀ ਗਰਭ ਵਿੱਚ ਇੱਕ ਸ਼ੀਤ ਕਬਰ ਹੀ ਹੈ ਤਾਂ ਸਾਡੇ ਸਵਾਲ ਦਾ ਜਵਾਬ ਇਹੋ ਹੋਵੇਗਾ ਕਿ ਹਾਂ ਇਸ ਬ੍ਰਹਿਮੰਡ ਦੀ ਹੋਂਦ ਦਾ ਵੀ ਕੋਈ ਮੰਤਵ, ਕੋਈ ਉਦੇਸ਼ ਨਹੀਂ। ਮਰੀ ਹੋਈ ਕਾਇਨਾਤ ਦਾ ਕੂੜਾ ਕਰਕਟ ਸਦਾ ਫ਼ੈਲਦਾ ਹੀ ਜਾਵੇਗਾ, ਵਧਦਾ ਹੀ ਜਾਵੇਗਾ। ਤੇ ਫ਼ਿਰ ਮਨੁੱਖ ਦਾ ਕੀ ਬਣੇਗਾ? ਕੀ ਮਨੁੱਖੀ ਨਸਲ ਦੀ ਹੋਂਦ ਦਾ ਵੀ ਕੋਈ ਮਕਸਦ ਨਹੀਂ? ਕੀ ਉਹ ਵੀ ਇੱਕ ਦਿਨ ਇਸ ਬੇਪਰਵਾਹ ਬ੍ਰਹਿਮੰਡ ਦੀਆਂ ਗ਼ਹਿਰਾਈਆਂ ਵਿੱਚ ਗਰਕ ਹੋ ਜਾਵੇਗੀ? ਅੰਗ੍ਰੇਜ਼ੀ ਦੇ ਇੱਕ ਲਿਖਾਰੀ ਐੱਚ.ਜੀ. ਵੈੱਲਜ਼ ਨੂੰ ਇਸ ਗੱਲ ਦਾ ਅੰਦੇਸ਼ਾ ਬਹੁਤ ਪਹਿਲਾਂ ਹੋ ਗਿਆ ਸੀ। ਉਸ ਦੇ ਨਾਵਲ ‘ਦਾ ਟਾਈਮ ਮਸ਼ੀਨ’ ਵਿੱਚ ਵੈੱਲਜ਼ ਦਾ ਟਾਈਮ ਟ੍ਰੈਵਲਰ (ਸਮੇਂ ਦਾ ਯਾਤਰੀ) ਭਵਿੱਖ ਵਿੱਚ ਬਹੁਤ ਦੂਰ ਨਿਕਲ ਜਾਂਦੈ ਅਤੇ ਉੱਥੇ ਜਾ ਕੇ ਉਸ ਨੂੰ ਮਨੁੱਖਤਾ ਦੇ ਅਸਲੀ ਭਵਿੱਖ ਬਾਰੇ ਪਤਾ ਚਲਦੈ। ਉਸ ਨੂੰ ਉੱਥੇ ਜੋ ਵੀ ਦੇਖਣ ਨੂੰ ਮਿਲਦੈ ਉਸ ਵਿੱਚ ਇੱਕ ਮਰੀ ਹੋਈ ਧਰਤੀ ਦੀ ਲਾਸ਼, ਜਿਸ ‘ਤੇ ਕਾਈ ਅਤੇ ਬੂਰ ਵਾਹਵਾ ਬੁਰੀ ਤਰ੍ਹਾਂ ਜੰਮੇ ਪਏ ਸਨ, ਇੱਕ ਵਿਸ਼ਾਲ ਲਾਲ ਰੰਗ ਦੇ ਸੂਰਜ ਦੀ ਪਰੀਕ੍ਰਮਾ ਕਰ ਰਹੀ ਹੁੰਦੀ ਹੈ। ਉਸ ਵਕਤ ਜੇ ਕੋਈ ਵੀ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਤਾਂ ਉਹ ਸਨ ਹਵਾ ਦੇ ਸ਼ੂਕਣ ਅਤੇ ਸਮੁੰਦਰ ਦੇ ਪਾਣੀਆਂ ਦੀਆਂ ਤਰੰਗਾਂ ਦੇ ਮੱਧਮ ਜਿਹੇ ਸ਼ੋਰ ਦੀਆਂ।
”ਇਨ੍ਹਾਂ ਮੱਧਮ, ਜੀਵਨ ਰਹਿਤ, ਆਵਾਜ਼ਾਂ ਤੋਂ ਛੁੱਟ,” ਵੈੱਲਜ਼ ਅੱਗੇ ਲਿਖਦੈ, ”ਪੂਰੀ ਕਾਇਨਾਤ ਸ਼ਾਂਤ ਸੀ। ਬਿਲਕੁਲ ਚੁੱਪਚਾਪ। ਉਸ ਮਰੇ ਪਏ ਸੰਸਾਰ ਦੇ ਸੰਨਾਟੇ ਨੂੰ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ। ਮਨੁੱਖੀ ਜੀਵਨ ਦੀਆਂ ਆਵਾਜ਼ਾਂ, ਭੇਡ-ਬਕਰੀਆਂ ਦਾ ਮਮਿਆਉਣਾ, ਪੰਛੀਆਂ ਦਾ ਸਵੇਰੇ ਤੜਕਸਾਰ ਚਹਿਚਹਾਉਣਾ, ਕੀੜੇ ਮਕੋੜਿਆਂ ਦਾ ਭਿਣਭਿਨਾਉਣਾ, ਅਤੇ ਇਸ ਸੰਸਾਰ ਦੀ ਜਿਹੜੀ ਨਿਰੰਤਰ ਹਿਲਜੁਲ ਸਾਡੀਆਂ ਜ਼ਿੰਦਗੀਆਂ ਨੂੰ ਚਲਦਾ ਰੱਖਦੀ ਹੈ – ਉਹ ਸਭ ਕੁਝ ਖ਼ਤਮ ਹੋ ਚੁੱਕਾ ਸੀ।” ਸੋ ਵੈੱਲਜ਼ ਦਾ ‘ਸਮੇਂ ਦਾ ਯਾਤਰੀ’ (Time Traveler) ਘਬਰਾ ਕੇ ਵਾਪਿਸ ਵਰਤਮਾਨ ਵਿੱਚ ਪਰਤ ਆਇਆ। ਪਰ ਕਾਹਦੇ ਲਈ? – ਉਹੀ ਪੁਰਾਣੀ ਉਦੇਸ਼ ਰਹਿਤ ਜ਼ਿੰਦਗੀ ਗੁਜ਼ਾਰਣ ਲਈ ਜਿਹੜੀ ਲਗਾਤਾਰ, ਹਰ ਰੋਜ਼, ਆਪਣੀ ਮੌਤ ਵੱਲ ਵੱਧ ਰਹੀ ਹੈ। ਜਦੋਂ ਇੱਕ ਗ਼ੈਰ ਇਸਾਈ ਦੇ ਤੌਰ ‘ਤੇ ਮੈਂ ਵੈੱਲਜ਼ ਦੀ ਕਿਤਾਬ ਪੜ੍ਹੀ ਤਾਂ ਸੋਚਿਆ, ”ਨਹੀਂ, ਨਹੀਂ! ਇਹ ਸਭ ਕੁਝ ਇੰਝ ਖ਼ਤਮ ਨਹੀਂ ਹੋ ਸਕਦਾ!” ਪਰ ਜੇਕਰ ਇਸ ਸੰਸਾਰ ਵਿੱਚ ਕੋਈ ਰੱਬ ਹੈ ਹੀ ਨਹੀਂ, ਇਸ ਸੰਸਾਰ, ਇਸ ਕਾਇਨਾਤ, ਇਸ ਬ੍ਰਹਿਮੰਡ ਅਤੇ ਇੱਥੋਂ ਦੇ ਜੀਵਨ ਦਾ ਅੰਤ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਵੇਗਾ, ਬੇਸ਼ੱਕ ਇਹ ਸਾਨੂੰ ਪਸੰਦ ਆਵੇ ਜਾਂ ਨਾ। ਰੱਬ ਵਿਹੂਣੇ ਸੰਸਾਰ ਦੀ ਇਹੋ ਹਕੀਕਤ ਹੈ: ਇੱਥੇ ਕੋਈ ਉਮੀਦ ਦੀ ਕਿਰਨ ਨਹੀਂ; ਇਸ ਦਾ ਕੋਈ ਮਕਸਦ ਨਹੀਂ। ਇੱਥੇ ਮੈਨੂੰ ਟੀ.ਐੱਸ. ਐਲੀਅਟ ਦੀਆਂ ਦਿਲ ਦਹਿਲਾਉਣ ਵਾਲੀਆਂ ਕੁਝ ਸਤਰਾਂ ਚੇਤੇ ਆ ਰਹੀਆਂ ਹਨ: ਇਸ ਸੰਸਾਰ ਦਾ ਅੰਤ ਇੰਝ ਹੀ ਹੋਣੈ; ਇਸ ਸੰਸਾਰ ਦਾ ਅੰਤ ਇੰਝ ਹੀ ਹੋਣੈ। ਇਸ ਸੰਸਾਰ ਦਾ ਅੰਤ ਇੰਝ ਹੀ ਹੋਣੈ; ਕਿਸੇ ਵੱਡੇ ਧਮਾਕੇ ਨਾਲ ਨਹੀਂ ਸਗੋਂ ਵਿਲਕ ਵਿਲਕ ਕੇ!

LEAVE A REPLY