4ਅੰਮ੍ਰਿਤਸਰ : ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਨੂੰ ਸਬ ਡਵੀਜ਼ਨ ਦਾ ਦਰਜਾ ਦੇਣ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਪ੍ਰਗਟ ਕੀਤਾ ਹੈ। ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਸ. ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੰਮ੍ਰਿਤਸਰ ਜ਼ਿਲੇ ਦੇ ਸਬ ਤਹਿਸੀਲ ਮਜੀਠਾ ਦਾ ਦਰਜਾ ਵਧਾ ਕੇ ਸਬ ਡਵੀਜ਼ਨ ਬਣਾਉਣ ਦਾ ਫੈਸਲਾ ਮੁੱਖ ਮੰਤਰੀ ਵਲੋਂ ਕੀਤਾ ਗਿਆ ਹੈ।
ਇਸ ਮੌਕੇ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ ਦੇ ਲੋਕਾਂ ਦੀ 50 ਸਾਲ ਪੁਰਾਣੀ ਮੰਗ ਪੂਰੀ ਹੋਈ ਹੈ, ਜਿਸ ਨੂੰ ਪਿਛਲੀਆਂ ਸਰਕਾਰਾਂ ਠੁਕਰਾਉਂਦੀਆਂ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਬਣਨ ਨਾਲ ਮਜੀਠਾ ਨੂੰ ਐੱਸ. ਡੀ. ਐੱਮ. ਅਤੇ ਤਹਿਸੀਲਦਾਰ ਸਮੇਤ ਸਬ ਡਵੀਜ਼ਨ ਪੱਧਰ ਦੇ ਹੋਰ ਵਿਭਾਗਾਂ ਦੀਆਂ ਪੱਕੀਆਂ ਪੋਸਟਾਂ ਮਿਲ ਜਾਣਗੀਆਂ, ਜਿਸ ਨਾਲ ਪ੍ਰਸ਼ਾਸਨਿਕ ਕੰਮਾਂ ‘ਤੇ ਸੁਧਾਰ ਆਵੇਗਾ ਅਤੇ ਇਸ ਨਾਲ ਮਜੀਠਾ ਇਲਾਕੇ ਦੇ ਦੂਰ-ਦੁਰਾਡੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਬਹੁਤੇ ਕੰਮ ਕਰਾਉਣ ਲਈ 20-45 ਕਿਲੋਮੀਟਰ ਦਾ ਸਫਰ ਤੈਅ ਕਰਕੇ ਅੰਮ੍ਰਿਤਸਰ ਨਹੀਂ ਜਾਣਾ ਪਵੇਗਾ। ਮਜੀਠੀਆ ਨੇ ਕਿਹਾ ਕਿ ਇਸ ਨਾਲ ਮਜੀਠਾ ਇਲਾਕੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਵੀ ਕਈ ਮੌਕੇ ਪੈਦਾ ਹੋਣਗੇ।

LEAVE A REPLY