4ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਨੇ ਆਰ. ਐੱਸ. ਐੱਸ. ਨੇਤਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ (ਰਿਟਾ.) ‘ਤੇ ਬੀਤੀ ਰਾਤ ਜਲੰਧਰ ‘ਚ ਹੋਏ ਜਾਨਲੇਵਾ ਹਮਲੇ ਨੂੰ ਸੂਬੇ ‘ਚ ਵਿਧਾਨ ਸਭਾ ਚੋਣਾਂ ਦੀ ਪੂਰਵ ਸੰਧਿਆ ‘ਤੇ ਜਨਤਾ ਨੂੰ ਸੰਪ੍ਰਦਾਇਕ ਆਧਾਰ ‘ਤੇ ਵੰਡਣ ਦੀ ਸਾਜ਼ਿਸ਼ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਸ ਦੇ ਲਈ ਬਾਦਲ ਸਰਕਾਰ ਜ਼ਿੰਮੇਵਾਰ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਜਿੱਤਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਪਿਛਲੇ ਕੁਝ ਮਹੀਨਿਆਂ ‘ਚ ਸੂਬੇ ‘ਚ ਫਿਰਕੂ ਤਣਾਅ ਬਣਾਉਣ ਦੀਆਂ ਕਈ ਘਟਨਾਵਾਂ ਹੋਈਆਂ ਹਨ। ਸਪੱਸ਼ਟ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਾਣ-ਬੁੱਝ ਕੇ ਫਿਰਕੂ ਆਧਾਰ ‘ਤੇ ਵੰਡਣ ਦਾ ਯਤਨ ਕੀਤਾ ਜਾ ਰਿਹਾ ਹੈ। ਅਮਰਿੰਦਰ ਨੇ ਕਿਹਾ ਕਿ ਬਾਦਲ ਦਾ ਮੰਨਣਾ ਹੈ ਕਿ ਲੋਕਾਂ ਨੂੰ ਧਰਮ ਦੇ ਆਧਾਰ ‘ਤੇ ਵੰਡਣ ਨਾਲ ਉਨ੍ਹਾਂ ਨੂੰ ਚੋਣਾਂ ‘ਚ ਲਾਭ ਹੋਵੇਗਾ ਪਰ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਇਕ ਬਹੁਤ ਹੀ ਖਤਰਨਾਕ ਖੇਡ ਹੈ।
ਅਮਰਿੰਦਰ ਨੇ ਆਮ ਆਦਮੀ ਪਾਰਟੀ ਵਲੋਂ ਐਲਾਨ ਕੀਤੀ ਗਈ ਆਪਣੇ ਉਮੀਦਵਾਰਾਂ ਦੀ ਲਿਸਟ ਨੂੰ ਫਲਾਪ ਦੱਸਿਆ। ਇਕ ਸੁਆਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਉਨ੍ਹਾ ਨੂੰ ਪਤਾ ਹੈ ਕਿ ਛੋਟੇਪੁਰ ਨਾਰਾਜ਼ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਆਪ ਛੱਡ ਕੇ ਕਾਂਗਰਸ ‘ਚ ਆ ਜਾਣਗੇ। ਜਿਥੇ ਤਕ ਨਵਜੋਤ ਸਿੰਘ ਸਿੱਧੂ ਦਾ ਸੁਆਲ ਹੈ, ਉਨ੍ਹਾਂ ਲਈ ਕਾਂਗਰਸ ਦੇ ਬੂਹੇ ਖੁੱਲ੍ਹੇ ਹਨ ਪਰ ਉਨ੍ਹਾਂ ਦਾ ਆਧਾਰ ਸਿਰਫ ਅੰਮ੍ਰਿਤਸਰ ‘ਚ ਹੀ ਹੈ।
ਅਮਰਿੰਦਰ ਨੇ ਕਿਹਾ ਕਿ ਦੇਸ਼ ਭਰ ‘ਚ ਖੇਤਰੀ ਪਾਰਟੀਆਂ ਉਭਰ ਰਹੀਆਂ ਹਨ। ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਕਾਂਗਰਸ ਹਾਈਕਮਾਨ ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਆਪਣਾ ਮੁੱਖ ਮੰਤਰੀ ਚਿਹਰਾ ਐਲਾਨ ਕਰ ਦੇਵੇ। ਲੋਕ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਲੀਡਰਸ਼ਿਪ ਕੌਣ ਪ੍ਰਦਾਨ ਕਰੇਗਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਮਾਂ ਰਹਿੰਦੇ ਟਿਕਟਾਂ ਐਲਾਨ ਕਰ ਦੇਵੇਗੀ।
ਅਮਰਿੰਦਰ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਪੰਜਾਬ ਪੁਲਸ ਦੇ ਬਰਖਾਸਤ ਡੀ. ਐੱਸ. ਪੀ. ਜਗਦੀਸ਼ ਭੋਲਾ ਵਲੋਂ ਕੀਤੇ ਗਏ ਖੁਲਾਸਿਆਂ ਦੀ ਜਾਂਚ ਬਹੁਤ ਹੀ ਹੌਲੀ ਗਤੀ ਨਾਲ ਕਰ ਰਿਹਾ ਹੈ, ਕਿਉਂਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕਿਸੇ ਦੀ ਮਦਦ ਕਰਨਾ ਚਾਹੁੰਦੇ ਹਨ। ਈ. ਡੀ. ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਨੂੰ ਨੋਟਿਸ ਜਾਰੀ ਕਰਨ ‘ਚ ਬਹੁਤ ਹੀ ਫੁਰਤੀ ਦਿਖਾਈ ਹੈ ਪਰ ਬਹੁ ਕਰੋੜੀ ਡਰੱਗ ਘੋਟਾਲੇ ਦੀ ਜਾਂਚ ਹਾਲੇ ਵੀ ਅੱਧ ਵਿਚਕਾਰ ਹੀ ਲਟਕੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਪੁਲਸ ਵਲੋਂ ਕੀਤੀ ਜਾ ਰਹੀ ਭਰਤੀ ਦੌਰਾਨ ਕੀਤੀ ਜਾ ਰਹੀ ਨਸ਼ਿਆਂ ਦੀ ਜਾਂਚ ਫਰਜ਼ੀ ਹੈ ਅਤੇ ਉਨ੍ਹਾਂ ਦੇ ਅੰਕੜਿਆਂ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ।

LEAVE A REPLY