9ਚੰਡੀਗੜ੍ਹ : ਬਾਦਲ ਸਰਕਾਰ ਦੇ ਸੁਪਨਿਆਂ ਦੇ ਪ੍ਰਾਜੈਕਟ ਮੈਟਰੋ ਟਰੇਨ ‘ਤੇ ਘੱਟ ਆਬਾਦੀ ਨੇ ਗ੍ਰਹਿਣ ਲਗਾ ਦਿੱਤਾ ਹੈ, ਜਿਸ ਕਾਰਨ ਪੰਜਾਬ ‘ਚ ਅਗਲੇ 20 ਸਾਲਾਂ ਤਕ ਮੈਟਰੋ ਟਰੇਨ ਨਹੀਂ ਚੱਲੇਗੀ। ਪੰਜਾਬ ਬੁਨਿਆਦੀ ਵਿਕਾਸ ਬੋਰਡ (ਪੀ ਆਈ ਡੀ ਬੀ) ਦੇ ਸਰਵੇ ‘ਚ ਇਸ ਬਾਰੇ ਸਾਫ ਤੌਰ ‘ਤੇ ਸਲਾਹ ਦਿੱਤੀ ਗਈ ਹੈ ਕਿ 1 ਕਰੋੜ ਤੋਂ ਘੱਟ ਗਿਣਤੀ ਵਾਲੇ ਸ਼ਹਿਰ ‘ਚ ਮੈਟਰੋ ਟਰੇਨ ਚਲਾਉਣ ਦਾ ਕੋਈ ਫਾਇਦਾ ਨਹੀਂ ਹੈ। ਉਸ ਨੇ ਕਿਹਾ ਕਿ ਇਹ ਪੂਰਾ ਘਾਟੇ ਦਾ ਸੌਦਾ ਹੈ। ਲੁਧਿਆਣਾ ਦੀ ਆਬਾਦੀ ਵੀ ਅਜੇ 1 ਕਰੋੜ ਤੋਂ ਘੱਟ ਹੈ, ਜਿਸ ਨੂੰ ਇਸ ਪੱਧਰ ‘ਤੇ ਪਹੁੰਚਣ ‘ਚ ਘੱਟੋ-ਘੱਟ 20 ਸਾਲ ਦਾ ਸਮਾਂ ਲੱਗੇਗਾ। ਸਰਵੇ ਰਿਪੋਰਟ ਤੋਂ ਬਾਅਦ ਫਿਲਹਾਲ ਸਰਕਾਰ ਨੇ ਲੁਧਿਆਣਾ ‘ਚ ਮੈਟਰੋ ਪ੍ਰਾਜੈਕਟ ਮੁਲਤਵੀ ਕਰ ਦਿੱਤਾ ਹੈ। ਲੁਧਿਆਣਾ ‘ਚ ਵੀ ਅੰਮ੍ਰਿਤਸਰ ਦੀ ਤਰ੍ਹਾਂ ਬੱਸ ਰੈਪਿਡ ਟਰਾਂਜਿਟ ਸਿਸਟਮ (ਬੀ ਆਰ ਟੀ ਐੱਸ) ਦੇ ਪ੍ਰਾਜੈਕਟ ਨੂੰ ਹੀ ਲਾਗੂ ਕੀਤੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਬੱਸ ਮੈਟਰੋ ਸੁਸਾਇਟੀ ਦੇ ਅਧੀਨ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਜਾਵੇਗਾ। ਅੰਮ੍ਰਿਤਸਰ ‘ਚ ਇਸੇ ਪ੍ਰਾਜੈਕਟ ਤਹਿਤ 66 ਕਿਲੋਮੀਟਰ ਦੀ ਦੂਰੀ ‘ਚ 4 ਮਾਰਗਾਂ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।
ਪੀ. ਆਈ. ਡੀ. ਬੀ. ਨੇ 495.95 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨੂੰ ਸਤੰਬਰ ‘ਚ ਜਨਤਾ ਨੂੰ ਸੌਂਪਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ ਅੰਮ੍ਰਿਤਸਰ ‘ਚ ਬੱਸ ਅੱਡਾ, ਰੇਲਵੇ ਸਟੇਸ਼ਨ, ਜੀ. ਐੱਨ. ਡੀ. ਯੂ., ਬਾਈਪਾਸ, ਇੰਡੀਆ ਗੇਟ, ਮਾਲ ਰੋਡ, ਵੇਰਕਾ ਬਾਈਪਾਸ, ਵੇਰਕਾ ਟਾਊਨ ਅਤੇ ਛੇਹਰਟਾ ਤਕ ਆਵਾਜਾਈ ਵਿਵਸਥਾ ਵਧੀਆ ਹੋ ਜਾਵੇਗੀ। ਇਹ ਭਾਰਤ ਦਾ ਪਹਿਲਾ ਪ੍ਰਾਜੈਕਟ ਹੋਵੇਗਾ, ਜਿੱਥੇ ਮੈਟਰੋ ਟਰੇਨ ਦੀ ਤਰਜ਼ ‘ਤੇ 93 ਆਧੁਨਿਕ ਏਸੀ ਬੱਸਾਂ ਚਲਾਈਆਂ ਜਾਣਗੀਆਂ।
ਇਸ ‘ਚ ਵੀ ਮੈਟਰੋ ਵਰਗੀਆਂ ਸਹੂਲਤਾਂ ਹੋਣਗੀਆਂ
ਪੀ. ਆਈ. ਡੀ. ਬੀ. ਦੇ ਜਨਰਲ ਮੈਨੇਜਰ ਨੇ ਕਿਹਾ ਕਿ ਪਹਿਲਾਂ ਇਹ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ ਪਰ ਸਰਵੇ ਤੋਂ ਬਾਅਦ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਇਸ ਲਈ ਹੁਣ ਅੰਮ੍ਰਿਤਸਰ ਦੇ ਪ੍ਰਾਜੈਕਟ ਨੂੰ ਸਤੰਬਰ ‘ਚ ਪੂਰਾ ਕਰਕੇ ਲੁਧਿਆਣਾ, ਫਿਰ ਜਲੰਧਰ ਅਤੇ ਹੋਰ ਸ਼ਹਿਰਾਂ ਵੱਲ ਬੀ ਆਰ ਟੀ ਐੱਸ ਪ੍ਰਾਜੈਕਟ ਨੂੰ ਲੈ ਕੇ ਕੰਮ ਕੀਤਾ ਜਾਵੇਗਾ। ਸਾਡੀ ਤਿਆਰੀ ਪੂਰੀ ਹੈ। ਇਹ ਪ੍ਰਾਜੈਕਟ ਮੈਟਰੋ ਦੀ ਤਰ੍ਹਾਂ ਹੀ ਹੈ।
ਕੀ ਹੈ ਬੀ ਆਰ ਟੀ ਪ੍ਰਣਾਲੀ ?
ਬੱਸ ਰੈਪਿਡ ਟਰਾਂਜਿਟ ਪ੍ਰਣਾਲੀ ਇਕ ਬੱਸ ਆਧਾਰਿਤ ਜਨ ਆਵਾਜਾਈ ਪ੍ਰਣਾਲੀ ਹੈ, ਜੋ ਕਿ ਕੁਝ ਸ਼ਰਤਾਂ ਨੂੰ ਪੂਰਾ ਕਰਦੀ ਹੈ। ਬੀ ਆਰ ਟੀ ਪ੍ਰਣਾਲੀ ਆਮ ਤੌਰ ‘ਤੇ ਵਿਸ਼ੇਸ਼ ਡਿਜ਼ਾਈਨ, ਸੇਵਾਵਾਂ ਅਤੇ ਬੁਨਿਆਦੀ ਗੁਣਵੱਤਾ ‘ਚ ਸੁਧਾਰ ਅਤੇ ਦੇਰੀ ਦੇ ਕਾਰਨਾਂ ਨੂੰ ਦੂਰ ਕਰਨ ਲਈ ਹੁੰਦੀ ਹੈ।

LEAVE A REPLY