3ਅੰਮ੍ਰਿਤਸਰ: ਇਤਿਹਾਸਕ ਸ਼ਹਿਰ ਅੰਮ੍ਰਿਤਸਰ ਜਲਦੀ ਹੀ ਪੰਜਾਬ ਦਾ ਪਹਿਲਾ ਕੂੜਾ ਮੁਕਤ ਸ਼ਹਿਰ ਬਣ ਜਾਵੇਗਾ। ਇਹ ਦਾਅਵਾ ਪੰਜਾਬ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਕੀਤਾ ਹੈ। ਜੋਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ, ਗਲੀਆਂ ਵਿੱਚ ਕੂੜੇ ਦੇ ਢੇਰ ਹੁਣ ਬਹੁਤ ਛੇਤੀ ਨਜ਼ਰ ਨਹੀਂ ਆਉਣਗੇ। ਹਰੇਕ ਘਰ ਵਿੱਚੋਂ ਕੂੜਾ ਚੁੱਕਣ ਵਾਲੀ ਗੱਡੀ ਆ ਕੇ ਕੂੜੇ ਦੇ ਡੱਬੇ ਚੁੱਕਿਆ ਕਰੇਗੀ। ਇਸ ਪ੍ਰਾਜੈਕਟ ਦੇ ਹੋਂਦ ਵਿੱਚ ਆਉਣ ਨਾਲ ਅੰਮ੍ਰਿਤਸਰ ਪੰਜਾਬ ਦਾ ਪਹਿਲਾ ਕੂੜਾ ਮੁਕਤ ਸ਼ਹਿਰ ਬਣ ਜਾਵੇਗਾ।
ਜੋਸ਼ੀ ਨੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਸਾਲਿਡ ਵੇਸਟ ਮੈਨਜਮੈਂਟ ਪਲਾਂਟ ਦੇ ਪਹਿਲੇ ਪੜਾਅ, ਜਿਸ ਵਿੱਚ ਘਰਾਂ ਵਿੱਚ ਕੂੜਾ ਚੁੱਕਣ ਦਾ ਕੰਮ ਹੈ, ਦੀ ਰਸਮੀ ਸ਼ੁਰੂਆਤ ਮੌਕੇ ਕਿਹਾ ਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ। ਇਸ ਦੇ ਵਿਕਾਸ ਨੂੰ ਪੰਜਾਬ ਸਰਕਾਰ ਨੇ ਹਮੇਸ਼ਾ ਤਰਜੀਹ ਦਿੱਤੀ ਹੈ, ਪਰ ਹੋਰ ਕੰਮਾਂ ‘ਤੇ ਉਸ ਵੇਲੇ ਪਾਣੀ ਫਿਰ ਜਾਂਦਾ ਸੀ, ਜਦ ਕੋਈ ਇਸ ਦੀਆਂ ਸੜਕਾਂ ‘ਤੇ ਲੱਗੇ ਕੂੜੇ ਦੇ ਢੇਰ ਵੇਖਦਾ ਸੀ। ਇਹ ਕੰਮ ਹੁਣ ਸੋਲਿਡ ਵੇਸਟ ਮੈਨਜਮੈਂਟ ਅਧੀਨ ਦੋ ਵਿਸ਼ਵ ਪੱਧਰ ਦੀਆਂ ਕੰਪਨੀਆਂ ਹਿਟਾਚੀ ਤੇ ਐਸਲ ਵਰਲਡ ਨੂੰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਉਕਤ ਕੰਪਨੀਆਂ ਹਰੇਕ ਘਰ ਨੂੰ ਦੋ-ਦੋ ਡਸਟਬਿਨ ਮੁਫ਼ਤ ਮੁਹੱਈਆ ਕਰਵਾਉਣਗੀਆਂ ਤੇ ਕੰਪਨੀ ਦੀ ਗੱਡੀ ਹਰੇਕ ਘਰ ਵਿੱਚੋਂ ਕੂੜਾ ਚੁੱਕੇਗੀ। ਇਸ ਛੋਟੀ ਗੱਡੀ ਵਿੱਚੋਂ ਕੂੜਾ ਵੱਡੀ ਗੱਡੀ ਤਬਦੀਲ ਕਰਕੇ ਪਲਾਂਟ ਤੱਕ ਲਿਜਾਇਆ ਜਾਵੇਗਾ, ਜਿੱਥੇ ਇਸ ਨੂੰ ਪ੍ਰੋਸੈਸ ਕਰਕੇ ਬਿਜਲੀ ਤੇ ਖਾਦ ਬਣਾਈ ਜਾਵੇਗੀ। ਕੰਪਨੀ ਇਸ ਕੰਮ ਲਈ ਸ਼ਹਿਰ ਵਿੱਚ 234 ਛੋਟੀਆਂ ਗੱਡੀਆਂ, 21 ਕੰਪੈਕਟਰ, 6 ਡੰਪਰ ਪਲੇਸਰ ਵਰਤੇਗੀ ਤੇ ਅੰਦਾਜ਼ਨ 4 ਲੱਖ ਡਸਟਬਿਨ ਸ਼ਹਿਰ ਵਿੱਚ ਦਿੱਤੇ ਜਾਣਗੇ।
ਜੋਸ਼ੀ ਮੁਤਾਬਕ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ, ਪਟਿਆਲਾ, ਲੁਧਿਆਣਾ, ਬੰਠਿੰਡਾ, ਮੋਹਾਲੀ, ਫਿਰੋਜ਼ਪੁਰ, ਪਠਾਨਕੋਟ ਵਿੱਚ ਵੀ ਅਜਿਹੇ ਪ੍ਰਾਜੈਕਟ ਛੇਤੀ ਹੀ ਹੋਂਦ ਵਿੱਚ ਆ ਜਾਣਗੇ ਤੇ ਪੰਜਾਬ ਵਿੱਚ ਕੂੜੇ ਦਾ ਮੁਕੰਮਲ ਹੱਲ ਹੋ ਜਾਵੇਗਾ।

LEAVE A REPLY