2ਮੇਡਕ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਮੇਡਕ ਜ਼ਿਲੇ ਦੇ ਕੋਮਤੀਬੰਦਾ ਪਿੰਡ ‘ਚ ਹਰੇਕ ਘਰ ਨੂੰ ਪਾਈਪ ਜ਼ਰੀਏ ਪੀਣ ਵਾਲਾ ਪਾਣੀ ਉਪਲੱਬਧ ਕਰਾਉਣ ਦੀ ਸੂਬਾ ਸਰਕਾਰ ਦਾ ਪ੍ਰਾਜੈਕਟ ‘ਮਿਸ਼ਨ ਭਾਗੀਰਥ’ ਦਾ ਸ਼ੁੱਭ ਆਰੰਭ ਕੀਤਾ। ਮੋਦੀ ਨੇ ਇਕ ਟੂਟੀ ਖੋਲ੍ਹ ਕੇ 40,000 ਕਰੋੜ ਰੁਪਏ ਤੋਂ ਵਧ ਦੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਪ੍ਰਾਜੈਕਟ ਦੇ ਪਹਿਲੇ ਪੜਾਅ ਅਧੀਨ ਗਾਜਵੇਲ ਦੇ 240 ਤੋਂ ਵਧ ਪਿੰਡਾਂ ‘ਚ ਪੀਣ ਦੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਗਾਜਵੇਲ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦਾ ਚੋਣ ਖੇਤਰ ਹੈ। ਇਸ ਮੌਕੇ ‘ਤੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਰਾਜਪਾਲ ਈ. ਐੱਸ. ਐੱਲ. ਨਰਸਿਮ੍ਹਨ, ਸ਼੍ਰੀ ਰਾਵ, ਕੇਂਦਰੀ ਮੰਤਰੀ ਐੱਮ. ਵੈਂਕਈਆ ਨਾਇਡੂ ਅਤੇ ਬੰਡਾਰੂ ਦੱਤਾਤ੍ਰੇਯ ਵੀ ਮੌਜੂਦ ਸਨ।
‘ਮਿਸ਼ਨ ਭਾਗੀਰਥ’ ਦੇ ਉਦਘਾਟਨ ਦੇ ਨਾਲ ਹੀ ਗਾਜਵੇਲ ‘ਚ 240 ਪਿੰਡਾਂ ਦੇ 66 ਹਜ਼ਾਰ ਤੋਂ ਵਧ ਘਰਾਂ ‘ਚ ਪਾਈਪ ਜ਼ਰੀਏ ਪਾਣੀ ਉਪਲੱਬਧ ਕਰਵਾਇਆ ਜਾਵੇਗਾ। ਇਸ ਪ੍ਰਾਜੈਕਟ ਦੇ ਸ਼ੁੱਭ ਆਰੰਭ ਨਾਲ ਰਾਵ ਦਾ ਚੋਣਾਵੀ ਵਾਅਦਾ ਵੀ ਪੂਰਾ ਹੋ ਗਿਆ। ਰਾਵ ਹਰ ਜਨ ਸਭਾ ਵਿਚ ਇਹ ਕਹਿੰਦੇ ਰਹੇ ਹਨ ਕਿ ਜੇਕਰ ਉਨ੍ਹਾਂ ਦੀ ਸਰਕਾਰ ਇਹ ਵਾਅਦਾ ਪੂਰਾ ਕਰਨ ‘ਚ ਨਾਕਾਮ ਰਹੀ ਤਾਂ ਉਹ 2019 ਦੀਆਂ ਵਿਧਾਨ ਸਭਾ ਚੋਣਾਂ ‘ਚ ਲੋਕਾਂ ਤੋਂ ਵੋਟਾਂ ਨਹੀਂ ਮੰਗਣਗੇ। ‘ਮਿਸ਼ਨ ਭਾਗੀਰਥ’ ਅਧੀਨ ਅਗਲੇ 3 ਮਹੀਨਿਆਂ ਵਿਚ ਨਾਲਗੋਂਡਾ, ਵਾਰੰਗਲ, ਰੰਗਾ ਰੈੱਡੀ ਅਤੇ ਮਹਿਬੂਬਨਗਰ ਜ਼ਿਲਿਆਂ ਦੇ ਹੋਰ 9 ਚੋਣ ਖੇਤਰਾਂ ਵਿਚ ਵੀ ਪਾਈਪ ਜ਼ਰੀਏ ਪੀਣ ਵਾਲਾ ਪਾਣੀ ਉਪਲੱਬਧ ਕਰਵਾਇਆ ਜਾਵੇਗਾ।
ਮੋਦੀ ਨੇ ਕੋਮਤੀਬੰਦਾ ਪਿੰਡ ਤੋਂ ਰਿਮੋਟ ਜ਼ਰੀਏ ਅਦੀਲਾਬਾਦ ਜ਼ਿਲੇ ਦੇ ਜੈਪੁਰ ‘ਚ 1200 ਮੈਗਾਵਾਟ ਦੇ ਸਿੰਗਰੇਨੀ ਤਾਪ ਬਿਜਲੀ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਤੋਂ ਇਲਾਵਾ ਮੋਦੀ ਨੇ ਮਨੋਹਰਬਾਦ-ਕੋਥਾਪੱਲੀ ਰੇਲ ਲਾਈਨ ਦੀ ਵਾ ਨੀਂਹ ਪੱਥਰ ਰੱਖਿਆ।

LEAVE A REPLY