7ਇਸਲਾਮਾਬਾਦ: ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਪੂਰੀ ਤਰ੍ਹਾਂ ਘਬਰਾਏ ਸੰਗਠਨ ਦੇ ਮੁਖੀ ਸਈਅਦ ਸਲਾਹੁਦੀਨ ਨੇ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਿਜ਼ਬੁਲ ਮੁਜ਼ਾਹਦੀਨ ਦੇ ਮੁਖੀ ਸਈਅਦ ਸਲਾਹੁਦੀਨ ਨੇ ਕਸ਼ਮੀਰ ਮੁੱਦੇ ਉੱਤੇ ਭਾਰਤ ਨੂੰ ਤਾਜ਼ਾ ਧਮਕੀ ਦਿੱਤੀ ਹੈ। ਸਲਾਹੁਦੀਨ ਨੇ ਆਖਿਆ ਹੈ ਕਿ ਜੇਕਰ ਕਸ਼ਮੀਰ ਮੁੱਦੇ ਦਾ ਹੱਲ ਨਹੀਂ ਕੀਤਾ ਗਿਆ ਤਾਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਪ੍ਰਮਾਣੂ ਜੰਗ ਹੋ ਸਕਦੀ ਹੈ।
ਉਨ੍ਹਾਂ ਆਖਿਆ ਕਿ ਪਾਕਿਸਤਾਨ ਕਸ਼ਮੀਰੀਆਂ ਦਾ ਹਰ ਤਰ੍ਹਾਂ ਨਾਲ ਸਾਥ ਦੇਣ ਲਈ ਤਿਆਰ ਹੈ। ਯਾਦ ਰਹੇ ਕਿ ਦਹਿਸ਼ਤਗਰਦ ਬੁਰਹਾਨ ਵਾਨੀ ਦਾ ਸਬੰਧ ਵੀ ਸਲਾਹੁਦੀਨ ਦੇ ਸੰਗਠਨ ਨਾਲ ਸੀ। ਵਾਨੀ ਦੇ ਮਾਰੇ ਜਾਣ ਤੋਂ ਬਾਅਦ ਵਾਦੀ ਵਿੱਚ ਹਿੰਸਾ ਭੜਕੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਈਅਦ ਸਲਾਹੁਦੀਨ ਨੇ ਆਖਿਆ ਕਿ ਜੇਕਰ ਕੌਮਾਂਤਰੀ ਭਾਈਚਾਰੇ ਨੇ ਕਸ਼ਮੀਰ ਮੁੱਦੇ ਦਾ ਕੋਈ ਹੱਲ ਨਾ ਕੀਤਾ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ।
ਸਲਾਹੁਦੀਨ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ ਆਖਿਆ ਕਿ “ਅੱਲਾ ਦੀ ਮਰਜ਼ੀ ਨਾਲ ਉਹ ਸਭ ਕੁਝ ਸਾਡੇ ਕੋਲ ਹੈ, ਜੋ ਸਾਨੂੰ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਹੁਣ ਹਾਲਤ ਬਦਲ ਚੁੱਕੀ ਹੈ ਕਿਉਂਕਿ ਉੱਪਰ ਵਾਲੇ ਦੀ ਮਰਜ਼ੀ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਮੋਦੀ ਸਰਕਾਰ ਉੱਤੇ ਦੋਸ਼ ਲਾਇਆ ਕਿ ਉਹ ਕਸ਼ਮੀਰੀਆਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਆਖਿਆ ਕਸ਼ਮੀਰੀ ਇਸ ਨਤੀਜੇ ਉੱਤੇ ਪਹੁੰਚ ਗਏ ਹਨ ਕਿ ਹਥਿਆਰਬੰਦ ਜੇਹਾਦ ਤੋਂ ਇਲਾਵਾ ਉਨ੍ਹਾਂ ਕੋਲੋਂ ਕੋਈ ਰਸਤਾ ਨਹੀਂ। ਉਨ੍ਹਾਂ ਆਖਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਚੌਥੀ ਜੰਗ ਤੈਅ ਹੈ। ਉਨ੍ਹਾਂ ਆਖਿਆ ਕਿ ਨਤੀਜੇ ਜੋ ਵੀ ਹੋਣ ਪਰ ਕਸ਼ਮੀਰ ਮੁੱਦੇ ਉੱਤੇ ਕੋਈ ਸਮਝੌਤਾ ਨਹੀਂ ਹੋਵੇਗਾ।

LEAVE A REPLY