3ਚੰਡੀਗੜ੍ਹ: ਦਵਿੰਦਰਪਾਲ ਸਿੰਘ ਭੁੱਲਰ ਨੂੰ ਕਾਨੂੰਨ ਤੇ ਸੰਵਿਧਾਨ ਮੁਤਾਬਕ 21 ਦਿਨ ਦੀ ਪੈਰੋਲ ਦਿੱਤੀ ਗਈ ਹੈ। ਉਨ੍ਹਾਂ ਨੂੰ ਬੀਤੀ ਰਾਤ ਅੰਮ੍ਰਿਤਸਰ ਜੇਲ੍ਹ ‘ਚੋਂ ਭੇਜਿਆ ਗਿਆ ਹੈ। ਉਨ੍ਹਾਂ ਨੂੰ ਪੈਰੋਲ ਪੰਥਕ ਏਜੰਡੇ ਜਾਂ 2017 ਵਿਧਾਨ ਸਭਾ ਚੋਣਾਂ ‘ਚ ਫਾਇਦਾ ਲੈਣ ਲਈ ਨਹੀਂ ਦਿੱਤੀ ਗਈ ਹੈ।” ਇਹ ਗੱਲ ਪੰਜਾਬ ਦੇ ਜੇਲ੍ਹ ਮੰਤਰੀ ਸੋਹਨ ਸਿੰਘ ਠੰਡਲ ਨੇ ਸਾਬਕਾ ਖਾਲਿਸਤਾਨੀ ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ਬਾਰੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਇਹ ਟਿੱਪਣੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਭੁੱਲਰ ਦੀ ਰਿਹਾਈ ਨੂੰ ਕਾਂਗਰਸ ਜਾਣਬੁੱਝ ਕੇ ਮੁੱਦਾ ਬਣਾਉਂਦੀ ਹੈ ਕਿਉਂਕਿ ਕਾਂਗਰਸ ਪਾਰਟੀ ਕੋਲ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ ਕੋਈ ਮੁੱਦਾ ਨਹੀਂ। ਉਨ੍ਹਾਂ ਕਿਹਾ ਕਿ ਭੁੱਲਰ ਦੀ ਰਿਹਾਈ ਨਾਲ ਹਿੰਦੂ ਭਾਈਚਾਰੇ ‘ਚ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਉਨ੍ਹਾਂ ਕਿਹਾ ਭੁੱਲਰ ਇੱਕ ਸਮੇਂ ਖਾਲਿਸਤਾਨੀ ਸਰਗਰਮੀਆਂ ‘ਚ ਸ਼ਾਮਲ ਰਹੇ ਪਰ ਹੁਣ ਉਹ ਲੰਮੇ ਸਮੇਂ ਤੋਂ ਜੇਲ੍ਹ ਕੱਟ ਰਹੇ ਹਨ ਤੇ ਜੇਲ੍ਹ ‘ਚ ਉਨ੍ਹਾਂ ਦਾ ਰਵੱਈਆ ਕਾਫੀ ਠੀਕ ਹੈ।
ਠੰਡਲ ਨੇ ਕਿਹਾ ਕਿ ਭੁੱਲਰ ਲੰਮੇ ਸਮੇਂ ਤੋਂ ਮਾਨਸਿਕ ਤੌਰ ‘ਤੇ ਠੀਕ ਨਹੀਂ ਸਨ ਤੇ ਇਸੇ ਲਈ ਉਨ੍ਹਾਂ ਨੂੰ ਦਿੱਲੀ ਤੋਂ ਅੰਮ੍ਰਿਤਸਰ ਜੇਲ੍ਹ ‘ਚ ਸ਼ਿਫ਼ਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿਰੋਧੀਆਂ ਪਾਰਟੀਆਂ ਨੂੰ ਇਸ ਤਰ੍ਹਾਂ ਦੇ ਮਸਲੇ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ‘ਚੋਂ ਕੁਝ ਨਹੀਂ ਨਿਕਲਣਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇ ਭੁੱਲਰ ਦੀ ਜੇਲ੍ਹ ‘ਚ ਕਾਰਗੁਜ਼ਾਰੀ ਠੀਕ ਰਹੀ ਤਾਂ ਆਉਣ ਵਾਲੇ ਸਮੇਂ ‘ਚ ਉਨ੍ਹਾਂ ਨੂੰ ਫੇਰ ਪੈਰੋਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਜੇਲ੍ਹ ਵਿਭਾਗ ਨੇ ਇਕ ਨਵਾਂ ਫੈਸਲਾ ਲਿਆ ਹੈ ਜਿਸ ‘ਚ ਹਰ ਕੈਦੀ ਕਾਨੂੰਨ ਮੁਤਾਬਕ ਪੈਰੋਲ ਲੈ ਸਕਦਾ ਹੈ। ਪਹਿਲਾਂ ਪੈਰਲ ਘਰ ਦੀ ਉਸਾਰੀ, ਖੇਤੀਬਾੜੀ ਦੇ ਕੰਮਾਂ ਜਾਂ ਬਿਮਾਰੀ ਲਈ ਮਿਲਦੀ ਸੀ ਪਰ ਹੁਣ ਇਹ ਸਭ ਲਈ ਬਰਾਬਰ ਹੋਵੇਗੀ।

LEAVE A REPLY