7ਜਲਾਲਾਬਾਦ/ਚੰਡੀਗੜ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਜੇਕਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਉਨ੍ਹਾਂ ਖਿਲਾਫ ਜਲਾਲਾਬਾਦ ਹਲਕੇ ਤੋਂ ਚੋਣ ਲੜਨਾ ਚਾਹੇ ਤਾਂ ਉਹ ਇਸ ਦਾ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਮਨਪ੍ਰੀਤ ਵੱਲੋਂ ਲੋੜ ਲੜਨ ਨਾਲ ਇਹ ਵੀ ਸਾਫ ਹੋ ਜਾਵੇਗਾ ਕਿ ਲੋਕਾਂ ਦਾ ਸਮੱਰਥਨ ਪੂਰੀ ਤਰ੍ਹਾਂ ਨਾਲ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਹੈ ਕਿਉਂ ਕਿ ਪਿਛਲੇ 9 ਸਾਲਾਂ ਵਿਚ ਕੀਤੇ ਗਏ ਵਿਕਾਸ ਕਾਰਜਾਂ ਨੇ ਪੰਜਾਬਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ ਅਤੇ ਖੁਸ਼ਹਾਲ ਬਣਾਇਆ ਹੈ।
ਇੱਥੇ ਜਲਾਲਾਬਾਦ ਹਲਕੇ ਦੇ ਦੋ ਦਿਨਾਂ ਸੰਗਤ ਦਰਸ਼ਨ ਪ੍ਰੋਗਰਾਮ ਦੇ ਪਹਿਲੇ ਦਿਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਅਕਾਲੀ-ਭਾਜਪਾ ਗੱਠਜੋੜ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਕਿਉਂ ਕਿ ਪੰਜਾਬ ਵਿਚ ਤੀਜੀ ਵਾਰ ਵੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਨੂੰ ਹੀ ਪੰਜਾਬ ਦੇ ਲੋਕਾਂ ਨੇ ਸੇਵਾ ਦਾ ਮੌਕਾ ਦੇਣਾ ਹੈ। ਉਨ੍ਹਾਂ ਕਿਹਾ ਕਿ ਲੋਕ ਪੱਖੀਂ ਸਕੀਮਾਂ ਅਤੇ ਚਹੁੰਮੁਖੀ ਵਿਕਾਸ ਸਦਕਾ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ ਅਤੇ ਪਿਛਲੇ 9 ਸਾਲਾਂ ਵਿਚ ਸੂਬੇ ਨੇ ਤਰੱਕੀ ਦੀਆਂ ਜੋ ਨਵੀਆਂ ਇਬਾਰਤਾਂ ਲਿਖੀਆ ਹਨ ਉਹ ਆਪਣੇ ਆਪ ਵਿਚ ਇਕ ਰਿਕਾਰਡ ਹੈ। ਸ. ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਮੁਫਤ ਬਿਜਲੀ, ਐਸ.ਸੀ. ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ, ਪਿੰਡਾਂ ਵਿਚ ਨੌਜਵਾਨਾਂ ਨੂੰ ਜਿੰਮ ਅਤੇ ਖੇਡ ਕਿੱਟਾਂ ਦੀ ਵੰਡ, ਕਿਸਾਨਾਂ ਅਤੇ ਵਪਾਰੀਆਂ ਲਈ ਮੁਫਤ ਸਿਹਤ ਯੋਜਨਾ, ਵੱਖ-ਵੱਖ ਯਾਦਗਾਰਾਂ ਅਤੇ ਧਾਰਮਿਕ ਅਸਥਾਨਾਂ ਦੀ ਸਥਾਪਤੀ, ਆਟਾ-ਦਾਲ ਸਕੀਮ, ਸ਼ਗਨ ਸਕੀਮ ਅਤੇ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀਆਂ ਮੁੱਖ ਪ੍ਰਾਪਤੀਆਂ ਹਨ।
ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਿਓਰੋ ਆਫ ਇਨਵੈਂਸਟੀਗੇਸ਼ਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਜਾਂਚ ਪ੍ਰਕਿਰਿਆ ਵਿਚ ਹੋਰ ਮਜ਼ਬੂਤੀ ਆਵੇਗੀ ਅਤੇ ਬਿਓਰੋ ਵਿਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਦੀ ਭਰਤੀ ਕੀਤੀ ਜਾਵੇਗੀ ਜਿਸ ਨਾਲ ਕਿ ਅਪਰਾਧਾਂ ਨਾਲ ਨਜਿੱਠਣਾ ਸੁਖਾਲਾ ਹੋ ਜਾਵੇਗਾ। ਜਲਾਲਾਬਾਦ ਅਤੇ ਆਸ-ਪਾਸ ਦੇ ਸਰਹੱਦੀ ਇਲਾਕਿਆਂ ਦੇ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦੋਹਰਾਉਂਦਿਆਂ ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਦਾ ਚਹੁੰਮੁਖੀ ਵਿਕਾਸ ਕਰਵਾਉਣਾ ਅਕਾਲੀ-ਭਾਜਪਾ ਸਰਕਾਰ ਦੀ ਪਹਿਲ ਹੈ ਅਤੇ ਇਨ੍ਹਾਂ ਇਲਾਕਿਆਂ ਨੂੰ ਸਾਰੀਆਂ ਸੁੱਖ-ਸੁਵਿਧਾਵਾਂ ਪਹਿਲ ਦੇ ਆਧਾਰ ‘ਤੇ ਦਿੱਤੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਨੇ ਜਲਾਲਾਬਾਦ ਹਲਕੇ ਦੇ 17 ਪਿੰਡਾਂ ਵਿਚ ਸੰਗਤ ਦਰਸ਼ਨ ਕੀਤਾ ਅਤੇ 15 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਵਿਕਾਸ ਗ੍ਰਾਂਟਾਂ ਤਕਸੀਮ ਕੀਤੀਆਂ। ਉਨ੍ਹਾਂ ਗਲੀਆਂ-ਨਾਲੀਆਂ ਨੂੰ ਪੱਕਾ ਕਰਨ ਲਈ, ਪੀਣ ਵਾਲੇ ਪਾਣੀ ਦੀ ਸਪਲਾਈ ਲਈ, ਸੋਲਰ ਲਾਈਟਾਂ, ਖੇਡ ਕਿੱਟਾਂ ਅਤੇ ਜਿੰਮ, ਕਮਿਊਨਿਟੀ ਹਾਲਾਂ ਦੇ ਨਿਰਮਾਣ ਅਤੇ ਖੇਡ ਮੈਦਾਨ ਸਥਾਪਿਤ ਕਰਨ ਲਈ ਗ੍ਰਾਂਟਾਂ ਵੰਡੀਆਂ।ਉਨ੍ਹਾਂ ਲਮੋਚਰ ਕਲਾਂ ਦੇ ਸਰਕਾਰੀ ਸਕੂਲ ਵਿਚ ਰਜਿਸਟਰਡ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਸਾਈਕਲ ਵੀ ਵੰਡੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਮੁੱਖ ਮੰਤਰੀ ਦੇ ਓਐਸਡੀ ਸਤਿੰਦਰਜੀਤ ਸਿੰਘ ਮੰਟਾ ਅਤੇ ਮਨੀਸ਼ ਕੁਮਾਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਵਲੇਚਾ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਐਸਐਸਪੀ ਨਰਿੰਦਰ ਭਾਰਗਵ ਅਤੇ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।

LEAVE A REPLY