5ਜਲੰਧਰ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਜਿਸ ਦੇ ਤਹਿਤ ਅਦਾਲਤ ਨੇ ਦਿੱਲੀ ਸਰਕਾਰ ਅਤੇ ਲੈਫਟੀਨੈਂਟ ਗਵਰਨਰ ਦੀ ਭੂਮਿਕਾ ਨੂੰ ਹੁਣ ਸਪੱਸ਼ਟ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣਬੁੱਝ ਕੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਉਨ੍ਹਾਂ ਨੇ ਇਸ ਗੱਲ ਦਾ ਵੀ ਧਿਆਨ ਨਹੀਂ ਰੱਖਿਆ ਕਿ ਹਰੇਕ ਸਰਕਾਰ ਨੂੰ ਕੁਝ ਕਾਨੂੰਨੀ ਅਤੇ ਸੰਵਿਧਾਨਕ ਹੱਦਾਂ ‘ਚ ਰਹਿ ਕੇ ਕੰਮ ਕਰਨਾ ਪੈਂਦਾ ਹੈ। ਲੜਾਈ ਦੇ ਚੱਕਰ ਵਿਚ ਕੇਜਰੀਵਾਲ ਆਪਣੀ ਅਸਲੀ ਭੂਮਿਕਾ ਨੂੰ ਭੁੱਲ ਬੈਠੇ ਅਤੇ ਜਨਤਾ ਦੀ ਅਣਦੇਖੀ ਹੋਣ ਲੱਗੀ, ਜਿਸ ਨੇ ਕੇਜਰੀਵਾਲ ਨੂੰ ਚੁਣ ਕੇ ਭੇਜਿਆ ਸੀ।
ਉਨ੍ਹਾਂ ਕਿਹਾ ਕਿ ਆਪਣੇ ਤਾਨਾਸ਼ਾਹੀ ਢੰਗਾਂ ਅਤੇ ਫੈਸਲਿਆਂ ਨਾਲ ਕੇਜਰੀਵਾਲ ਨੇ ਦਿੱਲੀ ‘ਚ ਲੈਫਟੀਨੈਂਟ ਗਵਰਨਰ ਦੀਆਂ ਸ਼ਕਤੀਆਂ ਨੂੰ ਵੀ ਹਥਿਆਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਹੁਣ ਦਿੱਲੀ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲੈਫਟੀਨੈਂਟ ਗਵਰਨਰ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਦੇ ਪ੍ਰਸ਼ਾਸਨਿਕ ਮੁਖੀ ਹਨ। ਮੁੱਖ ਮੰਤਰੀ ਖੁਦ ਨੂੰ ਵੱਧ ਸ਼ਕਤੀਸ਼ਾਲੀ ਦਰਸਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਰਹੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਤੋਂ ਪਹਿਲਾਂ ਵੀ ਦਿੱਲੀ ਵਿਚ ਮੁੱਖ ਮੰਤਰੀ ਰਹੇ ਹਨ, ਜੋ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਸਨ, ਉਨ੍ਹਾਂ ਨੂੰ ਤਾਂ ਕਦੇ ਵੀ ਅਜਿਹੀ ਹਾਲਤ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਵੇਂ ਅੱਜ ਕੇਜਰੀਵਾਲ ਨੂੰ ਕਰਨਾ ਪੈ ਰਿਹਾ ਹੈ। ਪੁਰਾਣੇ ਮੁੱਖ ਮੰਤਰੀਆਂ ਨੇ ਦਿੱਲੀ ਨੂੰ ਵਿਕਸਿਤ ਕਰਨ ਅਤੇ ਵਿਕਾਸ ਕਾਰਜਾਂ ਵੱਲ ਧਿਆਨ ਦਿੱਤਾ। ਉਨ੍ਹਾਂ ਸਾਰੇ ਮੁੱਖ ਮੰਤਰੀਆਂ ਨੇ ਕਾਨੂੰਨ ਵੱਲੋਂ ਮਿਲੀ ਭੂਮਿਕਾ ਦੇ ਤਹਿਤ ਹੀ ਹੱਦ ਵਿਚ ਰਹਿ ਕੇ ਕੰਮ ਕੀਤਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਬਹੁਤ ਹੀ ਜ਼ਿਆਦਾ ਖਾਹਿਸ਼ੀ ਹੋ ਜਾਏ ਤਾਂ ਸਮੱਸਿਆਵਾਂ ਤਾਂ ਉਭਰਦੀਆਂ ਹੀ ਹਨ। ਕੇਜਰੀਵਾਲ ਵੀ ਐਵੇਂ ਸਿਆਸੀ ਵਿਤਕਰੇ ਦੇ ਦੋਸ਼ ਲਾਉਂਦੇ ਰਹੇ। ਉਨ੍ਹਾਂ ਨੇ ਹੋਰਨਾਂ ਦੀਆਂ ਸ਼ਕਤੀਆਂ ਤੇ ਅਧਿਕਾਰਾਂ ਵੱਲ ਆਪਣੀਆਂ ਅੱਖਾਂ ਕੇਂਦਰਿਤ ਰੱਖੀਆਂ। ਕੈਪਟਨ ਨੇ ਕਿਹਾ ਕਿ ਕੇਜਰੀਵਾਲ ਨੂੰ ਸੰਵਿਧਾਨ ਤੇ ਕਾਨੂੰਨ ਤੋਂ ਮਿਲੀਆਂ ਸ਼ਕਤੀਆਂ ਦੇ ਤਹਿਤ ਹੀ ਆਪਣੇ-ਆਪ ਨੂੰ ਸੀਮਤ ਰੱਖਣਾ ਚਾਹੀਦਾ ਹੈ, ਉਸ ਘੇਰੇ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹ ਆਪਣਾ ਧਿਆਨ ਦਿੱਲੀ ਦੇ ਵਿਕਾਸ ਵੱਲ ਲਾਉਣ। ਆਪਣੀ ਊਰਜਾ ਐਵੇਂ ਫਜ਼ੂਲ ਦੇ ਕੰਮਾਂ ‘ਚ ਨਾ ਖਰਚਣ।

LEAVE A REPLY