10ਚੰਡੀਗੜ੍ਹ  :  ਸ਼ਹਿਰ ਦੇ ਕੂੜੇ ਦੇ ਨਿਸਤਾਰਨ ਦੀ ਸਮੱਸਿਆ ਨਾਲ ਲਗਾਤਾਰ ਜੂਝ ਰਿਹਾ ਨਗਰ ਨਿਗਮ ਹੁਣ ਕੂੜੇ ਨਾਲ ਬਿਜਲੀ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਦੇਸ਼ ਦੀ ਹੀ ਇਕ ਕੰਪਨੀ ਨਾਲ ਗੱਲਬਾਤ ਚੱਲ ਰਹੀ ਹੈ। ਇਹ ਕੰਪਨੀ ਫਿਲਹਾਲ ਉਤਰ ਪ੍ਰਦੇਸ਼ ਦੇ ਬਾਰਾਬੰਕੀ ‘ਚ ਅਜਿਹਾ ਗਾਰਬੇਜ ਪ੍ਰਾਸੈਸਿੰਗ ਪਲਾਂਟ ਚਲਾ ਰਹੀ ਹੈ। ਨਗਰ ਨਿਗਮ ਕਮਿਸ਼ਨਰ ਤੇ ਮੇਅਰ ਇਸ ਪਲਾਂਟ ਦਾ ਜਾਇਜ਼ਾ ਲੈਣ ਲਈ ਐਤਵਾਰ ਨੂੰ ਬਾਰਾਬੰਕੀ ਜਾ ਰਹੇ ਹਨ।
ਸ਼ਹਿਰ ‘ਚ ਪਿਛਲੇ ਕਈ ਸਾਲਾਂ ਤੋਂ ਜੇ. ਪੀ. ਗਰੁੱਪ ਆਫ਼ ਕੰਪਨੀਜ਼ ਵਲੋਂ ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ਦੇ ਸਾਹਮਣੇ ਇਕ ਪਲਾਂਟ ਲਾ ਕੇ ਇਥੇ ਗਾਰਬੇਜ ਦੀ ਪ੍ਰਾਸੈਸਿੰਗ ਕਰਕੇ ਈਂਧਨ ਬਣਾਇਆ ਜਾ ਰਿਹਾ ਹੈ ਪਰ ਇਸ ਪਲਾਂਟ ਦੇ ਲੱਗਣ ਨਾਲ ਵੀ ਡੱਡੂਮਾਜਰਾ ਤੇ ਡੰਪਿੰਗ ਗਰਾਊਂਡ ਦੇ ਆਸ-ਪਾਸ ਦੇ ਖੇਤਰ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਰਾਹਤ ਨਹੀਂ ਮਿਲੀ ਹੈ। ਜਦੋਂ ਇਸ ਪਲਾਂਟ ‘ਚ ਗਾਰਬੇਜ ਪ੍ਰਾਸੈਸਿੰਗ ਸ਼ੁਰੂ ਹੁੰਦੀ ਹੈ ਤਾਂ ਆਸ-ਪਾਸ ਦਾ ਪੂਰਾ ਇਲਾਕਾ ਬਦਬੂ ਨਾਲ ਪ੍ਰੇਸ਼ਾਨ ਹੋ ਜਾਂਦਾ ਹੈ। ਲੋਕਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਨਗਰ ਨਿਗਮ ਪ੍ਰਸ਼ਾਸਨ ਜੇ. ਪੀ. ਗਰੁੱਪ ਦੇ ਇਸ ਗਾਰਬੇਜ ਪ੍ਰਾਸੈਸਿੰਗ ਪਲਾਂਟ ਦੀ ਪਰਫਾਮੈਂਸ ਤੋਂ ਖੁਸ਼ ਨਹੀਂ ਹੈ। ਇਹੀ ਕਾਰਨ ਹੈ ਕਿ ਪਿਛਲੇ ਦਿਨੀਂ ਵਿਵਾਦ ਤੋਂ ਬਾਅਦ ਜੇ. ਪੀ. ਗਰੁੱਪ ਨੇ ਆਪਣੀਆਂ ਨਵੀਆਂ ਸ਼ਰਤਾਂ ਲਾ ਕੇ ਇਸ ਗਾਰਬੇਜ ਪ੍ਰਾਸੈਸਿੰਗ ਪਲਾਂਟ ਨੂੰ ਬੰਦ ਕਰ ਦਿੱਤਾ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਆਦੇਸ਼ਾਂ ‘ਤੇ ਡੱਡੂਮਾਜਰਾ ਦੇ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪਿਛਲੇ ਦਿਨੀਂ ਜੇ. ਪੀ. ਗਰੁੱਪ ਨੇ ਗਾਰਬੇਜ ਪ੍ਰਾਸੈਸਿੰਗ ਪਲਾਂਟ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਪਰ ਨਗਰ ਨਿਗਮ ਪ੍ਰਸ਼ਾਸਨ ਜੇ. ਪੀ. ਗਰੁੱਪ ਦੇ ਇਸ ਪਲਾਂਟ ਨੂੰ 30 ਸਾਲ ਦੇ ਐਗਰੀਮੈਂਟ ਦੇ ਬਾਵਜੂਦ ਅੱਗੇ ਚਾਲੂ ਰੱਖਣ ਦੇ ਮੂਡ ‘ਚ ਨਹੀਂ ਹੈ। ਇਸ ਲਈ ਸ਼ਹਿਰ ਹੁਣ ਸ਼ਹਿਰ ਦੇ ਕੂੜੇ ਦੇ ਨਿਸਤਾਰਨ ਲਈ ਵਿਕਲਪਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

LEAVE A REPLY