3ਪਟਿਆਲਾ  :  ਭਗਵਾਨ ਵਾਲਮੀਕਿ ਖਿਲਾਫ ਆਏ ਦਿਨ ਫਿਲਮਾਂ ਅਤੇ ਹੋਰ ਥਾਵਾਂ ‘ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਭੜਕਿਆ ਸਮਾਜ ਸੜਕਾਂ ‘ਤੇ ਉਤਰ ਆਇਆ ਹੈ। ਭਗਵਾਨ ਵਾਲਮੀਕਿ ਸਨਮਾਨ ਸੁਰੱਖਿਆ ਸੰਮਤੀ ਦੀ ਅਗਵਾਈ ਹੇਠ ਸ਼ਹਿਰ ਵਿਚ ਜਗ੍ਹਾ-ਜਗ੍ਹਾ ਪ੍ਰਦਰਸ਼ਨ ਕੀਤੇ। ਵਾਲਮੀਕਿ ਸਮਾਜ ਦੀ ਮੰਗ ‘ਤੇ ਸ਼ਹਿਰ ਵਿਚ ‘ਬੰਦ’ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ 90 ਫੀਸਦੀ ਸ਼ਹਿਰ ਬੰਦ ਰਿਹਾ। ਵਾਰਡ ਨੰਬਰ 23 ਦੀ ਕੌਂਸਲਰ ਨਿਰਮਲਾ ਦੇਵੀ, ਵੀਰ ਜਤਿੰਦਰ ਪਿੰ੍ਰਸ, ਵੀਰ ਲਵਲੀ ਅਛੂਤ, ਨਰੇਸ਼ ਬੌਬੀ, ਵੀਰ ਕੁਸ਼ਵਿੰਦਰ ਕਲਿਆਣ, ਵੀਰ ਰਾਜੇਸ਼ ਅਗਰਵਾਲ, ਵੀਰ ਜਸਵਿੰਦਰ ਬੇਰੀ, ਡਾ. ਅਮਰ ਬਾਲੂ, ਵੀਰ ਜਤਿੰਦਰ ਰਾਜੀ, ਵੀਰ ਹਰਵਿੰਦਰ ਸਹੋਤਾ, ਵੀਰ ਜੀਵਨ ਦਾਸ ਗਿੱਲ, ਵੀਰ ਰਜਿੰਦਰ ਮੱਟੂ, ਵਿਜੇ ਚੌਹਾਨ, ਵੀਰ ਲਛਮਣ ਦਰਾਵਿੜ, ਰਾਜੇਸ਼ ਮੱਟੂ, ਰਾਜ ਕੁਮਾਰ ਬਿਡਲਾਨ, ਰਾਜੀਵ ਕੁਮਾਰ ਗਾਮਾ, ਵੀਰ ਅਰੁਣ ਧਾਲੀਵਾਲ, ਵੀਰ ਬਿੰਨੀ ਸਹੋਤਾ, ਦਲਵੀਰ ਟਿਵਾਣਾ, ਵੀਰ ਜੋਨੀ ਅਟਵਾਲ, ਜਤਿੰਦਰ ਮੱਟੂ, ਵੀਰ ਪ੍ਰਗਟ ਸਹੋਤਾ ਤੇ ਰਾਜੇਸ਼ ਘਾਰੂ ਦੀ ਅਗਵਾਈ ਹੇਠ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ। ਵੱਖ-ਵੱਖ ਇਲਾਕਿਆਂ ਤੋਂ ਵਾਲਮੀਕਿ ਸਮਾਜ ਦੇ ਆਗੂਆਂ ਨੇ ਆਪਣੇ-ਆਪਣੇ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕੀਤੇ। ਤ੍ਰਿਪੜੀ, ਲਾਹੌਰੀ ਗੇਟ ਬਾਜ਼ਾਰ, ਧਰਮਪੁਰਾ ਬਾਜ਼ਾਰ, ਅਦਾਲਤ ਬਾਜ਼ਾਰ, ਸ਼ੇਰਾਂਵਾਲਾ ਗੇਟ, ਸ਼ੇਰੇ-ਪੰਜਾਬ ਮਾਰਕੀਟ ਤੇ ਆਰੀਆ ਸਮਾਜ ਤੋਂ ਇਲਾਵਾ ਹੋਰ ਸਮੁੱਚੇ ਪ੍ਰਮੁੱਖ ਬਾਜ਼ਾਰ 90 ਫੀਸਦੀ ਬੰਦ ਰਹੇ। ਪ੍ਰਦਰਸ਼ਨ ਤੋਂ ਬਾਅਦ ਸੰਮਤੀ ਵੱਲੋਂ ਡਿਪਟੀ ਕਮਿਸ਼ਨਰ ਦੁਆਰਾ ਭੇਜੇ ਗਏ ਪ੍ਰਤੀਨਿਧੀ ਮੈਜਿਸਟ੍ਰੇਟ ਹਰਸਿਮਰਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਮੰਗ-ਪੱਤਰ ਦਿੱਤਾ। ਲੋਕਾਂ ਨੇ ਇਸ ਮਾਮਲੇ ‘ਤੇ ਵਾਲਮੀਕਿ ਸਮਾਜ ਦਾ ਡਟ ਕੇ ਸਾਥ ਦਿੱਤਾ। ਸ਼ਹਿਰ ਦੀਆਂ ਹਿੰਦੂ ਸੰਸਥਾਵਾਂ ਸ਼ਿਵ ਸੈਨਾ ਹਿੰਦੁਸਤਾਨ, ਹਿੰਦੂ ਕ੍ਰਾਂਤੀ ਦਲ, ਹਿੰਦੂ ਵੈੱਲਫੇਅਰ ਬੋਰਡ ਤੇ ਅਗਰਵਾਲ ਸਭਾ ਤੋਂ ਇਲਾਵਾ ਹੋਰਨਾਂ ਕਈ ਸੰਸਥਾਵਾਂ ਨੇ ਇਸ ‘ਬੰਦ’ ਵਿਚ ਸਮਾਜ ਦਾ ਸਾਥ ਦਿੱਤਾ।
ਇਸ ਮੌਕੇ ਮੰਗ ਕੀਤੀ ਕਿ ਅੱਜ ਰਿਲੀਜ਼ ਹੋਈ ‘ਲੀਜ਼ੈਂਡ ਆਫ ਮਾਈਕਲ ਮਿਸ਼ਰਾ’ ਫਿਲਮ ‘ਤੇ ਮੁਕੰਮਲ ਪਾਬੰਦੀ ਲਾਈ ਜਾਵੇ। ਨਾਲ ਹੀ ਮੰਗ ਕੀਤੀ ਗਈ ਫਿਲਮ ਸੈਂਸਰ ਬੋਰਡ ਵਿਚ ਵਾਲਮੀਕਿ ਸਮਾਜ ਦੇ ਇਕ ਮੈਂਬਰ ਨੂੰ ਸ਼ਾਮਲ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅੰਗਾਂ ਦੇ ਅਪਮਾਨ ਉਪਰੰਤ ਪੰਜਾਬ ਵਿਧਾਨ ਸਭਾ ਵੱਲੋਂ ਕਾਨੂੰਨ ਪਾਸ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ। ਇਸੇ ਤਰ੍ਹਾਂ ਦਾ ਕਾਨੂੰਨ ਭਗਵਾਨ ਵਾਲਮੀਕਿ, ਸਤਿਗੁਰੂ ਰਵਿਦਾਸ ਜੀ, ਸਤਿਗੁਰ ਕਬੀਰ ਜੀ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਰਗੇ ਮਹਾਪੁਰਸ਼ਾਂ ਖਿਲਾਫ ਅਪਸ਼ਬਦ ਬੋਲਣ ਅਤੇ ਕੂੜ-ਪ੍ਰਚਾਰ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦਾ ਕਾਨੂੰਨ ਬਣਾਇਆ ਜਾਵੇ। ‘ਬੰਦ’ ਦੇ ਮੱਦੇਨਜ਼ਰ ਜ਼ਿਲਾ ਤੇ ਪੁਲਸ ਪ੍ਰਸ਼ਾਸਨ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਲੋਕਾਂ ਆਪਣੀਆਂ ਦੁਕਾਨਾਂ ਆਪ ਹੀ ਬੰਦ ਰੱਖੀਆਂ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

LEAVE A REPLY