3ਨਵੀਂ ਦਿੱਲੀ: ਗਊ ਰੱਖਿਆ ਦੇ ਨਾਮ ਉੱਤੇ ਕੀਤੀ ਜਾ ਰਹੀ ਗੁੰਡਾਗਰਦੀ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਬਿਆਨ ਉੱਤੇ ਕੁਝ ਹਿੰਦੂ ਸੰਗਠਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਵਿੱਚ ਉੱਤਰ ਆਏ ਹਨ। ਅਖਿਲ ਭਾਰਤੀ ਹਿੰਦੂ ਮਹਾਂਸਭਾ ਨੇ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਹਿੰਦੂ ਸੰਗਠਨਾਂ ਦੇ ਨਾਲ-ਨਾਲ ਕਾਂਗਰਸ ਨੇ ਵੀ ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਕਾਂਗਰਸ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲ ਤੋਂ ਮੋਦੀ ਸਰਕਾਰ ਨੇ ਗਾਂ ਦੇ ਨਾਮ ਉੱਤੇ ਦਹਿਸ਼ਤ ਫੈਲਾ ਰੱਖੀ ਹੈ। ਅਖਿਲ ਭਾਰਤੀ ਹਿੰਦੂ ਮਹਾਂਸਭਾ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਨੇ ਬਿਆਨ ਦੇ ਕੇ ਗਊ ਰਾਖਿਆਂ ਦਾ ਅਪਮਾਣ ਕੀਤਾ ਹੈ। ਅਖਿਲ ਭਾਰਤੀ ਹਿੰਦੂ ਮਹਾਂਸਭਾ ਦੇ ਕੌਮੀ ਜਨਰਲ ਸਕੱਤਰ ਮੁੰਨਾ ਕੁਮਾਰ ਨੇ ਗਊ ਰਾਖਿਆਂ ਦਾ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਗਾਂ ਹੱਤਿਆ ਉੱਤੇ ਪੂਰਨ ਪਾਬੰਦੀ ਨਹੀਂ ਲਾ ਸਕੇ ਤਾਂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਦੇ ਲੋਕ ਉਨ੍ਹਾਂ ਨੂੰ ਸਬਕ ਸਿਖਾਉਣਗੇ।
ਬੀਜੇਪੀ ਜਿੱਥੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਬਚਾਅ ਕਰ ਰਹੀ ਹੈ, ਉੱਥੇ ਕਾਂਗਰਸ ਸ਼ਬਦੀ ਹਮਲੇ ਕਰ ਰਹੀ ਹੈ। ਲੋਕਾਂ ਨੂੰ ਸਭ ਤੋਂ ਜ਼ਿਆਦਾ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਹੈ ਪ੍ਰਧਾਨ ਮੰਤਰੀ ਨੇ 70 ਤੋਂ 80 ਫ਼ੀਸਦੀ ਗਊ ਰਾਖਿਆਂ ਨੂੰ ਅਪਰਾਧੀ ਕਿਸ ਤਰੀਕੇ ਨਾਲ ਦੱਸ ਦਿੱਤਾ। ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਗਊ ਰਾਖਿਆਂ ਬਾਰੇ ਦਿੱਤੇ ਬਿਆਨ ਨੂੰ ਆਈ.ਐਸ. ਵੱਲੋਂ ਸਮਰਥਨ ਮਿਲ ਰਿਹਾ ਹੈ। ਆਰ.ਐਸ.ਐਸ. ਦੇ ਭਈਆ ਜੋਸ਼ੀ ਨੇ ਆਖਿਆ ਹੈ ਕਿ ਕੁਝ ਲੋਕ ਇਸ ਮੁੱਦੇ ਉੱਤੇ ਮਾਹੌਲ ਵਿਗੜਨ ਦੀ ਕੋਸ਼ਿਸ਼ ਕਰ ਰਹੇ ਹਨ।

LEAVE A REPLY