8ਇਸਲਾਮਾਬਾਦ :  ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਊਦੀਨ ਨੇ ਕਿਹਾ ਹੈ ਕਿ ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਪ੍ਰਮਾਣੂ ਜੰਗ ਹੋ ਸਕਦੀ ਹੈ।
ਸਲਾਊਦੀਨ ਨੇ ਇਹ ਧਮਕੀ ਕਰਾਚੀ ਵਿਚ ਜਮਾਤ-ਏ-ਇਸਲਾਮੀ ਦੇ ਆਗੂਆਂ ਦੀ ਕਸ਼ਮੀਰ ਮੁੱਦੇ ‘ਤੇ ਹੋਈ ਸਾਂਝੀ ਪ੍ਰੈੱਸ ਕਾਨਫਰੰਸ ‘ਚ ਦਿੱਤੀ। ਉਸਨੇ ਕਿਹਾ ਕਿ ਪਾਕਿਸਤਾਨ ਦਾ ਫਰਜ਼ ਹੈ ਕਿ ਕਸ਼ਮੀਰ ਵਿਚ ਚੱਲ ਰਹੀ ‘ਆਜ਼ਾਦੀ’ ਦੀ ਲੜਾਈ ਨੂੰ ਉਹ ਨੈਤਿਕ ਅਤੇ ਸਿਆਸੀ ਹਮਾਇਤ ਦੇਵੇ। ਜੇ ਪਾਕਿਸਤਾਨ ਆਪਣੀ ਹਮਾਇਤ ਦਿੰਦਾ ਹੈ ਤਾਂ ਦੋਵਾਂ ਤਾਕਤਾਂ ਦਰਮਿਆਨ ਪ੍ਰਮਾਣੂ ਜੰਗ ਹੋਣ ਦੀ ਪੂਰੀ ਸੰਭਾਵਨਾ ਹੈ। ਦੋਵਾਂ ਦੇਸ਼ਾਂ ਦਰਮਿਆਨ ਤਿੰਨ ਲੜਾਈਆਂ ਪਹਿਲਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 2 ਕਸ਼ਮੀਰ ਦੇ ਮੁੱਦੇ ‘ਤੇ ਸਨ।
ਹਿਜ਼ਬੁਲ ਮੁਖੀ ਨੇ ਕਿਹਾ ਹੈ ਮੈਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੌਥੀ ਜੰਗ ਦੀ ਭਵਿੱਖਬਾਣੀ ਵੀ ਕਰ ਸਕਦਾ ਹਾਂ ਕਿਉਂਕਿ ਕਸ਼ਮੀਰੀ ਕਿਸੇ ਵੀ ਹਾਲਤ ਵਿਚ ਸਮਝੌਤਾ ਕਰਨ ਬਾਰੇ ਸੋਚ ਨਹੀਂ ਸਕਦੇ। ਬੇਸ਼ੱਕ ਦੁਨੀਆ ਉਨ੍ਹਾਂ ਨੂੰ ਹਮਾਇਤ ਦੇਵੇ ਜਾਂ ਨਾ ਦੇਵੇ, ਪਾਕਿਸਤਾਨ ਸਾਥ ਦੇਵੇ ਜਾਂ ਨਾ ਦੇਵੇ, ਯੂ. ਐੱਨ. ਆਪਣਾ ਫਰਜ਼ ਨਿਭਾਵੇ ਜਾਂ ਨਾ ਨਿਭਾਵੇ ਪਰ ਕਸ਼ਮੀਰੀ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਲੜਦੇ ਰਹਿਣਗੇ।
ਸਲਾਊਦੀਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ 1998 ਦੇ ਪ੍ਰਮਾਣੂ ਪ੍ਰੀਖਣ ਪਿੱਛੋਂ ਕੋਈ ਵੱਡੀ ਲੜਾਈ ਨਹੀਂ ਹੋਈ। ਜੇ ਕਸ਼ਮੀਰ ਵਿਚ ਚੱਲ ਰਹੀ ਹਿੰਸਾ ‘ਤੇ ਕੌਮਾਂਤਰੀ ਭਾਈਚਾਰੇ ਨੇ ਆਪਣਾ ਧਿਆਨ ਕੇਂਦ੍ਰਿਤ ਨਾ ਕੀਤਾ ਤਾਂ ਦੋਵਾਂ ਪਾਸਿਆਂ ਦੇ ਕਸ਼ਮੀਰੀ ਸਭ ਕੁੱਝ ਆਪਣੇ ਹੱਥ ਲੈਣ ਲਈ ਮਜਬੂਰ ਹੋ ਜਾਣਗੇ।

LEAVE A REPLY